ਜੀਵਨ ਦੇ ਇਸ ਪੜਾਅ 'ਤੇ ਪੰਜਾਬ ਨਾਲ ਸੌੜੀ ਰਾਜਨੀਤੀ ਕਰਨ ਤੋਂ ਗੁਰੇਜ਼ ਕਰਨ ਪ੍ਰਕਾਸ਼ ਸਿੰਘ: ਸਿੰਗਲਾ
ਭਾਜਪਾ ਦੇ ਸਾਥ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਿੱਲੀ ਨਗਰ ਨਿਗਮ ਵਿਚ ਮਾਣ ਰਹੇ ਨੇ ਵੱਖ ਵੱਖ ਅਹੁਦੇ
ਚੰਡੀਗੜ: ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਅੱਜ ਕਿਸਾਨੀ ਸੰਘਰਸ਼ ਵਿੱਚੋਂ ਸਿਆਸੀ ਲਾਹਾ ਖੱਟਣ ਦੀ ਕਸ਼ਿਸ਼ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਦਿਆਂ ਪ੍ਰਕਾਸ਼ ਸਿੰਘ ਬਾਦਲ ਦੇ ਪਦਮ ਵਿਭੂਸ਼ਣ ਵਾਪਸ ਕਰਨ ਦੇ ਢੰਗ ਨੂੰ ਮੌਕਾਪ੍ਰਸਤ ਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ।
ਕੈਬਨਿਟ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੇ ਸਰਪ੍ਰਸਤ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਦੇਸ਼ ਦੇ ਉੱਚਤਮ ਪੁਰਸਕਾਰਾਂ ’ਚੋਂ ਇੱਕ ‘ਪਦਮ ਵਿਭੂਸ਼ਨ’ ਆਪਣੀ ਮਰਜ਼ੀ ਜਾਂ ਨੈਤਿਕਤਾ ਦੇ ਅਧਾਰ ’ਤੇ ਨਹੀਂ ਸਗੋਂ ਪੰਜਾਬ ਵਿੱਚ ਆਪਣੇ ਖੁਸਦੇ ਜਾ ਰਹੇ ਸਿਆਸੀ ਪਿੜ ਨੂੰ ਬਚਾਉਣ ਦੀ ਮਜਬੂਰੀ ਵਿੱਚ ਵਾਪਸ ਕੀਤਾ ਹੈ। ਉਹਨਾਂ ਕਿਹਾ ਕਿ ਪਹਿਲਾਂ ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲਾਂ ਦੀ ਹਮਾਇਤ ਕਰਨ ਵਾਲੇ ਬਾਦਲਾਂ ਨੇ ਹੁਣ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਲੋਕਾਂ ਦਾ ਰੋਹ ਦੇਖਦਿਆਂ ਹੀ ਇਹ ਪਲਟੀ ਮਾਰੀ ਹੈ।
ਤਿੱਖੇ ਲਫਜ਼ਾਂ ਵਿੱਚ ਟਵੀਟ ਕਰਦਿਆਂ ਸਿੰਗਲਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਮੌਕਾਪ੍ਰਸਤੀ ਦੀ ਹੱਦ ਪਾਰ ਕਰ ਲਈ ਹੈ ਜਦਕਿ ਭਾਜਪਾ ਦੀ ਅਗਵਾਈ ਵਾਲੇ ਦਿੱਲੀ ਨਗਰ ਨਿਗਮ ਵਿੱਚ ਵੱਖ ਵੱਖ ਅਹੁਦੇ ਮਾਣ ਰਹੇ ਅਕਾਲੀ ਆਗੂਆਂ ਵਲੋਂ ਅਸਤੀਫ਼ਾ ਦੇਣਾ ਹਾਲੇ ਬਾਕੀ ਹੈ। ਉਹਨਾਂ ਕਿਹਾ ਕਿ ਇੰਨੇ ਮਹੀਨਿਆਂ ਬਾਅਦ ਪਦਮ ਵਿਭੂਸ਼ਣ ਵਾਪਸ ਕਰਨ ਨਾਲ ਕੋਈ ਫ਼ਰਕ ਨਹੀਂ ਪੈਣ ਵਾਲਾ ਕਿਉਂ ਜੋ ਤੁਹਾਡੀ ਪਾਰਟੀ ਦਾ ਦੋਗਲਾਪਣ ਹੁਣ ਜੱਗ ਜ਼ਾਹਰ ਹੋ ਚੁੱਕਾ ਹੈ।
ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਇਹਨਾਂ ਮਾਰੂ ਬਿੱਲਾਂ ਨੂੰ ਆਰਡੀਨੈਂਸ ਵਜੋਂ ਪੇਸ਼ ਕਰਨ ਸਮੇਂ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ, ਨੂੰਹ ਹਰਸਿਮਰਤ ਕੌਰ ਬਾਦਲ ਅਤੇ ਹੋਰ ਅਕਾਲੀ ਨੇਤਾਵਾਂ ਨੇ ਨਾ ਸਿਰਫ ਖੁੱਲੇਆਮ ਇਹਨਾਂ ਕਿਸਾਨ ਵਿਰੋਧੀ ਬਿੱਲਾਂ ਦਾ ਸਮਰਥਨ ਕੀਤਾ ਸੀ ਬਲਕਿ ਉਹਨਾਂ ਨੇਤਾਵਾਂ ਦੀ ਮੁਖ਼ਾਲਫਤ ਵੀ ਕੀਤੀ ਸੀ ਜੋ ਇਹਨਾਂ ਬਿੱਲਾਂ ਦਾ ਵਿਰੋਧ ਕਰ ਰਹੇ ਸਨ।
