ਬੇਹੱਦ ਸ਼ੱਕੀ ਹੈ ਕਿਸਾਨਾਂ ਤੋਂ ਪਹਿਲਾਂ ਕੈਪਟਨ ਤੇ ਅਮਿਤ ਸ਼ਾਹ ਦੀ ਮੀਟਿੰਗ : ਮੀਤ ਹੇਅਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੀਅਤ ਸਾਫ਼ ਹੁੰਦੀ ਤਾਂ ਇਕੱਲੇ ਮਿਲਣ ਦੀ ਥਾਂ ਦੂਸਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਨਾਲ ਲੈ ਕੇ ਦਬਾਅ ਬਣਾਉਂਦੇ ਕੈਪਟਨ ਅਮਰਿੰਦਰ ਸਿੰਘ

Gurmeet Singh-Captain Amarinder Singh

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਸਾਨਾਂ ਨਾਲ ਕੇਂਦਰ ਸਰਕਾਰ ਦੀ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚਕਾਰ ਹੋਈ ਮੀਟਿੰਗ ਨੂੰ ਬੇਹੱਦ ਸ਼ੱਕੀ ਕਰਾਰ ਦਿੰਦੇ ਹੋਏ ਕਈ ਸਵਾਲ ਖੜੇ ਕੀਤੇ ਹਨ।

ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਹੋਂਦ ਲਈ ਖ਼ਤਰਾ ਬਣੇ ਖੇਤੀ ਬਾਰੇ ਥੋਪੇ ਗਏ ਕਾਲੇ ਕਾਨੂੰਨਾਂ ਵਿਰੁੱਧ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਆਰ-ਪਾਰ ਦੀ ਲੜਾਈ ਲੜ ਰਹੇ ਹਨ ਅਤੇ ਮੁੱਖ ਮੰਤਰੀ ਆਪਣੇ ਸ਼ਾਹੀ ਫਾਰਮ ਹਾਊਸ 'ਚ ਤਮਾਸ਼ਬੀਨ ਬਣੇ ਬੈਠੇ ਰਹੇ। ਅੱਜ ਜਦੋਂ ਕੇਂਦਰ ਸਰਕਾਰ ਦੀ ਕਿਸਾਨਾਂ ਨਾਲ ਫ਼ੈਸਲਾਕੁਨ ਮੀਟਿੰਗ ਹੋਣੀ ਸੀ ਤਾਂ ਅਚਾਨਕ ਕੇਂਦਰੀ ਗ੍ਰਹਿ ਮੰਤਰੀ ਨਾਲ 2 ਘੰਟੇ ਪਹਿਲਾਂ ਮੀਟਿੰਗ ਕਰਨ ਕਿਵੇਂ ਬੈਠ ਗਏ?

ਆਗੂ ਨੇ ਕਿਹਾ ਕਿ ਮੀਟਿੰਗ ਬਾਰੇ ਪ੍ਰਤੀਕਿਰਿਆ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਐਨਾ ਵੀ ਸਪਸ਼ਟ ਨਹੀਂ ਕੀਤਾ ਕਿ ਖੇਤੀ ਕਾਨੂੰਨ ਵਾਪਸ ਲੈਣ ਦਾ ਦਬਾਅ ਬਣਾਇਆ ਜਾ ਨਹੀਂ? ਇਸ ਸੰਬੰਧੀ ਕੈਪਟਨ ਦਾ ਸਿਰਫ਼ ਮੁੜ ਵਿਚਾਰ ਕਰਨਾ ਅਤੇ ਕਿਸਾਨਾਂ ਦਾ ਮਾਮਲਾ ਛੇਤੀ ਹੱਲ ਕਰਨ ਲਈ ਕਹਿਣਾ ਨਾ-ਕਾਫੀ ਅਤੇ ਬੇਹੱਦ ਕਮਜ਼ੋਰ ਪੱਖ ਹੈ।  ਕੈਪਟਨ ਦੀ ਇਸ ਮਾਮੂਲੀ ਅਤੇ ਢਿੱਲੀ ਟਿੱਪਣੀ ਨੇ ਇਸ ਸ਼ੱਕ ਨੂੰ ਹੋਰ ਪੁਖ਼ਤਾ ਕਰ ਦਿੱਤਾ ਕਿ ਮੋਦੀ-ਅਮਿਤ ਸ਼ਾਹ ਨਾਲ ਮਿਲ ਕੇ ਇੱਕਜੁੱਟ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਅਤੇ ਤੋੜਨ ਦੀਆਂ ਸਾਜ਼ਿਸ਼ਾਂ ਘੜ ਰਹੇ ਹਨ। 

