ਲੌਂਗੋਵਾਲ ਰਬੜ ਦੀ ਮੋਹਰ ਹੈ ਉਹ ਕੋਈ ਵੀ ਫ਼ੈਸਲਾ ਖ਼ੁਦ ਨਹੀਂ ਲੈ ਸਕਦੇ : ਢੀਂਡਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ 'ਚ ਉਚ ਅਹੁਦਿਆਂ ਦਾ ਅਨੰਦ ਮਾਣਨ ਵਾਲੇ ਪਾਰਟੀ ਨੂੰ ਵਿਖਾ ਰਹੇ ਨੇ ਅੱਖਾਂ : ਲੌਂਗੋਵਾਲ

Photo

ਧਨੌਲਾ­ (ਰਾਮ ਸਿੰਘ ਧਨੌਲਾ) : ਜਿਸ ਪਾਰਟੀ ਨੇ ਕਿਸੇ ਵੀ ਆਗੂ ਨੂੰ ਹਮੇਸ਼ਾ ਮੂਹਰਲੀਆ ਕਤਾਰਾਂ ਵਿਚ ਰੱਖ ਕੇ ਵੱਡੇ ਅਹੁਦੇ ਦੇ ਕੇ ਨਿਵਾਜਿਆ ਹੋਵੇ ਹੁਣ ਉਹੀ ਆਗੂ ਅਪਣੇ ਕਿਸੇ ਨਿੱਜੀ ਸਵਾਰਥ ਨੂੰ ਮੁੱਖ ਰੱਖ ਕੇ ਪਾਰਟੀ ਨੂੰ ਹੀ ਅੱਖਾਂ ਦਿਖਾਉਣ ਲੱਗ ਪਏ ਹਨ­ ਢੀਂਡਸਾ ਪਿਉ ਪੁੱਤਰ ਵਲੋਂ ਸ਼੍ਰਮੋਣੀ ਅਕਾਲੀ ਦਲ ਅਤੇ ਪਾਰਟੀ ਪ੍ਰਧਾਨ ਵਿਰੁਧ ਕੀਤੀਆਂ ਜਾਂਦੀਆਂ ਟਿੱਪਣੀਆ ਅਤਿ ਮੰਦ ਭਾਗੀ ਹਨ।

ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਸ਼ਹੀਦ ਬਾਬਾ ਨੱਥਾ ਸਿੰਘ ਦੇ ਸਾਲਾਨਾ ਸਮਾਗਮ ਦੌਰਾਨ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਕੀਤੇ। ਢੀਂਡਸਾ ਪਰਵਾਰ ਨੂੰ ਅਗਰ ਕੋਈ ਗੁੱਸਾ ਗਿਲਾ ਸੀ ਤਾਂ ਪਾਰਟੀ ਦੇ ਜ਼ਿੰਮੇਵਾਰ ਆਗੂ ਹੁੰਦੇ ਹੋਏ ਅਪਣੀ ਗੱਲ ਪਾਰਟੀ ਵਿਚ ਰੱਖਣੀ ਚਾਹੀਦੀ ਸੀ ਨਾ ਕਿ ਸ਼ਰੇਆਮ ਭੰਡੀ ਪ੍ਰਚਾਰ ਕਰਨ ਦਾ ਰਸਤਾ ਅਖਤਿਆਰ ਕਰਨਾ ਚਾਹੀਦਾ ਸੀ।

ਜਦੋਂ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਗੋਬਿੰਦ ਨੂੰ ਨਹੀਂ ਕਰਨੀਆਂ ਚਾਹੀਦੀਆਂ ਕੀ ਉਸਨੂੰ ਮੇਰੀਆਂ ਕੁਰਬਾਨੀਆਂ ਬਾਰੇ ਪਤਾ ਹੈ, ਰਹੀ ਗੱਲ ਪਰਮਿੰਦਰ ਦੀ ਮੰਤਰੀ ਪਦ ਦੇ ਅਹੁਦਿਆਂ 'ਤੇ ਹੁੰਦੇ ਹੋਏ ਉਸਦੀ ਕਾਰਗੁਜ਼ਾਰੀ ਇਕ ਨੰਬਰ ਦੀ ਰਹੀ ਹੈ।

ਉਨ੍ਹਾਂ ਕਿਹਾ ਕਿ 'ਛੱਜ ਤਾਂ ਬੋਲੇ ਛਾਨਣੀ ਕੀ ਬੋਲੇ' ਲੌਂਗੋਵਾਲ ਤਾਂ ਇਕ ਸੁਖਬੀਰ ਦੀ ਰਬੜ ਦੀ ਮੋਹਰ ਹੈ ਅਤੇ ਉਹ ਅਪਣੇ ਤੌਰ 'ਤੇ ਕੋਈ ਫ਼ੈਸਲਾ ਲੈ ਸਕਦਾ ਹੈ ? ਮੇਰੇ ਵਲੋਂ ਤਾਂ ਕੌਰ ਕਮੇਟੀ ਦੀ ਪਹਿਲੀ ਮੀਟਿੰਗ ਵਿਚ ਹੀ ਸੁਖਬੀਰ ਦੀ ਡਿਕਟੇਟਰਸ਼ਿਪ ਵਾਲੀ ਨੀਤੀ ਦੀ ਵਿਰੋਧਤਾ ਕਰਕੇ ਅਸਤੀਫ਼ਾ ਮੰਗਿਆ ਸੀ।

ਢੀਂਡਸਾ ਨੇ ਕਿਹਾ ਕਿ ਸੁਖਬੀਰ ਨੇ ਇਕ ਅਨਾੜੀ ਆਗੂ ਹੋਣ ਕਾਰਣ ਸ਼੍ਰੋਮਣੀ ਅਕਾਲੀ ਦਲ ਦੇ ਮਾਣਮੱਤੇ ਇਤਿਹਾਸ ਨੂੰ ਰੋਲ ਕੇ ਰੱਖ ਦਿਤਾ ਹੈ ਅਤੇ ਇਸਦੀ ਅਗਵਾਈ ਵਿਚ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਦੇਖਣਾ ਪਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿਚ ਹੀ ਪਹਿਲਾ ਮੌਕਾ ਹੈ ਜਦ ਅਕਾਲੀ ਦਲ ਤੋਂ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਵੀ ਜਾਂਦਾ ਰਿਹਾ।