ਟਰੰਪ ਦਾ ਬਿਜਨੈਸ ਪਾਰਟਨਰ ਅਤੇ 17 ਹੋਟਲਾਂ ਦਾ ਮਾਲਿਕ ਭਾਰਤੀ ਕਾਰੋਬਾਰੀ ਚੋਰੀ ਦੇ ਦੋਸ਼ 'ਚ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹਵਾਈ ਅੱਡੇ 'ਤੇ ਸੂਟਕੇਸ ਚੋਰੀ ਕਰਦਾ ਫੜਿਆ

Dinesh Chawla arrested for thefts at Memphis airport

ਮਿਸੀਸਿਪੀ : ਭਾਰਤੀ ਮੂਲ ਦੇ ਇਕ ਹੋਟਲ ਕਾਰੋਬਾਰੀ ਦਿਨੇਸ਼ ਚਾਵਲਾ ਨੂੰ ਹਵਾਈ ਅੱਡੇ ਤੋਂ ਸਾਮਾਨ ਚੋਰੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਚਾਵਲਾ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਹਵਾਈ ਅੱਡੇ ਤੋਂ ਸਾਮਾਨ ਚੋਰੀ ਕੀਤਾ ਹੈ। ਦਿਨੇਸ਼ ਚਾਵਲਾ 'ਚਾਵਲਾ ਹੋਟਲਜ਼' ਦੇ ਸੀਈਓ ਹਨ।

ਦਿਨੇਸ਼ ਚਾਵਲਾ ਇਸ ਤੋਂ ਪਹਿਲਾਂ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਰਵਾਰ ਨਾਲ ਬਿਜਨੈਸ ਪਾਰਟਨਰ ਵੀ ਰਹਿ ਚੁੱਕੇ ਹਨ। ਦਰਅਸਲ ਟਰੰਪ ਦੇ ਪਰਵਾਰ ਨਾਲ ਜੁੜੇ 4 ਹੋਟਲਾਂ ਦੇ ਕਾਰੋਬਾਰ 'ਚ ਦਿਨੇਸ਼ ਚਾਵਲਾ ਉਨ੍ਹਾਂ ਦੇ ਬਿਜਨੈਸ ਪਾਰਟਨਰ ਸਨ। ਇਕ ਅਮਰੀਕੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਦਿਨੇਸ਼ ਚਾਵਲਾ ਨੂੰ ਮੈਮਫਿਸ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ ਇਸ ਹਵਾਈ ਅੱਡੇ 'ਤੇ ਦਿਨੇਸ਼ ਚਾਵਲਾ ਇਕ ਸੂਟਕੇਸ ਨੂੰ ਚੋਰ ਕਰ ਕੇ ਆਪਣੀ ਕਾਰ 'ਚ ਰੱਖਦੇ ਨਜ਼ਰ ਆਏ। ਕਾਰ 'ਚ ਸੂਟਕੇਸ ਰੱਖਣ ਤੋਂ ਬਾਅਦ ਦਿਨੇਸ਼ ਚਾਵਲਾ ਆਪਣੀ ਫ਼ਲਾਈਟ ਫੜਨ ਚਲੇ ਗਏ। ਹਵਾਈ ਅੱਡੇ 'ਤੇ ਵਾਪਸ ਆਉਣ ਤੋਂ ਬਾਅਦ ਜਾਂਚ ਅਧਿਕਾਰੀਆਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਦਿਨੇਸ਼ ਚਾਵਲਾ ਦੀ ਕਾਰ ਦੀ ਤਲਾਸ਼ੀ ਦੌਰਾਨ ਚੋਰੀ ਦਾ ਸੂਟਕੇਸ ਉਨ੍ਹਾਂ ਦੀ ਗੱਡੀ 'ਚੋਂ ਹੀ ਮਿਲਿਆ। ਇਸ ਤੋਂ ਇਲਾਵਾ ਗੱਡੀ ਅੰਦਰੋਂ ਇਕ ਮਹੀਨਾ ਪਹਿਲਾਂ ਚੋਰੀ ਹੋਇਆ ਇਕ ਹੋਰ ਸਾਮਾਨ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਸੂਟਕੇਸ ਨੂੰ ਚਾਵਲਾ ਨੇ ਚੋਰੀ ਕੀਤਾ ਸੀ ਉਸ ਅੰਦਰ ਪਏ ਸਾਮਾਨ ਦੀ ਕੀਮਤ 4000 ਡਾਲਰ ਹੈ। ਪੁਲਿਸ ਮੁਤਾਬਕ ਚਾਵਲਾ ਨੇ ਲੰਮੇ ਸਮੇਂ ਤੋਂ ਚੋਰੀ ਕਰਨ ਦੀ ਗੱਲ ਕਬੂਲੀ ਹੈ। ਹਾਲਾਂਕਿ ਉਨ੍ਹਾਂ ਨੇ ਪਹਿਲਾਂ ਚੋਰੀ ਕੀਤੇ ਸਾਮਾਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਚਾਵਲਾ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਸਾਮਾਨ ਚੋਰੀ ਕਰਨਾ ਗ਼ਲਤ ਹੈ ਅਤੇ ਸਿਰਫ਼ ਮਜੇ ਲਈ ਅਜਿਹਾ ਕਰਦੇ ਹਨ।

