ਚਾਈਨਾ ਡੋਰ ਵੇਚਣ ਤੇ ਖਰੀਦਣ ਵਾਲਿਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ, ਪੁਲਿਸ ਨੇ ਤਿਆਰੀ ਵਿੱਢੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਲੰਘਣਾ ਕਰਨ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ

China Dor

ਚੰਡੀਗੜ੍ਹ : ਸਰਦੀਆਂ ਦੀ ਸੀਜ਼ਨ ਆਪਣੀ ਚਰਮ ਸੀਮਾ 'ਤੇ ਪਹੁੰਚ ਚੁਕਾ ਹੈ ਅਤੇ ਬਸੰਤ ਦੇ ਮੌਸਮ ਦਾ ਹਰ ਕੋਈ ਬੇਸਬਰੀ ਨਾਲ ਇਤਜਾਰ ਕਰ ਰਿਹਾ ਹੈ।  ਇਸ ਦੌਰਾਨ ਜਿੱਥੇ ਕੁਦਰਤ ਆਪਣੇ ਪੂਰਨ ਖੇੜੇ ਵਿਚ ਪਹੁੰਚ ਜਾਂਦੀ ਹੈ, ਉਥੇ ਹੀ ਪਤੰਗਬਾਜ਼ੀ ਦੇ ਸ਼ੌਕੀਨਾਂ ਲਈ ਇਹ ਮੌਸਮ ਖਾਸ ਮਹੱਤਤਾ ਰੱਖਦਾ ਹੈ। ਅਸਮਾਨ 'ਤੇ ਉਡ ਰਹੀਆਂ ਰੰਗ-ਬਰੰਗੀਆਂ ਪਤੰਗਾਂ ਹਰ ਕਿਸੇ ਦਾ ਮੰਨ ਮੋਹ ਲੈਂਦੀਆਂ ਹਨ। ਪਰ ਪਿਛਲੇ ਸਮੇਂ ਦੌਰਾਨ ਇਨ੍ਹਾਂ ਮਨਮੋਹਣੇ ਦ੍ਰਿਸ਼ਾਂ ਨੂੰ ਗ੍ਰਹਿਣ ਲੱਗਣਾ ਸ਼ੁਰੂ ਹੋ ਗਿਆ ਹੈ।

ਇਸ ਦੀ ਸ਼ੁਰੂਆਤ ਹੋਈ ਹੈ ਚਾਇਨਾ ਡੋਰ ਨਾਲ, ਜਿਸ ਦੀ ਆਮਦ ਤੋਂ ਬਾਅਦ ਪਤੰਗਬਾਜ਼ੀ ਪਸ਼ੂ-ਪੰਛੀਆਂ ਦੇ ਨਾਲ-ਨਾਲ ਇਨਸਾਨਾਂ ਦੇ ਵੀ ਜਾਨ ਦਾ ਖੌਅ ਬਣਨ ਲੱਗੀ ਹੈ। ਹਰ ਸਾਲ ਚਾਇਨਾ ਡੋਰ ਦੀ ਵਰਤੋਂ, ਵੇਚਣ ਅਤੇ ਰੱਖਣ ਨੂੰ ਲੈ ਕੇ ਵੱਡਾ ਪ੍ਰਚਾਰ ਅਰੰਭਿਆ ਜਾਂਦਾ ਹੈ, ਇਸ ਦੇ ਬਾਵਜੂਦ ਬਸੰਤ ਆਉਂਦੇ ਹੀ ਪੰਛੀਆਂ ਦੇ ਚਾਈਨਾਂ ਡੋਰ ਵਿਚ ਫਸ ਕੇ ਮਰਨ ਅਤੇ ਰਾਹਗੀਰਾਂ ਦੇ ਜ਼ਖਮੀ ਹੋਣ ਦਾ ਸਿਲਸਿਲਾ ਆਰੰਭ ਹੋ ਜਾਂਦਾ ਹੈ। ਕਈ ਥਾਈਂ ਤਾਂ ਇਹ ਡੋਰ ਜਾਨਲੇਵਾ ਵੀ ਸਾਬਤ ਹੋ ਚੁਕੀ ਹੈ।

ਇਸ ਦੇ ਮੱਦੇਨਜ਼ਰ ਇਸ ਸਾਲ ਵੀ ਸਰਕਾਰ ਨੇ ਚਾਈਨਾ ਡੋਰ (ਨਾਈਲੋਨ, ਪਲਾਸਟਿਕ ਜਾਂ ਸਿੰਥੈਟਿਕ ਮਟੀਰੀਅਲ ਨਾਲ ਬਣੀ ਡੋਰ ਜਾਂ ਧਾਗਾ ਜਾਂ ਕੋਈ ਵੀ ਅਜਿਹੀ ਡੋਰ ਜਾਂ ਧਾਗਾ, ਜਿਸ ’ਤੇ ਸਿੰਥੈਟਿਕ ਦੀ ਧਾਤੂ ਚੜ੍ਹੀ ਹੋਵੇ ਅਤੇ ਪੰਜਾਬ ਸਰਕਾਰ ਦੇ ਮਾਪਦੰਡਾਂ ਅਨੁਸਾਰ ਨਾ ਹੋਵੇ) ਵੇਚਣ ’ਤੇ ਪਾਬੰਦੀ ਲਗੀ ਦਿਤੀ ਗਈ ਹੈ। ਇਸ ਲਈ ਇਸ ਨੂੰ ਵੇਚਣਾ ਜਾਂ ਖਰੀਦਣਾ ਜੁਰਮ ਦੀ ਸ਼੍ਰੇਣੀ ਵਿਚ ਆਉਂਦਾ ਹੈ।

ਪੁਲਿਸ ਵਲੋਂ ਇਸ ਡੋਰ ਦੀ ਵਰਤੋਂ ਰੋਕਣ ਲਈ ਕਮਰ ਕੱਸੀ ਜਾ ਚੁੱਕੀ ਹੈ। ਹੁਣ ਇਹ ਡੋਰ ਵੇਚਣ ਤੇ ਖਰੀਦਣ ਵਾਲਿਆਂ ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਪੁਲਿਸ ਪ੍ਰਸਾਸ਼ਨ ਨੇ ਇਸ ਨਾਲ ਨਜਿੱਠਣ ਲਈ ਤਿਆਰੀਆਂ ਆਰੰਭ ਦਿਤੀਆਂ ਹਨ। ਇਹ ਹੁਕਮ 30 ਜੂਨ ਤਕ ਜਾਰੀ ਰਹੇਗਾ।