ਚੰਡੀਗੜ੍ਹ ਤੋਂ ਚੋਣ ਕਿਉਂ ਲੜਨਾ ਚਾਹੁੰਦੀ ਹੈ ਨਵਜੋਤ ਕੌਰ ਸਿੱਧੂ, ਪੜ੍ਹੋ ਪੂਰੀ ਖ਼ਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵਜੋਤ ਕੌਰ ਸਿੱਧੂ ਨੇ ਦੱਸਿਆ ਚੰਡੀਗੜ੍ਹ ਸੀਟ ਤੋਂ ਚੋਣ ਲੜਨ ਦਾ ਕਾਰਨ

Navjot Kaur Sidhu

ਚੰਡੀਗੜ੍ਹ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਮੈਡਮ ਨਵਜੋਤ ਕੌਰ ਸਿੱਧੂ ਵਲੋਂ ਲੋਕਸਭਾ ਚੋਣਾਂ 2019 ਲਈ ਚੰਡੀਗੜ੍ਹ ਦੀ ਸੀਟ ਤੋਂ ਟਿਕਟ ਦੀ ਮੰਗ ਕੀਤੀ ਗਈ ਸੀ। ਇਸ ਸਬੰਧੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੰਮ ਅਤੇ ਜਜ਼ਬੇ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਹੀ ਟਿਕਟ ਦਿਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਇਕ ਛੋਟੀ ਯੂਨੀਅਨ ਟੈਰੀਟਰੀ ਹੈ ਅਤੇ ਇੱਥੇ ਵੋਟਾਂ ਵੀ ਘੱਟ ਹਨ ਅਤੇ ਉਹ ਬਹੁਤ ਥੋੜੇ ਸਮੇਂ ਦੇ ਵਿਚ ਇਸ ਖੇਤਰ ਨੂੰ ਕਵਰ ਕਰ ਸਕਦੇ ਹਨ।

ਉਨ੍ਹਾਂ ਨੇ ਕਿਹਾ ਕਿ ਇਹ ਸਭ ਵੇਖਦੇ ਹੋਏ ਮੈਂ ਚੰਡੀਗੜ੍ਹ ਤੋਂ ਟਿਕਟ ਦੀ ਮੰਗ ਕੀਤੀ ਸੀ। ਦੂਜੇ ਪਾਸੇ ਪਾਰਟੀ ਦੇ ਫ਼ਾਇਦੇ ਲਈ ਨਵਜੋਤ ਸਿੰਘ ਸਿੱਧੂ ਦੀ ਪਾਰਟੀ ਨੂੰ ਪ੍ਰਚਾਰਕ ਦੇ ਤੌਰ ਉਤੇ ਬਹੁਤ ਜ਼ਿਆਦਾ ਲੋੜ ਹੈ। ਇਸ ਲਈ ਜੇਕਰ ਉਨ੍ਹਾਂ ਨੂੰ ਸੀਟ ਕਿਤੋਂ ਹੋਰ ਮਿਲਦੀ ਹੈ ਤਾਂ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਨੂੰ ਜ਼ਿਆਦਾ ਸਮਾਂ ਦੇਣਾ ਹੋਵੇਗਾ, ਜੋ ਕਿ ਪਾਰਟੀ ਲਈ ਕਿਤੇ ਨਾ ਕਿਤੇ ਸਹੀ ਨਹੀਂ ਹੋਵੇਗਾ ਕਿਉੰਕਿ ਨਵਜੋਤ ਸਿੱਧੂ ਦੀ ਪਾਰਟੀ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ।

ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਨਵਜੋਤ ਸਿੱਧੂ ਦੀ ਚੰਡੀਗੜ੍ਹ ਵਿਚ ਉਨ੍ਹਾਂ ਨੂੰ ਮਦਦ ਦੀ ਜ਼ਰੂਰਤ ਪਵੇਗੀ ਕਿਉਂਕਿ ਚੰਡੀਗੜ੍ਹ ਵਿਚ ਉਹ ਖ਼ੁਦ ਅਪਣੀ ਟੀਮ ਦੇ ਨਾਲ ਮਿਲ ਕੇ ਵਧੀਆ ਢੰਗ ਨਾਲ ਕੰਮ ਕਰ ਸਕਦੇ ਹਨ। ਮੈਡਮ ਸਿੱਧੂ ਨੇ ਕਿਹਾ ਕਿ ਅਸੀਂ ਕਾਂਗਰਸ ਦੇ ਬਹੁਤ ਪੁਰਾਣੇ ਸਿਪਾਹੀ ਹਾਂ ਅਤੇ ਬਾਕੀ ਜਿਸ ਨੂੰ ਵੀ ਚੰਡੀਗੜ੍ਹ ਸੀਟ ਤੋਂ ਟਿਕਟ ਮਿਲਦੀ ਹੈ ਤਾਂ ਉਸ ਨਾਲ ਕੋਈ ਫ਼ਰਕ ਨਹੀਂ ਪਵੇਗਾ ਅਤੇ ਸਾਰੇ ਪਾਰਟੀ ਦੇ ਮੈਂਬਰ ਇਕੱਠੇ ਹੋ ਕੇ ਕੰਮ ਕਰਨਗੇ।

ਇਸ ਦੌਰਾਨ ਨਵਜੋਤ ਕੌਰ ਸਿੱਧੂ ਨੇ ਮੋਦੀ ਸਰਕਾਰ ਨੂੰ ਅਪਣੇ ਨਿਸ਼ਾਨਾ ’ਤੇ ਲੈਂਦੇ ਹੋਏ ਕਿਹਾ ਕਿ ਜੋ ਇਸ ਸਮੇਂ ‘ਸਲੋਗਨ’ ਚੱਲ ਰਿਹਾ ਹੈ ਕਿ ਚੌਂਕੀਦਾਰ ਚੋਰ ਹੈ ਉਹ ਬਿਲਕੁੱਲ ਸਹੀ ਹੈ। ਕਿਉਂਕਿ ਜਿਹੜੇ ਚੌਂਕੀਦਾਰ ਦੇ ਹੁੰਦਿਆਂ ਵੱਡੀਆਂ ਜ਼ਰੂਰੀ ਫ਼ਾਈਲਾਂ ਗੁੰਮ ਹੋ ਜਾਣ, ਸੀਬੀਆਈ ਡਿਸਟਾਰਟ ਹੋ ਜਾਵੇ, ਸੁਪਰੀਮ ਕੋਰਟ ਦੇ ਜੱਜਾਂ ਨੂੰ ਸੜਕਾਂ ਉਤੇ ਆਉਣਾ ਪੈ ਜਾਵੇ, ਆਰਬੀਆਈ ਡਿਸਟਾਰਟ ਹੋ ਜਾਵੇ, ਡਾਟਾ ਡਿਸਟਾਰਟ ਹੋ ਜਾਵੇ, ਅਜਿਹਾ ਚੌਂਕੀਦਾਰ ਕਿਸੇ ਨੂੰ ਨਹੀਂ ਚਾਹੀਦਾ।

ਉਨ੍ਹਾਂ ਨੇ ਕਿਹਾ ਕਿ ਜਿਹੜਾ ਹਿੰਦੁਸਤਾਨ ਦਾ ਰਿਵੀਨਿਊ ਦੁਨੀਆਂ ਤੋ ਵਾਪਸ ਲੈ ਕੇ ਆਉਣਾ ਸੀ ਤੇ ਹਿੰਦੁਸਤਾਨ ਦੇ ਲੋਕਾਂ ਦੇ ਖ਼ਾਤਿਆਂ ਵਿਚ 15-15 ਲੱਖ ਰੁਪਏ ਪਾਉਣਾ ਸੀ, ਉਸ ਦੀ ਜਗ੍ਹਾ ਦੇਸ਼ ਭਰ ਦੇ ਬੈਂਕਾਂ ਦਾ ਪੈਸਾ ਬਾਹਰ ਭੇਜਿਆ ਅਤੇ ਲੁੱਟਣ ਵਾਲਿਆਂ ਨੂੰ ਵੀ ਬਾਹਰ ਭੇਜਿਆ ਅਤੇ ਦੇਸ਼ ਨੂੰ ਲੁੱਟਣ ਲਈ ਉਨ੍ਹਾਂ ਦੇ ਹਵਾਲੇ ਕਰ ਦਿਤਾ, ਇਹੋ ਜਿਹਾ ਚੌਂਕੀਦਾਰ ਕਿਸੇ ਨੂੰ ਨਹੀਂ ਚਾਹੀਦਾ। ਹੁਣ ਲੋਕ ਸਮਝ ਚੁੱਕੇ ਹਨ।