ਸ੍ਰੀ ਕਰਤਾਰਪੁਰ ਸਾਹਿਬ ਲਾਂਘੇ 'ਤੇ ਵੀ ਕੋਰੋਨਾ ਵਾਇਰਸ ਦਾ ਖ਼ਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਸਿਹਤ ਵਿਭਾਗ ਨੇ ਜਾਰੀ ਕੀਤਾ ਅਲਰਟ

Kartarpur Sahib

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਸ੍ਰੀ ਕਰਤਾਰਪੁਰ ਸਾਹਿਬ ਲਾਂਘੇ 'ਤੇ ਵੀ ਕੋਰੋਨਾ ਵਾਇਰਸ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਇਸ ਸਬੰਧ 'ਚ ਪੰਜਾਬ ਦੇ ਸਿਹਤ ਵਿਭਾਗ ਨੇ ਯਾਤਰੂਆਂ ਨੂੰ ਅਲਰਟ ਜਾਰੀ ਕੀਤਾ ਹੈ। ਰਾਜ ਦੇ ਸਿਹਤ ਅਤੇ ਪ੍ਰਵਾਰ ਭਲਾਈ ਵਿਭਾਗ ਦੇ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਕਰੋਨਾ ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਫ਼ਿਲਹਾਲ ਯਾਤਰਾ ਕੁਝ ਦਿਨਾਂ ਲਈ ਘੱਟ ਕਰਨ ਲਈ ਕਿਹਾ ਗਿਆ ਹੈ।

ਸਿਹਤ ਮੰਤਰੀ ਦਾ ਕਹਿਣਾ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਾਹਰਲੇ ਦੇਸ਼ਾਂ ਤੋਂ ਵੀ ਸ਼ਰਧਾਲੂ ਆਉਂਦੇ ਹਨ ਅਤੇ ਲਾਹੌਰ 'ਚ ਕਰੋਨਾ ਵਾਇਰਸ ਦੇ ਕੁੱਝ ਕੇਸ ਸਾਹਮਣੇ ਆਉਣ ਤੋਂ ਬਾਅਦ ਲਾਂਘੇ 'ਤੇ ਖ਼ਤਰਾ ਵੱਧ ਗਿਆ ਹੈ। ਇਸ ਦੇ ਮੱਦੇਨਜ਼ਰ ਹੀ ਸ਼ਰਧਾਲੂਆਂ ਨੂੰ ਚੌਕਸ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਹੈ ਕਿ ਕੁੱਝ ਦਿਨਾਂ ਲਈ ਲਾਂਘੇ ਨੂੰ ਬੰਦ ਕਰਨ ਦਾ ਫ਼ੈਸਲਾ ਲੈਣਾ ਕੇਂਦਰ ਸਰਕਾਰ ਦੇ ਹੱਥ ਵਿਚ ਹੈ।

ਉਨ੍ਹਾਂ ਦਸਿਆ ਕਿ ਪੰਜਾਬ ਦੇ ਹਸਪਤਾਲਾਂ 'ਚ ਕਰੋਨਾ ਵਾਇਰਸ ਦੇ ਖ਼ਤਰੇ ਕਾਰਨ ਪ੍ਰਬੰਧ ਪੂਰੇ ਹਨ। ਹਰ ਹਸਪਤਾਲ 'ਚ ਵਖਰੇ ਵਾਰਡ ਬਣਾਏ ਗਏ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁੱਖ ਮੰਤਰੀ ਨੇ ਵੀ ਕਰੋਨਾ ਵਾਇਰਸ ਦੇ ਕੁੱਝ ਕੇਸਾਂ ਦੀ ਭਾਰਤ 'ਚ ਪੁਸ਼ਟੀ ਤੋਂ ਬਾਅਦ ਮੀਟਿੰਗ ਕਰ ਕੇ ਹੰਗਾਮੀ ਕਦਮ ਚੁੱਕਣ ਦੇ ਹੁਕਮ ਸਿਹਤ ਵਿਭਾਗ ਨੂੰ ਦਿਤੇ ਸਨ।

ਕੋਰੋਨਾ ਵਾਇਰਸ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਤਿਆਰ-ਬਰ-ਤਿਆਰ: ਬਲਬੀਰ ਸਿੱਧੂ

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ। ਕਈ ਦੇਸ਼ਾਂ ਨੇ ਚੀਨ ਦੀ ਯਾਤਰਾ ਨੂੰ ਲੈ ਕੇ ਚਿਤਾਵਨੀ ਤਕ ਜਾਰੀ ਕਰ ਦਿਤੀ ਹੈ। ਇਹ ਵਾਇਰਸ ਪੰਜਾਬ ਤਕ ਨਾ ਪਹੁੰਚੇ, ਇਸ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਅਲਰਟ ਹੋ ਗਿਆ ਹੈ ਅਤੇ ਬਚਾਅ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।

ਉਥੇ ਹੀ ਉਨ੍ਹਾਂ ਦਸਿਆ ਕਿ ਦਿੱਲੀ ਵਿਚ ਵੀ ਕੋਰੋਨਾ ਵਾਇਰਸ ਦੇ 5 ਸ਼ੱਕੀ ਮਰੀਜ਼ ਪਾਏ ਗਏ ਹਨ ਪਰ ਪੰਜਾਬ ਵਿਚ ਕੋਈ ਵੀ ਹਾਲ ਤਕ ਸ਼ੱਕੀ ਮਰੀਜ਼ ਨਹੀਂ ਪਾਇਆ ਗਿਆ ਸਾਰਿਆਂ ਦੀਆਂ ਰੀਪੋਰਟਾਂ ਨੈਗੇਟਿਵ ਆਈਆਂ ਹਨ। ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਸਰਕਾਰੀ ਅਤੇ ਨਿਜੀ ਹਸਪਤਾਲਾਂ ਨੂੰ ਚਿਤਾਵਨੀ ਜਾਰੀ ਕਰ ਦਿੱਤੀ ਹੈ

ਨਾਲ ਹੀ ਇੰਟਰਨੈਸ਼ਨਲ ਏਅਰਪੋਰਟ 'ਤੇ ਬਾਹਰ ਤੋਂ ਆਉਣ ਵਾਲੇ ਮੁਸਾਫਰਾਂ ਖਾਸ ਕਰ ਚੀਨ ਦੀ ਫਲਾਈਟ ਤੋਂ ਆਉਣ ਵਾਲਿਆਂ 'ਤੇ ਖਾਸ ਨਜ਼ਰ ਜਾ ਰਹੀ ਹੈ। ਉਥੇ ਉਨ੍ਹਾਂ ਦੱਸਿਆ ਕਿ ਹਾਲ ਹੀ ਚ ਪਾਕਿਸਤਾਨ 'ਚ ਵੀ ਕੋਰੋਨਾ ਵਾਇਰਸ ਦੇ ਪਾਏ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆ ਸੀ ਸੋ ਇਸਨੂੰ ਲੈ ਕੇ ਵੀ ਅਸੀਂ ਸਰਹੱਦ 'ਤੇ ਟੀਮਾਂ ਦਾ ਗਠਨ ਕੀਤਾ ਹੈ ਅਤੇ ਆਉਣ ਜਾਣ ਵਾਲਿਆਂ ਦੀ ਜਾਂਚ ਵੀ ਚਲਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।