ਫਗਵਾੜਾ ਦੇ ਬੈਂਕ ’ਚ ਸ਼ਿਖ਼ਰ ਦੁਪਹਿਰੇ ਪਿਆ ਡਾਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੰਦੂਕ ਦੀ ਨੋਕ ’ਤੇ ਸਾਢੇ 7 ਲੁੱਟ ਕੇ ਫ਼ਰਾਰ ਹੋਏ ਲੁਟੇਰੇ

Robbery in PNB Phagwara

ਹੁਸ਼ਿਆਰਪੁਰ: ਫਗਵਾੜਾ ’ਚ ਹੁਸ਼ਿਆਰਪੁਰ ਸੜਕ ’ਤੇ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਪੰਜ ਹਥਿਆਰਬੰਦ ਲੁਟੇਰਿਆਂ ਨੇ ਪੰਜਾਬ ਨੈਸ਼ਨਲ ਬੈਂਕ ਵਿਚ ਸ਼ਿਖ਼ਰ ਦੁਪਹਿਰੇ 12 ਵੱਜ ਕੇ 10 ਮਿੰਟ ’ਤੇ ਡਾਕਾ ਮਾਰ ਦਿੱਤਾ  ਅਤੇ ਸਾਢੇ ਸੱਤ ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ। ਚਸ਼ਮਦੀਦਾਂ ਮੁਤਾਬਕ ਸਾਰੇ ਲੁਟੇਰਿਆਂ ਦੀ ਉਮਰ 24-25 ਸਾਲ ਤੱਕ ਦੀ ਦੱਸੀ ਜਾ ਰਹੀ ਹੈ।

ਦਰਅਸਲ ਜਿਸ ਸਮੇਂ ਇਹ ਡਾਕਾ ਪਿਆ, ਉਸ ਸਮੇਂ ਬੈਂਕ ਦੇ ਮੁੱਖ ਦਰਵਾਜ਼ੇ ’ਤੇ ਤਦ ਕੋਈ ਸੁਰੱਖਿਆ ਗਾਰਡ ਮੌਜੂਦ ਨਹੀਂ ਸੀ। ਲੁਟੇਰੇ ਚਿੱਟੇ ਰੰਗ ਦੀ ਸ਼ੇਵਰਲੇ ਕਾਰ ਵਿਚ ਆਏ ਸਨ, ਜਿਨ੍ਹਾਂ ਨੇ ਆਉਂਦਿਆਂ ਹੀ ਪਹਿਲਾਂ ਬੈਂਕ ਅਧਿਕਾਰੀਆਂ ਤੇ ਹੋਰ ਮੁਲਾਜ਼ਮਾਂ ਨੂੰ ਧਮਕਾਇਆ ਤੇ ਉਨ੍ਹਾਂ ਦੇ ਮੋਬਾਇਲ ਫ਼ੋਨ ਖੋਹ ਲਏ। ਵਾਰਦਾਤ ਨੂੰ ਅੰਜ਼ਾਮ ਦੇਣ ਸਮੇਂ ਸਾਰੇ ਲੁਟੇਰਿਆਂ ਦੇ ਮੂੰਹ ਢਕੇ ਹੋਏ ਸਨ, ਇਸ ਕਰਕੇ ਕਿਸੇ ਦੀ ਪੂਰੀ ਤਰ੍ਹਾਂ ਪਛਾਣ ਨਹੀਂ ਹੋ ਸਕੀ।

ਮਹਿਜ਼ 5-7 ਮਿੰਟਾਂ ਵਿਚ ਹੀ ਉਹ ਵਾਰਦਾਤ ਨੂੰ ਅੰਜ਼ਾਮ ਦੇ ਕੇ ਕਾਰ ਵਿਚ ਫ਼ਰਾਰ ਹੋ ਗਏ। ਬੈਂਕ ਮੈਨੇਜਰ ਮਹਿੰਦਰ ਪਾਲ ਨੇ ਦੱਸਿਆ ਕਿ ਇਹ ਸਭ ਕੁਝ ਇੰਨੀ ਜਲਦੀ ਅਤੇ ਇੰਨਾ ਅਚਾਨਕ ਹੋਇਆ ਕਿ ਕਿਸੇ ਨੂੰ ਕੁਝ ਸਮਝ ਨਹੀਂ ਆਈ। ਮੈਨੇਜਰ ਮੁਤਾਬਕ ਉਨ੍ਹਾਂ ਹਾਲੇ ਕੁਝ ਦਿਨ ਪਹਿਲਾਂ ਹੀ ਉੱਚ ਅਧਿਕਾਰੀਆਂ ਨੂੰ ਸੁਰੱਖਿਆ ਗਾਰਡ ਮੁਹੱਈਆ ਕਰਵਾਉਣ ਲਈ ਇਕ ਬੇਨਤੀ ਪੱਤਰ ਲਿਖਿਆ ਸੀ।  

ਉਧਰ ਕਪੂਰਥਲਾ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਘਟਨਾ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ। ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਦੀਆਂ ਟੀਮਾਂ ਨੂੰ ਸ਼ਹਿਰ ਦੇ ਵੱਖੋ-ਵੱਖਰੇ ਟਿਕਾਣਿਆਂ ’ਤੇ ਤਾਇਨਾਤ ਕੀਤੀਆਂ ਗਈਆਂ ਹਨ, ਇਸ ਤੋਂ ਇਲਾਵਾ ਲੁਟੇਰਿਆਂ ਦੀ ਸ਼ਨਾਖਤ ਲਈ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਵੀ ਖੰਗਾਲ਼ੀ ਜਾ ਰਹੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।