ਕਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਨੂੰ ਇਕੱਲਤਾ 'ਚ ਰੱਖਣ ਲਈ ਲੈਣਾ ਪੈ ਰਿਹੈ ਪੁਲਿਸ ਦਾ ਸਹਾਰਾ!

ਏਜੰਸੀ

ਖ਼ਬਰਾਂ, ਪੰਜਾਬ

ਡੀਸੀ ਦੀਆਂ ਪੁਲਿਸ ਪ੍ਰਸ਼ਾਸਨ ਨੂੰ ਹਦਾਇਤਾਂ

file photo

ਚੰਡੀਗੜ੍ਹ : ਦੁਨੀਆ ਭਰ ਵਿਚ ਦਹਿਸ਼ਤ ਮਚਾ ਚੁੱਕੇ ਕਰੋਨਾ ਵਾਇਰਸ ਨੇ ਹੁਣ ਪੰਜਾਬ ਅੰਦਰ ਵੀ ਦਸਤਕ ਦੇ ਦਿਤੀ ਹੈ। ਪੰਜਾਬ ਦੇ ਫਰੀਦਕੋਟ ਸਿਵਲ ਹਸਪਤਾਲ ਦੇ ਵਿਚ ਆਏ ਇਕ ਸ਼ੱਕੀ ਮਰੀਜ਼ ਪਾਇਆ ਗਿਆ ਹੈ। ਅਠੱਤੀ ਸਾਲਾ ਉਮਰ ਦਾ ਹੈ ਇਹ ਵਿਅਕਤੀ ਕੈਨੇਡਾ ਤੋਂ ਚੀਨ ਰਾਹੀਂ ਸ਼ੰਘਾਈ ਵਿਚ ਨੌਂ ਘੰਟੇ ਦੇ ਠਹਿਰਾਅ ਤੋਂ ਬਾਅਦ ਜਦੋਂ ਭਾਰਤ ਵਿਚ ਆਇਆ ਹੈ।

ਇਸ ਨੂੰ ਸਾਹ ਨਾਲ ਸਬੰਧਤ ਤਕਲੀਫ਼ ਹੋਈ। ਇਸ ਤੋਂ ਬਾਅਦ ਇਹ ਫਰੀਦਕੋਟ ਦੇ ਸਿਵਲ ਹਸਪਤਾਲ ਵਿਚ ਪੁੱਜਾ ਜਿੱਥੇ ਸਿਵਲ ਸਰਜਨ ਨੇ ਬਕਾਇਦਾ ਤੌਰ 'ਤੇ ਇਸ ਦੇ ਟੈਸਟ ਕੀਤੇ। ਫਿਰ ਇਸ ਨੂੰ ਇਲਾਜ ਦੀਆਂ ਹਦਾਇਤਾਂ ਮੁਤਾਬਕ ਇਕੱਲਤਾ ਯਾਨੀ ਕਿ ਆਈਸੋਲੇਸ਼ਨ 'ਚ ਰਹਿਣ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ। ਪਰ ਵੇਖਿਆ ਗਿਆ ਕਿ ਇਹ ਮਰੀਜ਼ ਆਈਸੋਲੇਸ਼ਨ 'ਚ ਨਹੀਂ ਰਹਿ ਰਿਹਾ ਸੀ।

ਇਸ ਤੋਂ ਮਜਬੂਰ ਹੋ ਕੇ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮਜਿਸਟ੍ਰੇਟ ਨੇ ਐਸਐਸਪੀ ਫ਼ਰੀਦਕੋਟ ਨੂੰ ਉਚੇਚੇ ਤੌਰ 'ਤੇ  ਲਿਖਤੀ ਹਦਾਇਤਾਂ ਜਾਰੀ ਕੀਤੀਆਂ ਹਨ। ਹਦਾਇਤਾਂ ਮੁਤਾਬਕ ਇਸ ਮਰੀਜ਼ ਨੂੰ ਆਇਸੋਲੇਸ਼ਨ 'ਚ ਰੱਖਣ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।

ਜੇਕਰ ਇਹ ਇਸ ਗੱਲੋਂ ਆਨਾਕਾਨੀ ਕਰਦਾ ਹੈ ਤਾਂ ਇਸ ਨੂੰ ਲੋੜ ਪੈਣ 'ਤੇ ਗ੍ਰਿਫ਼ਤਾਰ ਕਰਕੇ ਆਈਸੋਲੇਸ਼ਨ 'ਚ ਰੱਖਣ ਲਈ ਕਿਹਾ ਗਿਆ ਹੈ। ਇਸ ਵਾਸਤੇ ਲੋੜੀਂਦੇ ਪੁਲਿਸ ਮੁਲਾਜ਼ਮਾਂ ਦਾ ਪਹਿਰਾ ਵੀ ਲਗਾਇਆ ਦੀ ਹਦਾਇਤ ਹੈ।

ਕਾਬਲੇਗੌਰ ਹੈ ਕਿ ਕਿਸੇ ਮਰੀਜ਼ ਨੂੰ ਇਲਾਜ ਲਈ ਤੇ ਉਸ ਦੇ ਮਰਜ਼ ਦਾ ਹੋਰ ਲੋਕਾਂ ਦੇ ਉੱਤੇ ਅਸਰ ਨਾ ਹੋਣ ਦੇਣ ਲਈ ਪੁਲਿਸ ਬਲ ਦੀ ਸਹਾਇਤਾ ਲੈਣ ਦਾ ਇਹ ਇਕ ਵਿਲੱਖਣ ਮਾਮਲਾ ਹੈ।