ਵੱਡੀ ਗਿਣਤੀ ਲੋਕਾਂ ਦਾ ਧਿਆਨ ਖਿੱਚ ਰਿਹੈ ਸੜਕਾਂ ‘ਤੇ ਭੱਜਦਾ ਪੰਜਾਬੀਆਂ ਵੱਲੋਂ ਬਣਾਇਆ ‘ਰਾਫੇਲ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਪੰਜਾਬ ਦਾ ਰਾਫੇਲ

Raphael of Punjab

ਬਠਿੰਡਾ : ਪੰਜਾਬੀਆਂ ਬਾਰੇ ਆਮ ਕਿਹਾ ਜਾਂਦਾ ਹੈ ਕਿ ਇਹ ਵੱਡੇ ਤੋਂ ਵੱਡੇ ਕਰਿਸ਼ਮੇ ਦੀ ਨਕਲ ਕਰਨ ਵਿਚ ਮਾਹਰ ਹੁੰਦੇ ਹਨ ਜਾਂ ਬਾਜ ਨਹੀਂ ਆਉਂਦੇ। ਵੈਸੇ ਤਾਂ ਨਕਲ ਕਰਨ ਦੀ ਆਦਤ ਨੂੰ ਮਾੜਾ ਗਿਣਿਆ ਜਾਂਦਾ ਹੈ, ਪਰ ਜੇਕਰ ਨਕਲ ਨੂੰ ਅਕਲ ਨਾਲ ਕੀਤਾ ਜਾਵੇ, ਤਾਂ ਵੱਡੀ ਵਾਹਾ-ਵਾਹੀ ਖੱਟਣ ਦਾ ਸਬੱਬ ਵੀ ਹੋ ਨਿਬੜਦੀ ਹੈ। ਅਕਲ ਨਾਲ ਕੀਤੀ ਨਕਲ ਦੀ ਧੂਮ ਇੰਨੀਂ ਦਿਨੀਂ ਬਠਿੰਡਾ ਦੇ ਰਾਮਾ ਮੰਡੀ ਇਲਾਕੇ ਵਿਚ ਪੈ ਰਹੀ ਹੈ, ਜਿੱਥੇ ਇਕ ਨੌਜਵਾਨ ਨੇ ਭਾਰਤੀ ਏਅਰ ਫੋਰਸ ਵਿਚ ਹੁਣੇ ਹੁਣੇ ਸ਼ਾਮਲ ਹੋਏ ਵਿਸ਼ਵ ਪ੍ਰਸਿੱਧ ਜਹਾਜ਼ ਰਾਫੇਲ ਦੀ ਅਜਿਹੀ ਨਕਲ ਕੀਤੀ ਹੈ ਕਿ ਲੋਕ ਦੰਦਾਂ ਹੇਠ ਉਂਗਲਾਂ ਲੈਣ ਲਈ ਮਜ਼ਬੂਰ ਹਨ। ਸੜਕ ‘ਤੇ ਸ਼ਾਨ ਨਾਲ ਦੌੜਦਾ ਪੰਜਾਬੀਆਂ ਦਾ ਇਹ ਰਾਫੇਲ ਦਿੱਖ ਪੱਖੋ ਅਸਲੀ ਰਾਫੇਲ ਦੇ ਨੇੜੇ-ਤੇੜੇ ਢੁਕਦਾ ਹੈ।

ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਇਹ ਜਹਾਜ਼ ਬਠਿੰਡਾ ਦੇ ਕਸਬਾ ਰਾਮਾ ਮੰਡੀ ਦੇ  ਮਿਸਤਰੀ ਗੁਰਸੇਵਕ ਸਿੰਘ ਅਤੇ ਕੁਲਦੀਪ ਸਿੰਘ ਆਰਕੀਟੈਕਟ ਰਾਮਪਾਲ ਬੇਹਨੀਵਾਲ ਨੇ ਤਿਆਰ ਕੀਤਾ ਹੈ। ਆਰਕੀਟੈਕਟ ਰਾਮਪਾਲ ਬੇਹਨੀਵਾਲ ਮਿਸਤਰੀ ਗੁਰਸੇਵਕ ਸਿੰਘ ਅਤੇ ਕੁਲਦੀਪ ਸਿੰਘ ਨੇ ਇਸ ਨੂੰ ‘ਪੰਜਾਬ ਦਾ ਰਾਫੇਲ’ ਨਾਂ ਦਿੱਤਾ ਹੈ।