ਕੈਪਟਨ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਸਬੰਧੀ ਆਪਣਾ ਸਟੈਂਡ ਸਪਸ਼ਟ ਕਰਨ ਦੀ ਬਜਾਏ ਕੈਪਟਨ ਵੱਲੋਂ ਪੰਜਾਬ ਨੂੰ ਸਰਹੱਦੀ ਸੂਬਾ ਕਹਿਕੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੱਤੇ ਜਾਣ ਉੱਤੇ ਮੀਤ ਹੇਅਰ ਨੇ ਗਹਿਰੀ ਚਿੰਤਾ ਪ੍ਰਗਟਾਈ ਕਿ ਸਰਕਾਰ ਪੂਰੇ ਦੇਸ਼ ਦੇ ਕਿਸਾਨਾਂ ਦੇ ਅੰਦੋਲਨ ਨੂੰ ਕੇਵਲ ਪੰਜਾਬ ਤੇ ਪੰਜਾਬੀ ਕਿਸਾਨਾਂ ਤੱਕ ਸੀਮਤ ਕਰਕੇ ਕਿਉਂ ਪੇਸ਼ ਕਰ ਰਹੇ ਹਨ? ਉਨ੍ਹਾਂ ਨੇ ਕੈਪਟਨ ਉੱਤੇ ਦੋਸ਼ ਲਗਾਇਆ ਕਿ ਅਸਲ ਵਿਚ ਮੁੱਖ ਮੰਤਰੀ ਅਮਰਿੰਦਰ ਮੋਦੀ ਤੇ ਸ਼ਾਹ ਨਾਲ ਮਿਲ ਕੇ ਕਿਸਾਨ ਅੰਦੋਲਨ ਨੂੰ ਫ਼ੇਲ੍ਹ ਕਰਨ ਦੀ ਖਿਚੜੀ ਪਕਾ ਰਹੇ ਹਨ।

ਮੀਤ ਹੇਅਰ ਨੇ ਕਿਹਾ ਕਿ ਖੇਤੀ ਪ੍ਰਧਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਨੂੰ ਚਾਹੀਦਾ ਸੀ ਕਿ ਉਹ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਦਾ ਅਤੇ ਕੇਂਦਰ ਸਰਕਾਰ ਉੱਤੇ ਸਾਂਝਾ ਦਬਾਅ ਬਣਾਉਂਦੇ। ਜਦੋਂ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਰੇ ਗੈਰ ਭਾਜਪਾਈ ਮੁਖੀਆਂ ਨੂੰ ਇਸ ਸਬੰਧੀ ਅਪੀਲ ਕਰ ਚੁੱਕੇ ਹਨ।

ਇਕੱਲਿਆਂ ਕੀਤੀ ਅਚਾਨਕ ਮੀਟਿੰਗ ਬਾਰੇ ਮੀਤ ਹੇਅਰ ਨੇ ਕਿਹਾ ਕਿ ਅੰਨ੍ਹੇ ਭ੍ਰਿਸ਼ਟਾਚਾਰ ਅਤੇ ਈਡੀ ਆਦਿ ਕੇਸਾਂ ਨੇ ਕੈਪਟਨ ਨੂੰ ਬੇਹੱਦ ਕਮਜ਼ੋਰ ਮੁੱਖ ਮੰਤਰੀ ਬਣਾ ਦਿੱਤਾ। ਇਨ੍ਹਾਂ ਕਮਜ਼ੋਰੀਆਂ ਕਾਰਨ ਕੈਪਟਨ ਨੂੰ ਮੋਦੀ ਸਰਕਾਰ ਆਪਣੇ ਇਸ਼ਾਰਿਆਂ 'ਤੇ ਨਚਾ  ਰਹੀ ਹੈ। ਇਹ ਵੀ ਹੋ ਸਕਦਾ ਹੈ ਕਿ ਅਮਿਤ ਸ਼ਾਹ ਨੇ ਕੈਪਟਨ ਨੂੰ ਈਡੀ ਦੇ ਕੇਸਾਂ ਦਾ ਦਬਕਾ ਮਾਰ ਕੇ ਕਿਸਾਨੀ ਅੰਦੋਲਨ ਨੂੰ ਫ਼ੇਲ੍ਹ ਕਰਨ ਦੇ ਨਵੇਂ ਦਿਸ਼ਾ-ਨਿਰਦੇਸ਼ ਦਿੱਤੇ ਹੋਣ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਨੇ ਇਕੱਲਿਆਂ ਹੀ ਅਮਿਤ ਸ਼ਾਹ ਨਾਲ ਮੀਟਿੰਗ ਕਰਨੀ ਸੀ ਤਾਂ ਇਹ ਮੀਟਿੰਗ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ।