ਪੋਸ਼ਣ ਮੁਹਿੰਮ ਤਹਿਤ ਫ਼ਿਰੋਜ਼ਪੁਰ ਦੇ ਕਰੀਬ 625 ਪਿੰਡਾਂ 'ਚ ਕੱਢੀਆਂ ਗਈਆਂ ਜਾਗਰੂਕਤਾ ਰੈਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਨੂੰ ਪੰਜਾਬੀ ਬੋਲੀਆਂ ਰਾਹੀਂ ਕੁਪੋਸ਼ਣ ਅਤੇ ਅਨੀਮੀਆ ਵਰਗੀਆਂ ਖ਼ਤਰਨਾਕ ਸਮੱਸਿਆਵਾਂ ਨਾਲ ਲੜਨ ਲਈ ਕੀਤਾ ਜਾਗਰੂਕ

Awareness rally organized in 625 villages of Ferozepur under nutrition campaign

ਫ਼ਿਰੋਜ਼ਪੁਰ : ਕੁਪੋਸ਼ਣ ਅਤੇ ਅਨੀਮੀਆ ਵਰਗੀਆਂ ਖ਼ਤਰਨਾਕ ਸਮੱਸਿਆਵਾਂ ਦੇ ਖ਼ਾਤਮੇ ਲਈ ਦੇਸ਼ ਭਰ ਵਿਚ ਸ਼ੁਰੂ ਕੀਤੀ ਗਈ ਪੋਸ਼ਣ ਸਕੀਮ ਨੂੰ ਲੋਕ ਲਹਿਰ ਵਿਚ ਬਦਲਣ ਲਈ ਦੇਸ਼ਭਰ ਵਿਚ ਪੋਸ਼ਣ ਮਹੀਨੇ ਦੀ ਸ਼ੁਰੂਆਤ 1 ਸਤੰਬਰ ਤੋਂ ਕੀਤੀ ਗਈ, ਜਿਸ ਤਹਿਤ ਪੂਰਾ ਮਹੀਨੇ ਇਸ ਮੁਹਿੰਮ ਦੌਰਾਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਅਭਿਆਨ ਦੇ ਅੱਜ ਤੀਜੇ ਦਿਨ ਜ਼ਿਲ੍ਹੇ ਦੇ ਲਗਭਗ 625 ਪਿੰਡਾਂ ਵਿਚ ਲੋਕਾਂ ਸੰਤੁਲਿਤ ਆਹਾਰ, ਡਾਇਰੀਆ ਕੰਟਰੋਲ, ਅਨੀਮੀਆ ਅਤੇ ਸੈਨਿਟੇਸ਼ਨ ਆਦਿ ਸਬੰਧੀ ਜਾਗਰੂਕ ਕੀਤਾ ਗਿਆ। 

ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮੰਗਲਵਾਰ ਨੂੰ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਪੋਸ਼ਣ ਮੁਹਿੰਮ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ। ਖ਼ਾਸਕਰ ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਆਂਗਨਵਾੜੀ ਵਰਕਰਾਂ, ਆਸ਼ਾ ਵਰਕਰਾਂ, ਏ.ਐਨ.ਐਮ., ਪਿੰਡ ਦੀਆਂ ਪੰਚਾਇਤਾਂ ਅਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਜਾਗਰੂਕਤਾ ਰੈਲੀਆਂ ਕੀਤੀਆਂ ਗਈਆਂ। ਇਨਾਂ ਰੈਲੀਆਂ ਵਿਚ ਲੋਕਾਂ ਨੂੰ ਰਵਾਇਤੀ ਪੰਜਾਬੀ ਗੀਤਾਂ ਰਾਹੀਂ ਕੁਪੋਸ਼ਣ ਅਤੇ ਅਨੀਮੀਆ ਵਰਗੀਆਂ ਖਤਰਨਾਕ ਸਮੱਸਿਆਵਾਂ ਨਾਲ ਲੜਨ ਲਈ ਜਾਗਰੂਕ ਕੀਤਾ ਗਿਆ। ਇਹ ਰੈਲੀਆਂ ਫਰੰਟ ਲਾਈਨ ਵਰਕਰਾਂ (ਆਸ਼ਾ ਵਰਕਰ, ਏ.ਐਨ.ਐਮ., ਆਂਗਣਵਾੜੀ ਵਰਕਰਾਂ, ਯੂਥ ਕਲੱਬਾਂ) ਦੁਆਰਾ ਹੀ ਆਯੋਜਿਤ ਕੀਤੀਆਂ ਗਈਆਂ, ਜਿਨਾਂ ਵਿਚ ਕੋਈ ਕਲਾਕਾਰ ਆਦਿ ਨਹੀਂ ਵਰਤੇ ਗਏ ਸਨ।

ਕੁਪੋਸ਼ਣ ਦੀ ਸਮੱਸਿਆ ਨੂੰ ਜਾਗੋ ਰਾਹੀਂ ਪੰਜਾਬੀ ਲੋਕ ਗੀਤ/ਬੋਲੀਆਂ ਜਿਵੇਂ ਕਿ "ਆਉਂਦੀ ਕੁੜੀਏ ਜਾਂਦੀ ਕੁੜੀਏ ਚੁੱਕ ਲਿਆ ਬਾਜਾਰ ਵਿਚ ਬੰਦੀ, ਲੋਕਾਂ ਅਸੀਂ ਜਾਗਰੂਕ ਕਰਨਾ ਪੋਸ਼ਣ ਅਭਿਆਨ ਸਬੰਧੀ" ਆਦਿ ਰਾਹੀਂ ਹਮਲਾ ਕੀਤਾ ਗਿਆ, ਜਿਸ ਨੂੰ ਲੋਕਾਂ ਦੁਆਰਾ ਚੰਗੀ ਤਰਾਂ ਸਰਾਹਿਆ ਗਿਆ। ਲੋਕਾਂ ਨੇ ਰਵਾਇਤੀ ਲੋਕ ਗੀਤਾਂ ਰਾਹੀਂ ਸਮਾਜਿਕ ਬੁਰਾਈਆਂ ‘ਤੇ ਹਮਲਾ ਕਰਨ ਦੇ ਵਿਚਾਰ ਦੀ ਖੁੱਲ ਕੇ ਪ੍ਰਸ਼ੰਸਾ ਕੀਤੀ।

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਨਦੀਪ ਸੰਧੂ ਨੇ ਦਸਿਆ ਕਿ ਇਸ ਯੋਜਨਾ ਤਹਿਤ ਗਰਭਵਤੀ ਔਰਤਾਂ, 0 ਤੋਂ 6 ਸਾਲ ਦੇ ਬੱਚਿਆਂ ਅਤੇ ਲੜਕੀਆਂ ਉਪਰ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਵਿਚ ਉਨ੍ਹਾਂ ਦੀ ਖੁਰਾਕ, ਸਿਹਤ, ਟੀਕਾਕਰਨ ਅਤੇ ਸਿੱਖਿਆ ਦਾ ਧਿਆਨ ਰੱਖਿਆ ਜਾਂਦਾ ਹੈ। ਕਿਉਂਕਿ ਇਹ ਲੜਾਈ ਕੁਪੋਸ਼ਣ ਦੇ ਵਿਰੁੱਧ ਹੈ ਇਸ ਲਈ ਗਰਭਵਤੀ ਔਰਤਾਂ ਦੀ ਸਿਹਤ ਦੀ ਸਮੇਂ-ਸਮੇਂ ਜਾਂਚ ਕਰਵਾਈ ਜਾਂਦੀ ਹੈ। ਜਨਮ ਤੋਂ ਹੀ ਕਮਜ਼ੋਰ ਅਤੇ ਘੱਟ ਭਾਰ ਵਾਲੇ ਬੱਚਿਆਂ ਦੀ ਚੰਗੀ ਸਿਹਤ ਲਈ, ਇਸ ਯੋਜਨਾ ਦੇ ਤਹਿਤ ਉਨਾਂ ਦੇ ਇਲਾਜ ਅਤੇ ਖੁਰਾਕ ਸਮੇਤ, ਬਹੁਤ ਸਾਰੀਆਂ ਸਹਾਇਤਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਇਸ ਯੋਜਨਾ ਦਾ ਉਦੇਸ਼ ਦੇਸ਼ ਵਿਚੋਂ ਕੁਪੋਸ਼ਣ ਅਤੇ ਅਨੀਮੀਆ ਵਰਗੀਆਂ ਸਮੱਸਿਆਵਾਂ ਦਾ ਖਾਤਮਾ ਕਰਨਾ ਹੈ, ਇਸ ਲਈ ਸਰਕਾਰ ਨੇ ਹੁਣ ਇਸ ਮੁਹਿੰਮ ਨੂੰ ਇਕ ਲੋਕ ਲਹਿਰ ਬਣਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਦੇ ਤਹਿਤ ਪੋਸ਼ਣ ਮਹੀਨਾ ਸ਼ੁਰੂ ਕੀਤਾ ਗਿਆ ਹੈ। ਮਹੀਨੇ ਭਰ ਵਿਚ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ।

ਇਨਾਂ ਗਤੀਵਿਧੀਆਂ ਤਹਿਤ ਪਿੰਡਾਂ ਵਿੱਚ ਪੰਚਾਇਤਾਂ, ਯੂਥ ਕਲੱਬਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਸੂੰਹ ਚੁਕਾਨਾ, ਰੈਲੀਆਂ ਕਰਨਾ, ਗਰਭਵਤੀ ਅੋਰਤਾਂ ਨਾਲ ਘਰ ਘਰ ਜਾ ਕੇ ਮੁਲਾਕਾਤ ਕਰਨਾ, ਨੁਕੜ ਨਾਟਕਾਂ ਰਾਹੀਂ ਜਾਗਰੂਕ ਕਰਨਾ, ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦੱਸਣਾ, 5 ਸਾਲ ਤੱਕ ਦੇ ਬੱਚੇ ਦੀ ਦੇਖਭਾਲ ਕਰਨਾ, ਸਿਹਤ ਚੈੱਕਅਪ, ਪੋਸਟਰ ਮੁਕਾਬਲੇ, ਸਵੱਛਤਾ ਅਭਿਆਨ ਆਦਿ ਕਰਨਾ ਹੈ।