ਉਹਨਾਂ ਅੱਗੇ ਕਿਹਾ ਕਿ ਇਹ ਉਹ ਸਮਾਂ ਸੀ ਜਦੋਂ ਇਹਨਾਂ ਕਾਲੇ ਬਿੱਲਾਂ ਵਿਰੁੱਧ ਉਹਨਾਂ (ਅਕਾਲੀ ਦਲ) ਦਾ ਵਿਰੋਧ ਰਾਜਨੀਤਿਕ ਮੋਰਚੇ ‘ਤੇ ਲੋੜੀਂਦਾ ਸੀ ਪਰ ਉਦੋਂ ਅਕਾਲੀ ਆਗੂ ਸੱਤਾ ਦਾ ਅਨੰਦ ਲੈਣ ਵਿਚ ਮਸ਼ਰੂਫ਼ ਸਨ। ਉਹਨਾਂ ਕਿਹਾ ਕਿ ਹੁਣ ਜਦੋਂ ਕਿਸਾਨੀ ਸੰਘਰਸ਼ ਨੇ ਮੋਦੀ ਸਰਕਾਰ ਨੂੰ ਗੋਡਿਆਂ ਭਾਰ ਲਿਆਂਦਾ ਹੈ ਤਾਂ ਬਾਦਲ ਅਤੇ ਢੀਂਡਸਾ ਪਰਿਵਾਰ ਮਗਰਮੱਛ ਦੇ ਹੰਝੂ ਵਹਾ ਕੇ ਸਿਆਸੀ ਮੁਫਾਦ ਸਿੱਧੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਮੋਦੀ ਸਰਕਾਰ ਨਾਲ ਘਿਉ-ਖਿਚੜੀ ਹੈ, ਕਿਉਂਕਿ ਉਹਨਾਂ ਦੇ ਨੇਤਾ ਦਿੱਲੀ ਨਗਰ ਨਿਗਮ ਵਿੱਚ ਕੌਂਸਲਰ ਵਜੋਂ ਰਾਜਨੀਤਿਕ ਸੱਤਾ ਦਾ ਆਨੰਦ ਲੈ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਜ਼ਿੰਦਗੀ ਦੇ ਇਸ ਮੋੜ ‘ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਅੰਨਦਾਤਾ’ ਨਾਲ ਸੌੜੀ ਰਾਜਨੀਤੀ ਖੇਡਣੀ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਆਪਣੀ ਪਾਰਟੀ ਦੇ ਹੋਰ ਨੇਤਾਵਾਂ ਨੂੰ ਅਜਿਹਾ ਨਾ ਕਰਨ ਤੋਂ ਵਰਜਣਾ ਚਾਹੀਦਾ ਹੈ।
ਸੁਖਦੇਵ ਸਿੰਘ ਢੀਂਡਸਾ ਵਲੋਂ ਪਦਮ ਭੂਸ਼ਣ ਵਾਪਸ ਕਰਨ ਦੇ ਮੁੱਦੇ ‘ਤੇ ਬੋਲਦਿਆਂ ਸਿੰਗਲਾ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਪੰਜਾਬ ਵਿਚ ਬੀਜੇਪੀ ਦੀ ਬੀ-ਟੀਮ ਤਿਆਰ ਕਰਨ ਲਈ ਹੀ ਢੀਂਡਸਾ ਪਰਿਵਾਰ ਬਾਦਲਾਂ ਤੋਂ ਵੱਖ ਹੋਇਆ ਸੀ ਅਤੇ ਹੁਣ ਉਹ ਅਜਿਹੀਆਂ ਰਾਜਨੀਤਿਕ ਚਾਲਾਂ ਰਾਹੀਂ ਆਪਣੇ ਆਪ ਨੂੰ ਕਿਸਾਨ ਪੱਖੀ ਅਤੇ ਪੰਜਾਬੀ ਪੱਖੀ-ਪੱਖੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਸਿੰਗਲਾ ਨੇ ਕਿਹਾ ਕਿ ਇਹਨਾਂ ਬਿੱਲਾਂ ਦੀ ਖੁੱਲ ਕੇ ਹਮਾਇਤ ਕਰਨ ਵਾਲੇ ਬਾਦਲਾਂ ਅਤੇ ਅਕਾਲੀ ਦਲ ਦੇ ਹੋਰ ਨੇਤਾਵਾਂ ਦੇ ਵਿਡੀਓਜ਼ ਅਤੇ ਖ਼ਬਰਾਂ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀਆਂ ਹਨ ਅਤੇ ਰਾਜਨੀਤਕ ਮੰਚ ਤੋਂ ਰਾਜਨੀਤਿਕ ਸਟੰਟ ਖੇਡਣ ਦੀ ਬਜਾਏ ਕਿਸਾਨਾਂ ਦੀ ਪਿੱਠ ’ਚ ਛੁਰਾ ਮਾਰਨ ਲਈ ਉਹਨਾਂ ਨੂੰ ਬਿਨਾਂ ਸ਼ਰਤ ਮੁਆਫੀ ਮੰਗਣੀ ਚਾਹੀਦੀ ਹੈ।