ਸੁਖਬੀਰ ਸਿੰਘ ਬਾਦਲ ਅੰਦਰ ਜਵਾਬ ਦਾ ਸਾਹਮਣਾ ਕਰਨ ਦਾ ਦਮ ਨਹੀਂ : ਢੀਂਡਸਾ

ਏਜੰਸੀ

ਖ਼ਬਰਾਂ, ਪੰਜਾਬ

ਪਾਰਟੀ 'ਚ ਕੱਢਣ ਦੀ ਕਾਰਵਾਈ ਤਾਨਾਸ਼ਾਹੀ ਦਸਿਆ

file photo

ਸੰਗਰੂਰ : ਬਾਦਲ ਤੇ ਢੀਂਡਸਾ ਪਰਵਾਰ ਦਰਮਿਆਨ ਹੋਏ ਪੱਕੇ ਤੋੜ-ਵਿਛੋੜੇ ਤੋਂ ਬਾਅਦ ਦੋਵੇਂ ਧਿਰਾਂ ਨੇ ਹਮਲਾਵਰ ਰੁਖ ਅਖਤਿਆਰ ਕੀਤਾ ਹੋਇਆ ਹੈ। ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਵਲੋਂ ਢੀਂਡਸਾ ਪਰਵਾਰ ਨੂੰ ਅਕਾਲੀ ਦਲ ਵਿਚੋਂ ਕੱਢਣ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਸੁਖਬੀਰ ਬਾਦਲ 'ਤੇ ਸ਼ਬਦੀ ਹਮਲਾ ਬੋਲਿਆ ਹੈ।

ਅਪਣੀ ਰਿਹਾਇਸ਼ ਵਿਖੇ ਸੀਨੀਅਰ ਆਗੂਆਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅੰਦਰ ਜਵਾਬ ਦਾ ਸਾਹਮਣਾ ਕਰਨ ਦਾ ਦਮ ਨਹੀਂ ਹੈ, ਇਸ ਕਰ ਕੇ ਬਿਨਾਂ ਨੋਟਿਸ ਭੇਜਿਆਂ ਤੇ ਬਿਨਾਂ ਜਵਾਬ ਸੁਨਣ ਦੇ ਸੁਖਦੇਵ ਸਿੰਘ ਢੀਂਡਸਾ ਤੇ ਮੈਨੂੰ ਪਾਰਟੀ ਵਿਚੋਂ ਕੱਢਣ ਦੀ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨੇ ਸੁਖਬੀਰ ਸਿੰਘ ਬਾਦਲ ਦੀ ਤਾਨਾਸ਼ਾਹੀ ਦਾ ਪੁਖਤਾ ਸਬੂਤ ਦਿਤਾ ਹੈ।

ਸੁਖਦੇਵ ਸਿੰਘ ਢੀਂਡਸਾ ਦੀ ਰਿਹਾਇਸ਼ ਵਿਖੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਭਰਵੀਂ ਮੀਟਿੰਗ ਹੋਈ ਜਿਸ ਵਿਚ ਪਰਮਿੰਦਰ ਸਿੰਘ ਢੀਂਡਸਾ ਉਤੇ ਦਬਾਅ ਪਾਇਆ ਗਿਆ ਕਿ ਸੰਗਰੂਰ ਅੰਦਰ ਜ਼ਿਲ੍ਹਾ ਪਧਰੀ ਰੈਲੀ ਕੀਤੀ ਜਾਵੇ ਤਾਂ ਕਿ ਸੁਖਬੀਰ ਸਿੰਘ ਬਾਦਲ ਦੀ ਤਾਨਾਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦਿਤਾ ਜਾਵੇ। ਅਕਾਲੀ ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਪਧਰੀ ਰੈਲੀ ਤੋਂ ਇਕ ਜ਼ਿਲ੍ਹੇ ਦਾ ਵੱਡਾ ਇਕੱਠ ਕਰ ਕੇ ਦਿਖਾਵਾਂਗੇ।

ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮਾਣਮੱਤਾ ਇਤਿਹਾਸ ਤੇ ਰਵਾਂਇਤਾਂ ਹਨ, ਸ਼੍ਰੋਮਣੀ ਅਕਾਲੀ ਦਲ ਇਕ ਵਿਚਾਰਧਾਰਾ ਹੈ, ਇਕ ਸੱਚ ਹੈ। ਇਹ ਸੁਖਬੀਰ ਸਿੰਘ ਬਾਦਲ ਦੀ ਜੰਗੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸ਼੍ਰ੍ਰੋਮਣੀ ਅਕਾਲੀ ਦਲ ਅੰਦਰ ਜਮਹੂਰੀਅਤ ਤੇ ਨਿਰਪੱਖਤਾ ਨੂੰ ਵੱਡੀ ਢਾਹ ਲਾਈ ਹੈ। ਕੁਰਸੀ ਦੇ ਲਾਲਚਵਸ ਪਾਰਟੀ ਦੇ ਸਿਧਾਂਤਾਂ ਤੇ ਵਿਚਾਰਧਾਰਾ ਨੂੰ ਦਾਅ ਤੇ ਲਾ ਦਿਤਾ। ਸ੍ਰ. ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਇਕ ਇਕ ਪ੍ਰਧਾਨ ਹੈ ਜੋ ਹਰ ਮਾਮਲੇ ਤੇ ਫੇਲ ਹੋਇਆ ਤੇ ਪੰਥ ਦੀ ਸਹੀ ਅਗਵਾਈ ਨਹੀਂ ਕਰ ਸਕਿਆ।

ਇਸ ਮੀਟਿੰਗ ਵਿਚ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਰਜਿੰਦਰ ਸਿੰਘ ਕਾਂਝਲਾ, ਜਨਰਲ ਸਕੱਤਰ ਜਥੇਦਾਰ ਗੁਰਬਚਨ ਸਿੰਘ ਬਚੀ, ਸ਼੍ਰੋਮਣੀ ਕਮੇਟੀ ਦੀ ਪ੍ਰਚਾਰ ਕਮੇਟੀ ਦੇ ਮੈਂਬਰ ਹਰਪਾਲ ਸਿੰਘ ਬਹਿਣੀਵਾਲ, ਪੀ ਪੀ ਐਸ  ਈ ਦੇ ਮੈਂਬਰ ਸੁਖਵੰਤ ਸਿੰਘ ਸਰਾਓ, ਸ੍ਰੋਮਣੀ ਕਮੇਟੀ ਮੈਂਬਰ ਹਰਦੇਵ ਸਿੰਘ ਰੋਗਲਾ, ਮਲਕੀਤ ਸਿੰਘ ਚੰਗਾਲ, ਅਜੀਤ ਸਿੰਘ ਚੰਦੂਰਾਈਆਂ, ਸਾਬਕਾ ਮੰਤਰੀ ਅਬਦੂਲ ਗੁਫਾਰ, ਜੀਤ ਸਿੰਘ ਸਿੱਧ ਆਦਿ ਵੱਡੀ ਗਿਣਤੀ 'ਚ ਅਕਾਲੀ ਵਰਕਰ ਮੌਜੂਦ ਸਨ।