ਗੁਰਦਾਸਪੁਰ ਦੇ ਨਵੇਂ ਚੁਣੇ ਸਰਪੰਚ ‘ਤੇ ਹਮਲਾ, 6 ਦੇ ਵਿਰੁਧ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਗੁਰਦਾਸਪੁਰ ਵਿਚ ਪੰਚਾਇਤ ਚੋਣਾਂ ਵਿਚ ਵੋਟਾਂ ਦੇ ਝਗੜੇ ਨੂੰ ਲੈ ਕੇ ਇਕ ਨਵੇਂ ਚੁਣੇ ਸਰਪੰਚ ਨੂੰ ਉਸ ਦੇ...

Attack on newly elected sarpanch of Gurdaspur

ਗੁਰਦਾਸਪੁਰ : ਪੰਜਾਬ ਦੇ ਗੁਰਦਾਸਪੁਰ ਵਿਚ ਪੰਚਾਇਤ ਚੋਣਾਂ ਵਿਚ ਵੋਟਾਂ ਦੇ ਝਗੜੇ ਨੂੰ ਲੈ ਕੇ ਇਕ ਨਵੇਂ ਚੁਣੇ ਸਰਪੰਚ ਨੂੰ ਉਸ ਦੇ ਘਰ ਆ ਕੇ ਜ਼ਖ਼ਮੀ ਕਰਨ ਵਾਲੇ 6 ਲੋਕਾਂ ਦੇ ਵਿਰੁਧ ਥਾਣਾ ਦੀਨਾਨਗਰ ਵਿਚ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਕਰ ਰਹੇ ਏਐਸਆਈ ਵਰਿੰਦਰ ਪਾਲ ਨੇ ਦੱਸਿਆ ਕਿ ਕਰਨ ਸਿੰਘ ਪੁੱਤਰ ਗਿਰਧਾਰੀ ਲਾਲ ਨਿਵਾਸੀ ਮੀਰਪੁਰ ਨੇ ਸ਼ਿਕਾਇਤ ਦਰਜ ਕਰਵਾਈ ਹੈ।

ਜਿਸ ਵਿਚ ਉਸ ਨੇ ਦੱਸਿਆ ਕਿ 2 ਜਨਵਰੀ ਨੂੰ ਉਹ ਅਪਣੇ ਸਰਪੰਚ ਬਣਨ ਦੀ ਖੁਸ਼ੀ ਵਿਚ ਘਰ ਵਿਚ ਪਿੰਡ ਨਿਵਾਸੀਆਂ ਨੂੰ ਸੱਦ ਕੇ ਪਾਰਟੀ ਦੇ ਰਿਹਾ ਸੀ। ਪਾਰਟੀ ਖ਼ਤਮ ਹੋਣ ਤੋਂ ਬਾਅਦ ਉਹ ਕਰੀਬ 8:30 ਵਜੇ ਅਪਣੇ ਘਰ ਦੇ ਕਮਰੇ ਵਿਚ ਆਰਾਮ ਕਰ ਰਿਹਾ ਸੀ। ਉਸੇ ਦੌਰਾਨ ਦੋਸ਼ੀਆਂ ਨੇ ਉਸ ਦੇ ਘਰ ਅੰਦਰ ਵੜ ਕੇ ਦਰਵਾਜੇ, ਬਾਰੀਆਂ ਨੂੰ ਤੋੜ ਦਿਤਾ ਅਤੇ ਉਸ ਉਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿਤਾ।

ਦੋਸ਼ੀ ਉਸ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਫ਼ਰਾਰ ਹੋ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਰਨ ਸਿੰਘ ਦੇ ਬਿਆਨ ਉਤੇ ਦੋਸ਼ੀ ਰਜਿੰਦਰ ਸਿੰਘ ਪੁੱਤਰ ਕਰਨੈਲ ਸਿੰਘ, ਰਾਜਨ ਪੁੱਤਰ ਸ਼ਕਤੀ, ਸ਼ਕਤੀ ਪੁੱਤਰ ਕਰਨੈਲ ਸਿੰਘ, ਰਜਿੰਦਰ ਸਿੰਘ ਪੁੱਤਰ ਸ਼ਕਤੀ ਸਾਰੇ ਨਿਵਾਸੀ ਪਿੰਡ ਮੀਰਪੁਰ, ਕਪਿਲ ਸਲਾਰੀਆ, ਸੰਨਮ ਸਲਾਰੀਆ ਪੁੱਤਰ ਬੂਟੀ ਰਾਮ ਨਿਵਾਸੀ ਰਮਵਾਲ ਪੁਲਿਸ ਸਟੇਸ਼ਨ ਦੀਨਾਨਗਰ ਦੇ ਵਿਰੁਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ।