ਡਾ: ਨਵਜੋਤ ਕੌਰ ਸਿੱਧੂ ਪਵਨ ਬਾਂਸਲ ਨੂੰ ਜਿਤਾਉਣ ਲਈ ਲਾਉਣਗੇ ਪੂਰਾ ਜ਼ੋਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਾ. ਸਿੱਧੂ ਨੇ ਚੰਡੀਗੜ੍ਹ ਤੋਂ ਪਵਨ ਬਾਂਸਲ ਨੂੰ ਟਿਕਟ ਦੇਣ ਦੇ ਫ਼ੈਸਲੇ ਉੱਤੇ ਤਸੱਲੀ ਪ੍ਰਗਟਾਈ

Dr: Navjot Kaur Sidhu

ਚੰਡੀਗੜ੍ਹ- ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਘਰ ਜਾਂ ਤਾਂ ਪਟਿਆਲਾ ਚ ਹੈ ਤੇ ਜਾਂ ਅੰਮ੍ਰਿਤਸਰ ਜਾਂ ਫਿਰ ਚੰਡੀਗੜ੍ਹ ਵਿਚ। ਪਟਿਆਲਾ ਚ ਕੋਈ ਸੀਟ ਖ਼ਾਲੀ ਨਹੀਂ ਸੀ, ਇਸ ਲਈ ਉਹ ਅੰਮ੍ਰਿਤਸਰ ਤੇ ਚੰਡੀਗੜ੍ਹ ਤੋਂ ਹੀ ਚੋਣ ਲੜ ਸਕਦੇ ਸਨ। ਹੋਰ ਕਿਸੇ ਥਾਂ ਤੋਂ ਨਹੀਂ। ਸ੍ਰੀ ਸਿੱਧੂ ਨੇ ਇਸ ਸੁਆਲ ਦੇ ਜਵਾਬ ਵਿਚ ਕਿਹਾ ਕਿ ਜਦੋਂ ਉਹ ਅੰਮ੍ਰਿਤਸਰ ਤੋਂ ਸੰਸਦੀ ਚੋਣ ਜਿੱਤੇ ਸਨ, ਤਦ ਉਨ੍ਹਾਂ ਨੇ ਉੱਥੇ ਆਪਣਾ ਘਰ ਖ਼ਾਸ ਤੌਰ ਉੱਤੇ ਬਣਵਾਇਆ ਸੀ; ਤਾਂ ਜੋ ਹਲਕੇ ਦੇ ਲੋਕਾਂ ਲਈ ਉਨ੍ਹਾਂ ਨੂੰ ਮਿਲਣਾ ਔਖਾ ਨਾ ਹੋਵੇ।

ਡਾ. ਸਿੱਧੂ ਨੇ ਚੰਡੀਗੜ੍ਹ ਤੋਂ ਪਵਨ ਬਾਂਸਲ ਨੂੰ ਟਿਕਟ ਦੇਣ ਦੇ ਫ਼ੈਸਲੇ ਉੱਤੇ ਤਸੱਲੀ ਪ੍ਰਗਟਾਈ ਤੇ ਕਿਹਾ ਕਿ ਉਹ ਹੁਣ ਸ੍ਰੀ ਬਾਂਸਲ ਨੂੰ ਜਿਤਾਉਣ ਲਈ ਕੰਮ ਕਰਨਗੇ। ਉਹ ਸੀਨੀਅਰ ਲੀਡਰ ਹਨ। ਉਂਝ ਡਾ. ਸਿੱਧੂ ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ਦੇ ਮਾਮਲੇ ਨੂੰ ਲੈ ਕੇ ਥੋੜ੍ਹੇ ਜਿਹੇ ਨਿਰਾਸ਼ ਵੀ ਵਿਖਾਈ ਦਿੱਤੇ ਸਨ ਪਰ ਇਸ ਦੇ ਬਾਵਜੂਦ ਉਹ ਹਮੇਸ਼ਾ ਵਾਂਗ ਚੜ੍ਹਦੀ ਕਲਾ ਵਿਚ ਸਨ।

ਡਾ. ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਚੰਡੀਗੜ੍ਹ ਦੇ ਪਿੰਡਾਂ ਵਿਚ ਕਦੇ ਕਿਸੇ ਐੱਮਪੀ ਨੇ ਗੇੜਾ ਹੀ ਨਹੀਂ ਮਾਰਿਆ, ਇਸ ਲਈ ਉਹ ਇਸ ਹਲਕੇ ਦੇ ਨੌਜਵਾਨਾਂ ਲਈ ਕੁਝ ਕਰਨਾ ਚਾਹੁੰਦੇ ਸਨ। ਚੰਡੀਗੜ੍ਹ ਚ ਵੋਟਾਂ ਆਖ਼ਰੀ ਗੇੜ ਵਾਲੇ ਦਿਨ ਭਾਵ 19 ਮਈ ਨੂੰ ਪੈਣੀਆਂ ਹਨ ਤੇ ਪੂਰੇ ਦੇਸ਼ ਦੇ ਨਤੀਜੇ 23 ਮਈ ਨੂੰ ਸੁਣਾਏ ਜਾਣਗੇ। ਸ੍ਰੀ ਪਵਨ ਬਾਂਸਲ ਪਿਛਲੀ ਵਾਰ ਚੰਡੀਗੜ੍ਹ ਸੰਸਦੀ ਹਲਕੇ ਤੋਂ ਭਾਜਪਾ ਦੇ ਕਿਰਨ ਖੇਰ ਤੋਂ ਲਗਭਗ 70 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ।

ਗ਼ੈਰਰਸਮੀ ਗੱਲਬਾਤ ਦੌਰਾਨ ਨਵਜੋਤ ਸਿੰਘ ਸਿੱਧੂ ਤੇ ਸ੍ਰੀਮਤੀ ਸਿੱਧੂ ਦੋਵੇਂ ਹੀ ਬੋਲਦੇ ਰਹੇ। ਸ੍ਰੀ ਸਿੱਧੂ ਨੇ ਕਿਹਾ ਕਿ ਜਦੋਂ ਵੀ ਕਦੇ ਉਹ ਬਾਹਰ ਦੇ ਦੌਰੇ ਉੱਤੇ ਹੁੰਦੇ ਹਨ, ਤਾਂ ਉਨ੍ਹਾਂ ਨੂੰ ਪਿੱਛੇ ਦੀ ਫ਼ਿਕਰ ਨਹੀਂ ਹੁੰਦੀ ਕਿਉਂਕਿ ਡਾ. ਨਵਜੋਤ ਕੌਰ ਸਭ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਲੈਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਪਤਨੀ ਦੇ ਹਰੇਕ ਸਟੈਂਡ ਵਿਚ ਪੂਰਾ ਸਾਥ ਦਿੱਤਾ ਹੈ।