ਦਿਨੇਸ਼ ਚਾਵਲਾ ਦੇ ਮਿਸੀਸਿਪੀ 'ਚ 17 ਹੋਟਲ ਹਨ। ਕਲੀਵਲੈਂਡ 'ਚ ਵੀ ਉਨ੍ਹਾਂ ਦਾ ਇਕ ਲਗਜਰੀ ਹੋਟਲ ਬਣ ਰਿਹਾ ਹੈ। ਡੋਨਾਲਡ ਟਰੰਪ ਦੇ ਛੋਟੇ ਭਰਾ ਡੋਨਾਲਡ ਟਰੰਪ ਜੂਨੀਅਰ ਫ਼ਰਵਰੀ 'ਚ ਉਨ੍ਹਾਂ ਨਾਲ ਕਾਰੋਬਾਰ ਤੋਂ ਵੱਖ ਹੋ ਗਏ ਸਨ। ਟਰੰਪ ਅਤੇ ਚਾਵਲਾ ਸਾਲ 1988 ਤੋਂ ਇਕ-ਦੂਜੇ ਨੂੰ ਜਾਣਦੇ ਹਨ। ਉਸ ਸਮੇਂ ਦਿਨੇਸ਼ ਚਾਵਲਾ ਦੇ ਪਿਤਾ ਵੀ.ਕੇ. ਚਾਵਲਾ ਨੇ ਡੋਨਾਲਡ ਟਰੰਪ ਸੀਨੀਅਰ ਨਾਲ ਗ੍ਰੀਨਵੁਡ 'ਚ ਇਕ ਹੋਟਲ ਖੋਲ੍ਹਣ ਲਈ ਮਦਦ ਮੰਗੀ ਸੀ। ਇਸ ਤੋਂ ਬਾਅਦ ਟਰੰਪ ਨੇ ਵੀ.ਕੇ. ਚਾਵਲਾ ਦੇ ਵੱਡੇ ਬੇਟੇ ਦਿਨੇਸ਼ ਚਾਵਲਾ ਨੂੰ ਸਲਾਹ ਦਿੱਤੀ ਸੀ ਕਿ ਉਨ੍ਹਾਂ ਨੂੰ ਮਾਈਨੋਰਿਟੀ ਸਮਾਲ ਬਿਜਨੈਸ ਐਡਮਿਨਿਸਟ੍ਰੇਸ਼ਨ ਲੋਨ ਲਈ ਅਪਲਾਈ ਕਰਨਾ ਚਾਹੀਦਾ ਹੈ। ਜਦੋਂ ਦਿਨੇਸ਼ ਚਾਵਲਾ ਨੇ ਇਸ ਲਈ ਅਪਲਾਈ ਕੀਤਾ ਤਾਂ ਉਨ੍ਹਾਂ ਨੂੰ ਲੋਨ ਮਿਲ ਗਿਆ ਸੀ।