ਵਿਜੀਲੈਂਸ ਨੇ ਰਿਸ਼ਵਤ ਲੈਂਦੇ ਦੋ ਕਾਨੂੰਗੋ ਕੀਤੇ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਦੀ ਵਿਜੀਲੈਂਸ ਬਿਊਰੋ ਵੱਲੋਂ ਅੱਜ ਵੱਖ-ਵੱਖ ਕੇਸਾਂ ਵਿੱਚ ਰਿਸ਼ਵਤ ਲੈਂਦੇ ਦੋ ਕਾਨੂੰਗੋ ਰੰਗੇ ਹੱਥੀਂ ਕਾਬੂ ਕਰ ਲਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ...

Bribe

ਚੰਡੀਗੜ੍ਹ : ਸੂਬੇ ਦੀ ਵਿਜੀਲੈਂਸ ਬਿਊਰੋ ਵੱਲੋਂ ਅੱਜ ਵੱਖ-ਵੱਖ ਕੇਸਾਂ ਵਿੱਚ ਰਿਸ਼ਵਤ ਲੈਂਦੇ ਦੋ ਕਾਨੂੰਗੋ ਰੰਗੇ ਹੱਥੀਂ ਕਾਬੂ ਕਰ ਲਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਫਤਹਿਗੜ੍ਹ ਸਾਹਿਬ ਵਿੱਚ ਤਾਇਨਾਤ ਨਾਇਬ ਸਦਰ ਕਾਨੂੰਗੋ ਬਲਬੀਰ ਸਿੰਘ ਨੂੰ ਪਿੰਡ ਟੰਗੋਰੀ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਸ਼ਿਕਾਇਤ ਕਰਤਾ ਬਲਵਿੰਦਰ ਸਿੰਘ ਤੋਂ 6,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।

ਸ਼ਿਕਾਇਤ ਕਰਤਾ ਨੇ ਵਿਜੀਲੈਂਸ ਤੱਕ ਪਹੁੰਚ ਕੀਤੀ ਗਈ ਸੀ ਅਤੇ ਉਕਤ ਦੋਸੀ 'ਤੇ ਦੋਸ਼ ਲਗਾਏ ਸਨ ਕਿ ਉਹ(ਉਕਤ ਕਾਨੂੰਗੋ) ਰਿਕਾਰਡ ਦੀ  ਕਾਪੀ ਜੋ ਪਹਿਲਾਂ ਹੀ ਅਦਾਲਤ ਵਿੱਚ ਜਮ੍ਹਾ ਕਰਵਾਈ ਜਾ ਚੁੱਕੀ ਹੈ, ਨੂੰ ਮੁਹੱਈਆ ਕਰਵਾਉਣ ਦੇ ਬਦਲੇ 6,000 ਰੁਪਏ ਦੀ ਮੰਗ ਕਰ ਰਿਹਾ ਹੈ। ਸ਼ਿਕਾਇਤ ਕਰਤਾ ਦੀ ਜਾਣਕਾਰੀ ਨੂੰ ਪੜਚੋਲਣ ਤੋਂ ਬਾਅਦ ਵਿਜੀਲੈਂਸ ਨੇ ਇੱਕ ਜਾਲ ਵਿਛਾਇਆ ਅਤੇ ਦੋ ਗਵਾਹਾਂ ਦੀ ਹਾਜ਼ਰੀ ਵਿੱਚ ਬਲਵਿੰਦਰ ਸਿੰਘ ਤੋਂ 6,000 ਰੁਪਏ ਰਿਸ਼ਵਤ ਲੈਂਦੇ ਹੋਏ ਉਕਤ ਦੋਸ਼ੀ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ। 

ਇੱਕ ਹੋਰ ਮਾਮਲੇ ਵਿੱਚ ਸ਼ਾਹਕੋਟ, ਜਲੰਧਰ ਵਿੱਚ ਤਾਇਨਾਤ ਕਾਨੂੰਗੋ ਸਰੂਪ ਸਿੰਘ ਨੂੰ ਸ਼ਿਕਾਇਤ ਕਰਤਾ ਵਰਿੰਦਰ ਸਿੰਘ ਵਾਸੀ ਪਿੰਡ ਖ਼ਾਨਪੁਰ ਰਾਜਪੂਤਾਂ ਜ਼ਿਲ੍ਹਾ ਜਲੰਧਰ ਤੋਂ 10,000 ਰੁਪਏ ਰਿਸ਼ਵਤ ਲੈਂਦਿਆਂ ਗਿਰਫਤਾਰ ਕੀਤਾ ਗਿਆ। ਸ਼ਿਕਾਇਤ ਕਰਤਾ ਨੇ ਵਿਜੀਲੈਂਸ ਨੂੰ ਦੱਸਿਆ ਕਿ ਤਹਿਸੀਲਦਾਰ ਦੀ ਅਦਾਲਤ ਵਿੱਚ ਚੱਲ ਰਹੇ ਉਸਦੀ ਖੇਤੀ ਯੋਗ ਜ਼ਮੀਨ ਦੀ ਵੰਡ ਨਾਲ ਸਬੰਧਤ ਮਾਮਲੇ ਵਿੱਚ ਆਪਣੀ ਰਿਪੋਰਟ ਪੇਸ਼ ਕਰਨ ਦੇ ਇਵਜ਼ ਵਿੱਚ ਉਕਤ ਉਸ ਤੋਂ (ਵਰਿੰਦਰ ਸਿੰਘ ਤੋਂ) 10,000 ਰੁਪਏ ਦੀ ਮੰਗ ਕਰ ਰਿਹਾ ਸੀ।
 

ਤੱਥਾਂ ਨੂੰ ਪੜਤਾਲਣ ਤੋਂ ਬਾਅਦ ਵਿਜੀਲੈਂਸ ਟੀਮ ਵੱਲੋਂ ਉਕਤ ਦੋਸ਼ੀ ਨੂੰ ਦੋ ਗਵਾਹਾਂ ਦੀ ਹਾਜ਼ਰੀ ਵਿੱਚ ਮੌਕੇ 'ਤੇ ਹੀ ਗਿਰਫਤਾਰ ਕਰ ਲਿਆ  ਗਿਆ। ਬੁਲਾਰੇ ਨੇ ਦੱਸਿਆ ਦੋਵੇਂ ਦੋਸ਼ੀਆਂ 'ਤੇ ਪੀ.ਸੀ. ਐਕਟ(ਭ੍ਰਿਸ਼ਟਾਚਾਰ ਰੋਕੂ ਕਾਨੂੰਨ) ਤਹਿਤ  ਕ੍ਰਮਵਾਰ ਵੀ.ਬੀ ਪੁਲਿਸ ਥਾਣਾ ਪਟਿਆਲਾ ਤੇ ਜਲੰਧਰ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।