ਰੈਲੀਆਂ ਕਰ ਕੇ ਟਕਸਾਲੀ ਦੇਣਗੇ ਬਾਦਲਾਂ ਨੂੰ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਕਸਾਲੀਆਂ ਨੂੰ ਜਾਅਲੀ ਕਹਿਣ ਦਾ ਲਿਆ ਸਖ਼ਤ ਨੋਟਿਸ

Photo

ਐਸ.ਏ.ਐਸ ਨਗਰ: ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ ਪੰਜਾਬ ਵਿਚ ਤਿੰਨ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ ਜਿਨ੍ਹਾਂ ਵਿਚੋਂ ਪਹਿਲੀ ਰੈਲੀ ਠੱਠੀਆਂ ਮਹੰਤਾਂ, ਦੂਸਰੀ ਸੰਗਰੂਰ ਅਤੇ ਤੀਸਰੀ ਰੋਪੜ ਮੁਹਾਲੀ ਕੀਤੀ ਜਾ ਰਹੀ ਹੈ। ਇਹ ਗੱਲ ਪਾਰਟੀ ਦੇ ਸਕੱਤਰ ਜਨਰਲ ਸੇਵਾ ਸਿੰਘ ਸੇਖਵਾਂ ਨੇ ਆਖੀ। ਸੇਖਵਾਂ ਨੇ ਕਿਹਾ ਕਿ ਇਸ ਸਬੰਧੀ ਫ਼ੈਸਲਾ ਸੁਖਦੇਵ ਸਿੰਘ ਢੀਂਡਸਾ ਦੀ ਰਿਹਾਇਸ਼ 'ਤੇ ਹੋਈ ਮੀਟਿੰਗ ਵਿਚ ਬ੍ਰਹਮਪੁਰਾ, ਰਵੀਇੰਦਰ ਸਿੰਘ, ਢੀਂਡਸਾ ਅਤੇ ਉਨ੍ਹਾਂ ਦੀ ਹਾਜ਼ਰੀ ਵਿਚ ਹੋਇਆ ਹੈ।

ਉਨ੍ਹਾਂ ਸੰਗਰੂਰ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੋਈ ਰੈਲੀ ਵਿਚ ਸਾਰਿਆਂ ਦਾ ਜ਼ੋਰ ਸ੍ਰੀ ਢੀਂਡਸਾ ਦੇ ਪਰਵਾਰ ਨੂੰ ਭੰਡਣ 'ਤੇ ਲਿਖਿਆ ਰਿਹਾ ਜਾਂ ਫਿਰ ਅਕਾਲੀ ਦਲ ਟਕਸਾਲੀ ਦੇ ਆਗੂਆਂ ਬਾਰੇ ਝੂਠ ਬੋਲਿਆ ਗਿਆ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਅਤੇ ਲੀਡਰਾਂ ਨੇ ਇਸ ਗੱਲ 'ਤੇ ਜ਼ੋਰ ਦਿਤਾ ਹੈ ਕਿ ਟਕਸਾਲੀ ਦਲ ਦੇ ਨੇਤਾਵਾਂ ਨੂੰ ਬਾਦਲ ਨੇ ਅਹੁਦੇਦਾਰੀਆਂ ਦਿਤੀਆਂ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਹੁਦੇਦਾਰੀਆਂ ਦੀ ਭੁੱਖ ਹੀ ਨਹੀਂ ਹੈ ਇਸੇ ਲਈ ਉਹ ਅਹੁਦੇਦਾਰੀਆਂ ਛੱਡ ਕੇ ਲਾਂਭੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਡਾ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਵਾਉਣਾ ਹੈ, ਉਸ ਤੋਂ ਬਾਅਦ ਸਿਆਸੀ ਚੋਣਾਂ ਬਾਰੇ ਰਣਨੀਤੀ ਬਣਾਈ ਜਾਵੇਗੀ। ਉਨ੍ਹਾਂ ਐਲਾਨ ਕੀਤਾ ਉਹ ਕੋਈ ਵੀ ਚੋਣ ਨਹੀਂ ਲੜਨਗੇ।

ਜਥੇਦਾਰ ਤੋਤਾ ਸਿੰਘ ਸਬੰਧੀ ਪੁੱਛੇ ਗਏ ਪ੍ਰਸ਼ਨ ਦੇ ਉੱਤਰ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੋਈ ਵਿਰੋਧ ਨਹੀਂ ਕਰ ਰਿਹਾ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਟਿੱਪਣੀ ਕਰਦਿਆਂ ਕਿ ਉਹ ਪ੍ਰਧਾਨ ਨਹੀਂ ਬਲਕਿ ਦਰਬਾਨ ਦੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਵਲੋਂ ਮਾਂ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨ ਤੋਂ ਇਲਾਵਾ ਹੋਰ ਅਜਿਹੀ ਸ਼ਬਦਾਵਲੀ ਵਰਤੀ ਗਈ ਹੈ ਜੋ ਕਿ ਨੀਵੇਂ ਪੱਧਰ ਦੀ ਹੈ।

ਉਨ੍ਹਾਂ ਕਿਹਾ ਕਿ ਪਾਰਟੀ ਦੀ ਪਿੱਠ ਵਿਚ ਛੁਰਾ ਢੀਂਡਸਾ ਪਰਵਾਰ ਜਾਂ ਉਨ੍ਹਾਂ ਨੇ ਨਹੀਂ ਮਰਿਆ ਬਲਕਿ ਖੁਦ ਬਾਦਲ ਪਰਵਾਰ ਨੇ ਮਾਰਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਜ਼ਿਆਦਾ ਜੇਲ ਕੱਟੀ ਹੈ ਜਦ ਕਿ ਉਹ ਖੁਦ ਬਾਦਲ ਤੋਂ ਜ਼ਿਆਦਾ ਸਮਾਂ ਪੰਥ ਲਈ ਜੇਲ 'ਚ ਰਹੇ ਹਨ, ਉਨ੍ਹਾਂ ਦੋਸ਼ ਲਾਇਆ ਬਾਦਲ ਸਾਹਿਬ ਪਹਿਲਾਂ ਅਪਣੇ ਪਰਵਾਰ ਨੂੰ ਦਿਤੀਆਂ ਵਜ਼ੀਰੀਆਂ ਦਾ ਹਿਸਾਬ ਵੀ ਪਾਰਟੀ ਨੂੰ ਦੇਣ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਭਾਈ ਰਣਜੀਤ ਸਿੰਘ ਦਾ ਸਾਥ ਦੇਣ ਬਾਰੇ ਸੇਖਵਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਖੁਦ ਮਕਸਦ ਵੀ ਸ਼੍ਰੋਮਣੀ ਕਮੇਟੀ ਤੋਂ ਰਾਜਨੀਤਿਕ ਦਖ਼ਲ ਖ਼ਤਮ ਕਰਨਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਅਤੇ ਯੂਥ ਵਿੰਗ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਵੀ ਹਾਜ਼ਰ ਸਨ।