ਲੁਧਿਆਣਾ 'ਚ ਸੱਪ ਦੇ ਡੰਗਣ ਕਾਰਨ ਪਤੀ-ਪਤਨੀ ਦੀ ਮੌਤ, ਪੁੱਤ ਨਾਲ ਕਮਰੇ 'ਚ ਸੌਂ ਰਹੇ ਸਨ ਪਤੀ-ਪਤਨੀ
ਛੱਤ 'ਤੇ ਪਏ ਸਨ 3 ਬੱਚੇ
ਲੁਧਿਆਣਾ ਵਿਚ ਸੱਪ ਦੇ ਡੰਗਣ ਨਾਲ ਪਤੀ-ਪਤਨੀ ਦੀ ਮੌਤ ਹੋ ਗਈ। ਮ੍ਰਿਤਕ ਜੋੜਾ ਪਿੰਡ ਥਰੀਕੇ ਵਿਚ ਇਕ ਡੇਅਰੀ ਵਿਚ ਬੱਚਿਆਂ ਨਾਲ ਰਹਿੰਦਾ ਸੀ। ਬੀਤੀ ਰਾਤ ਇਕ ਸੱਪ ਡੇਅਰੀ ਵਿਚ ਵੜ ਗਿਆ। ਇਥੇ ਕਮਰੇ 'ਚ ਛੋਟੇ ਬੇਟੇ ਨਾਲ ਸੁੱਤੇ ਪਤੀ-ਪਤਨੀ ਨੂੰ ਸੱਪ ਨੇ ਡੰਗ ਲਿਆ। ਸੱਪ ਦੇ ਡੰਗਣ ਤੋਂ ਬਾਅਦ ਔਰਤ ਨੇ ਰੌਲਾ ਪਾਇਆ।
ਇਹ ਵੀ ਪੜ੍ਹੋ: 6 ਸਾਲ ਪਹਿਲਾਂ ਨਿਊਜ਼ੀਲੈਂਡ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ
ਨੇੜੇ ਰਹਿੰਦੇ ਡੇਅਰੀ ਮਾਲਕ ਅਤੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਲੋਕ ਜੋੜੇ ਨੂੰ ਹਸਪਤਾਲ ਲੈ ਗਏ। ਇਲਾਜ ਦੌਰਾਨ ਪਤਾ ਲੱਗਾ ਕਿ ਉਕਤ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਜਦਕਿ ਔਰਤ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੁਸ਼ੀਲ ਪਾਸਵਾਨ (40) ਅਤੇ ਲਲਿਤਾ ਦੇਵੀ (38) ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਪੱਧਰ 'ਤੇ ਚੰਡੀਗੜ੍ਹ ਦਾ ਵੇਟ ਲਿਫਟਰ ਬਣੇਗਾ ਨੈਸ਼ਨਲ ਟੀਮ ਦਾ ਹਿੱਸਾ, ਭਾਰਤੀ ਟੀਮ 'ਚ ਹੋਈ ਚੋਣ
ਜੋੜੇ ਦੇ ਚਾਰ ਬੱਚੇ ਹਨ। ਘਟਨਾ ਦੇ ਸਮੇਂ ਤਿੰਨ ਬੱਚੇ ਛੱਤ 'ਤੇ ਸੌਂ ਰਹੇ ਸਨ ਜਦਕਿ ਇਕ ਬੱਚਾ ਉਨ੍ਹਾਂ ਦੇ ਨਾਲ ਸੁੱਤਾ ਹੋਇਆ ਸੀ। ਪੁਲਿਸ ਥਾਣਾ ਸਦਰ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਅਵਤਾਰ ਸਿੰਘ ਨੇ ਦਸਿਆ ਕਿ ਮ੍ਰਿਤਕ ਬਿਹਾਰ ਦੇ ਵਸਨੀਕ ਹਨ।
ਇਹ ਜੋੜਾ ਆਪਣੇ ਚਾਰ ਬੱਚਿਆਂ (ਉਮਰ 10 ਸਾਲ ਤੋਂ ਢਾਈ ਸਾਲ) ਸਮੇਤ ਡੇਅਰੀ ਵਿਚ ਰਹਿ ਰਿਹਾ ਸੀ ਕਿਉਂਕਿ ਸੁਸ਼ੀਲ ਪਿਛਲੇ ਕਰੀਬ ਦੋ ਸਾਲਾਂ ਤੋਂ ਇਥੇ ਡੇਅਰੀ ਵਿੱਚ ਕੰਮ ਕਰ ਰਿਹਾ ਸੀ। ਏਐਸਆਈ ਨੇ ਦਸਿਆ ਕਿ ਚਾਰੇ ਬੱਚੇ ਸੁਰੱਖਿਅਤ ਹਨ ਅਤੇ ਫਿਲਹਾਲ ਡੇਅਰੀ ਮਾਲਕ ਵਲੋਂ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਜੋੜੇ ਦੇ ਰਿਸ਼ਤੇਦਾਰ ਵੀ ਲੁਧਿਆਣਾ ਵਿਚ ਰਹਿੰਦੇ ਹਨ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਗਈ ਹੈ।