ਸੜਕਾਂ ’ਤੇ ਦੌੜਦੇ ਇਸ ਜਹਾਜ਼ ਦੀ ਇੰਟਰਨੈਟ ਮੀਡੀਆ ’ਤੇ ਖ਼ੂਬ ਚਰਚਾ ਹੈ। ਜਾਣਕਾਰੀ ਮਿਲਦੇ ਹੀ ਲੋਕ ਇਸ ਨੂੰ ਦੇਖਣ ਲਈ ਰਾਮਾ ਮੰਡੀ ਪਹੁੰਚਣ ਲੱਗੇ ਹਨ। ਇਸ ’ਤੇ ਢਾਈ ਲੱਖ ਰੁਪਏ ਲਾਗਤ ਆਈ ਹੈ। ਇਸ ਤੋਂ ਪਹਿਲਾਂ ਸਾਲ 2019 ’ਚ ਉਨ੍ਹਾਂ ਨੇ ਸਕਰੈਪ ਨਾਲ ਇਕ ਰੇਲਵੇ ਇੰਜਣ ਤਿਆਰ ਕੀਤਾ ਸੀ, ਜੋ ਕਿ ਰਿਫਾਇਨਰੀ ਦੀ ਟਾਊਨਸ਼ਿਪ ’ਚ ਸਥਾਪਿਤ ਕੀਤਾ ਗਿਆ ਹੈ।

ਇਸ ਵਾਰ ਉਨ੍ਹਾਂ ਨੇ ਸੜਕ ’ਤੇ ਚੱਲਣ ਵਾਲੇ ਜਹਾਜ਼ ਬਾਰੇ ਸੋਚਿਆ। ਇਸ ਦੇ ਲਈ ਉਨ੍ਹਾਂ ਦੇ ਦਿਮਾਗ ’ਚ ਸਭ ਤੋਂ ਪਹਿਲਾਂ ਮਾਰੂਤੀ ਦਾ ਇੰਜਣ ਇਸਤੇਮਾਲ ਕਰਨ ਦਾ ਵਿਚਾਰ ਆਇਆ। ਬੱਸ ਫਿਰ ਕੀ ਸੀ। ਕਰੀਬ ਇਕ ਮਹੀਨੇ ’ਚ ਹੀ ਉਨ੍ਹਾਂ ਲੜਾਕੂ ਜਹਾਜ਼ ਦੀ ਸ਼ਕਲ ’ਚ ਇਹ ਜਹਾਜ਼ ਤਿਆਰ ਕਰ ਦਿੱਤਾ। ਇਸ ਨੂੰ ਕਰੀਬ 20 ਕਿਲੋਮੀਟਰ ਦੀ ਸਪੀਡ ’ਤੇ ਚਲਾਇਆ ਜਾ ਸਕਦਾ ਹੈ। ਸੜਕ ’ਤੇ ਦੌੜਨ ਵਾਲਾ ਇਹ ਜਹਾਜ਼ 9 ਫੁੱਟ ਚੌੜਾ ਹੈ ਅਤੇ 18 ਫੁੱਟ ਲੰਬਾ ਹੈ।

ਇਸ ’ਚ ਕੇਵਲ ਮਾਰੂਤੀ ਦੇ ਇੰਜਣ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਇਸ ’ਚ ਚਾਰ ਟਾਇਰ ਲਗਾਏ ਗਏ ਹਨ। ਅੱਗੇ ਵਾਲੇ 2 ਟਾਇਰ ਛੋਟੇ ਹਨ, ਜਦਕਿ ਪਿਛਲੇ ਦੋਵੇਂ ਟਾਇਰ ਵੱਡੇ ਹਨ। ਇਸ ਨੂੰ ਬਣਾਉਣ ’ਤੇ ਕੁੱਲ ਢਾਈ ਲੱਖ ਰੁਪਏ ਦਾ ਖ਼ਰਚਾ ਆਇਆ ਹੈ। ਇਸ ਨੂੰ ਤਿਆਰ ਕੀਤੇ ਅਜੇ ਕੁੱਝ ਹੀ ਦਿਨ ਹੋਏ ਹਨ। ਲੋਕਾਂ ਵਲੋਂ ਇਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ ਕਿ ਰਾਮਪਾਲ ਬੇਹਨੀਵਾਲ ਦੀ ਵਜ੍ਹਾ ਨਾਲ ਉਨ੍ਹਾਂ ਦੇ ਪਿੰਡ ਦਾ ਨਾਂ ਮਸ਼ਹੂਰ ਹੋ ਚੁੱਕਾ ਹੈ।