ਢੀਂਡਸਾ ਬਾਰੇ ਵੱਡੇ ਬਾਦਲ ਨੇ ਕੱਢੀ ਭੜਾਸ, ਮਾਂ ਪਾਰਟੀ ਨਾਲ ਦਗਾ ਕਮਾਉਣ ਵਾਲਾ ਟਕਸਾਲੀ ਨਹੀਂ!

ਏਜੰਸੀ

ਖ਼ਬਰਾਂ, ਪੰਜਾਬ

ਸੰਗਰੂਰ ਰੈਲੀ ਦੌਰਾਨ ਬਾਦਲ ਨੇ ਵਿਰੋਧੀਆਂ ਨੂੰ ਲਾਏ ਰਗੜੇ

file photo

ਸੰਗਰੂਰ : ਢੀਂਡਸਾ ਪਰਵਾਰ ਦੀ ਬਗਾਵਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਅਪਣੀ ਲੰਮੀ ਚੁਪੀ ਤੋੜਦਿਆਂ ਅੱਜ ਢੀਂਡਸਾ ਖਿਲਾਫ਼ ਰੱਜ ਕੇ ਭੜਾਸ ਕੱਢੀ। ਸੰਗਰੂਰ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਪਣੀ ਮਾਂ ਪਾਰਟੀ ਨਾਲ ਦਗਾ ਕਮਾਉਣ ਵਾਲੇ ਕਦੇ ਵੀ ਟਕਸਾਲੀ ਨਹੀਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਢੀਂਡਸਾ ਨੇ ਅਪਣੀ ਮਾਂ ਪਾਰਟੀ ਦੇ ਪਿੱਠ ਵਿਚ ਛੁਰਾ ਮਾਰਿਆ ਹੈ।


ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਸਾਡੀ ਸਿਆਸੀ ਹੀ ਨਹੀਂ ਬਲਕਿ ਪਰਿਵਾਰਕ ਸਾਂਝ ਵੀ ਸੀ। ਉਨ੍ਹਾਂ ਦੀ ਇਹ ਸਾਂਝ ਏਨੀ ਪਕੇਰੀ ਸੀ ਕਿ ਪਰਿਵਾਰਕ ਮਾਮਲਿਆਂ ਵਿਚ ਵੀ ਸਲਾਹ ਲਈ ਜਾਂਦੀ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ  ਨੂੰ ਪਾਰਟੀ ਨੇ ਇੰਨਾ ਵੱਡਾ ਮਾਣ ਸਤਿਕਾਰ  ਦਿਤਾ, ਉਨ੍ਹਾਂ ਨੇ ਔਖੇ ਵੇਲੇ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਜੋ ਕਿਸੇ ਵੀ ਤਰ੍ਹਾਂ ਸਹੀ ਨਹੀਂ ਹੈ।

ਬਾਦਲ ਨੇ ਕਿਹਾ ਕਿ ਸਾਡੀਆਂ ਤਿੰਨ ਮਾਵਾਂ ਹੁੰਦੀਆਂ ਹਨ ਜਿਨ੍ਹਾਂ ਵਿਚ ਪਹਿਲੀ ਜਨਮ ਦੇਣ ਵਾਲੀ, ਦੂਜੀ ਧਰਤੀ ਮਾਂ ਤੇ ਤੀਜੀ ਮਾਂ ਉਹ ਹੁੰਦੀ ਹੈ ਜੋ ਉਸ ਨੂੰ ਮਾਣ ਸਤਿਕਾਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਮਾਣ ਸਤਿਕਾਰ ਸਿਰਫ਼ ਤੀਜੀ ਮਾਂ ਹੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਮਾਂ ਪਾਰਟੀ ਨੂੰ ਹੀ ਪਿੱਠ ਵਿਖਾ ਦੇਵੇ ਤਾਂ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਮੈਂ ਅਪਣੀ ਜ਼ਿੰਦਗੀ ਵਿਚ ਸਭ ਤੋਂ ਵੱਧ ਮਾਣ ਤੇ ਸਤਿਕਾਰ ਬ੍ਰਹਮਪੁਰਾ ਤੇ ਢੀਂਡਸਾ ਨੂੰ ਦਿਤਾ ਹੈ। ਸੁਖਬੀਰ ਬਾਦਲ ਵੀ ਇਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦਿੰਦੇ ਸਨ। ਅਸੀਂ ਸਿਆਸਤ ਤੋਂ ਇਲਾਵਾ ਕਈ ਪਰਿਵਾਰ ਮਾਮਲਿਆਂ ਦੇ ਫ਼ੈਸਲੇ ਵੀ ਢੀਂਡਸਾ ਦੀ ਸਲਾਹ ਨਾਲ ਕੀਤੇ ਪਰ ਹੁਣ ਜਦੋਂ ਪਾਰਟੀ ਨੂੰ ਉਨ੍ਹਾਂ ਦੀ ਲੋੜ ਸੀ, ਉਨ੍ਹਾਂ ਨੇ ਧੋਖਾ ਦੇ ਦਿਤਾ ਹੈ।

ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦਾ ਪਾਰਟੀ ਤੋਂ ਵੱਖ ਹੋਣ ਦਾ ਫ਼ੈਸਲਾ ਵੱਡੀ ਗ਼ਲਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖੁਦ ਦੇ ਨਾਲ ਨਾਲ ਅਪਣੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਦੀ ਇੱਜ਼ਤ ਘਟਾਈ ਹੈ। ਉਨ੍ਹਾਂ ਕਿਹਾ ਕਿ ਢੀਂਡਸਾ ਦੀ ਮਰਜ਼ੀ ਬਗੈਰ ਸੰਗਰੂਰ ਵਿਚ ਪੱਤਾ ਵੀ ਨਹੀਂ ਸੀ ਹਿਲਦਾ ਹੁੰਦਾ।  ਪਰ ਜਿਹੜੇ ਬੇਗਾਨਿਆਂ ਤੋਂ ਸੀਸ 'ਤੇ ਤਾਜ ਰਖਵਾਉਣਾ ਚਾਹੁੰਦੇ ਹੋਣ, ਉਨ੍ਹਾਂ ਦੇ ਸੀਸਾਂ 'ਤੇ ਤਾਜ ਕਦੇ ਵੀ ਸ਼ੋਭਾ ਨਹੀਂ ਦਿੰਦੇ।

ਇਸ ਦੌਰਾਨ ਬਾਦਲ ਨੇ ਕਾਂਗਰਸ 'ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਕਾਂਗਰਸ ਨੇ ਝੂਠੇ ਵਾਅਦਿਆਂ ਦੇ ਸਿਰ 'ਤੇ ਸੱਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸਨ, ਉਨ੍ਹਾਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ।