ਹੁਣ ਪੰਜਾਬ ਦੀ ਇਕ ਹੋਰ ਲੜਕੀ ਦੁਬਈ 'ਚ ਫਸੀ
ਉਹ ਅਪਣਾ ਹਾਲ ਸੁਣਾਉਂਦੀ ਕਹਿ ਰਹੀ ਹੈ ਕਿ ਉਸ ਨੂੰ ਦੁਬਈ 'ਚ ਖਾਣਾ ਢੰਗ ਦਾ ਨਹੀਂ ਦਿਤਾ ਜਾਂਦਾ ਪਰ ਕੰਮ ਉਸ ਤੋਂ ਸਾਰਾ ਦਿਨ ਲਿਆ ਜਾਂਦਾ ਹੈ
ਕਪੂਰਥਲਾ (ਕਾਜਲ): ਪੰਜਾਬੀਆਂ ਦੇ ਵਿਦੇਸ਼ਾਂ 'ਚ ਫਸ ਜਾਣ ਦੀਆਂ ਖ਼ਬਰਾਂ ਅਕਸਰ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਰਹਿੰਦੀਆਂ ਹਨ ਤੇ ਉਥੇ ਉਨ੍ਹਾਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਉਨ੍ਹਾਂ ਉਪਰ ਤਰ੍ਹਾਂ-ਤਰ੍ਹਾਂ ਦੇ ਜ਼ੁਲਮ ਕੀਤੇ ਜਾਂਦੇ ਹਨ। ਹੁਣ ਖ਼ਬਰ ਮਿਲ ਰਹੀ ਹੈ ਕਿ ਪੰਜਾਬ ਦੇ ਕਪੂਰਥਲਾ ਦੀ ਲੜਕੀ ਜਿਉਤੀ ਇਸ ਵੇਲੇ ਦੁਬਈ 'ਚ ਵਿਚ ਫਸੀ ਹੋਈ ਹੈ। ਉਸ ਬਾਰੇ ਜਿਉਤੀ ਨੇ ਇਕ ਵੀਡੀਉ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਕੇ ਮਦਦ ਮੰਗੀ ਹੈ। ਜਿਉਤੀ ਨੂੰ ਕਥਿਤ ਤੌਰ 'ਤੇ ਕਪੂਰਥਲਾ ਦੀ ਇਕ ਮਹਿਲਾ ਟ੍ਰੈਵਲ ਏਜੰਟ ਨੇ ਦੁਬਈ ਭੇਜਿਆ ਸੀ।
ਵੀਡੀਉ ਵਿਚ ਉਹ ਬੜੀ ਹੀ ਭਾਵੁਕ ਦਿਖ ਰਹੀ ਹੈ ਤੇ ਉਸ ਦੀਆਂ ਅੱਖਾਂ 'ਚੋਂ ਹੰਝੂ ਚੋ ਰਹੇ ਹਨ। ਉਸ ਵੀਡੀਉ ਵਿਚ ਜਿਉਤੀ ਇਹ ਕਹਿੰਦੀ ਦਿਸਦੀ ਹੈ ਕਿ ਪਲੀਜ਼ ਮੈਨੂੰ ਘਰੇ ਪਹੁੰਚਾ ਦੇਵੋ, ਨਹੀਂ ਤਾਂ ਮੈਂ ਮਰ ਜਾਣੈ ਕੁੱਝ ਖਾ ਕੇ। ਮੈਂ ਦੋ ਲੱਖ ਨਹੀਂ ਦੇ ਸਕਦੀ। ਵੀਡੀਉ 'ਚ ਰੋਂਦਿਆਂ ਜਿਉਤੀ ਨੇ ਅਪੀਲ ਕੀਤੀ ਹੈ ਕਿ ਉਸ ਨੂੰ ਕਿਸੇ ਵੀ ਤਰ੍ਹਾਂ ਭਾਰਤ ਪਹੁੰਚਾਇਆ ਜਾਵੇ ਕਿਉਂਕਿ ਉੱਥੇ ਉਸ ਨਾਲ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ। ਇਸ 1.04 ਮਿੰਟ ਦੀ ਵੀਡੀਉ ਵਿਚ ਜਿਉਤੀ ਨੇ ਕਪੂਰਥਲਾ ਦੀ ਮਹਿਲਾ ਟ੍ਰੈਵਲ ਏਜੰਟ ਸੀਮਾ ਤੇ ਉਸ ਦੇ ਪਤੀ 'ਤੇ ਕਈ ਸੰਗੀਨ ਦੋਸ਼ ਲਾਏ ਹਨ।
ਉਹ ਅਪਣਾ ਹਾਲ ਸੁਣਾਉਂਦੀ ਕਹਿ ਰਹੀ ਹੈ ਕਿ ਉਸ ਨੂੰ ਦੁਬਈ 'ਚ ਖਾਣਾ ਢੰਗ ਦਾ ਨਹੀਂ ਦਿਤਾ ਜਾਂਦਾ ਪਰ ਕੰਮ ਉਸ ਤੋਂ ਸਾਰਾ ਦਿਨ ਲਿਆ ਜਾਂਦਾ ਹੈ। ਉਸ ਨੇ ਤਰਲੇ-ਮਿੰਨਤਾਂ ਕਰ ਕੇ ਵੀਜ਼ਾ ਰੱਦ ਕਰਵਾਇਆ ਸੀ ਪਰ ਹੁਣ ਉਸ ਨੂੰ ਸਰਕਾਰੀ ਦਫ਼ਤਰ ਵਿਚ ਕੈਦ ਕਰ ਕੇ ਰਖਿਆ ਗਿਆ ਹੈ ਤੇ ਉਸ ਤੋਂ ਦੋ ਲੱਖ ਰੁਪਏ ਮੰਗੇ ਜਾ ਰਹੇ ਹਨ। ਉਹ ਪਿਛਲੇ ਚਾਰ ਦਿਨਾਂ ਤੋਂ ਦਫ਼ਤਰ ਵਿਚ ਹੀ ਕੈਦ ਹੈ। ਇਧਰ ਕਪੂਰਥਲਾ 'ਚ ਧੀ ਦੀ ਦਾਸਤਾਨ ਸੁਣਨ ਤੋਂ ਬਾਅਦ ਮਾਂ ਸੁਦੇਸ਼ ਰਾਣੀ ਮੁਹੱਲਾ ਸ਼ੇਰਗੜ੍ਹ ਨੇ ਕਪੂਰਥਲਾ ਦੇ ਐਸਐਸਪੀ ਨੂੰ ਸ਼ਿਕਾਇਤ ਦੇ ਕੇ ਧੀ ਨੂੰ ਵਾਪਸ ਲਿਆਉਣ ਤੇ ਟ੍ਰੈਵਲ ਏਜੰਟਾਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।