ਬੇਅਦਬੀ ਅਤੇ ਬਰਗਾੜੀ ਗੋਲੀ ਕਾਂਡ ਮਾਮਲਾ : ਪੰਜਾਬ ਕਾਂਗਰਸ ਨਿਤਰੀ 'ਸਿਟ' ਦੀ ਹਮਾਇਤ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟੀਮ ਦੀ ਜਾਂਚ 'ਤੇ ਕੋਈ ਰੋਕ ਨਾ ਲੱਗੇ, ਕਾਂਗਰਸ ਦੀ ਮੰਗ

Pic

ਚੰਡੀਗੜ੍ਹ : ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ, ਬਰਗਾੜੀ ਗੋਲੀ ਕਾਂਡ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਬਚਾਅ ਵਿਚ ਅੱਜ ਪੰਜਾਬ ਕਾਂਗਰਸ ਮੈਦਾਨ ਵਿਚ ਨਿਤਰ ਆਈ। ਪੰਜਾਬ ਸਰਕਾਰ ਨੇ ਪਹਿਲਾਂ ਹੀ ਮੁੱਖ ਚੋਣ ਅਧਿਕਾਰੀ ਨੂੰ ਲਿਖਤੀ ਰੂਪ ਵਿਚ ਸਪੱਸ਼ਟ ਕਰ ਦਿਤਾ ਹੈ ਕਿ ਜਾਂਚ ਟੀਮ ਬਿਨਾਂ ਕਿਸੇ ਭਿੰਨ ਭੇਦ ਦੇ ਕਾਨੂੰਨ ਅਨੁਸਾਰ ਕੰਮ ਕਰ ਰਹੀ ਹੈ। ਅੱਜ ਇਥੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਇਕ ਵਫ਼ਦ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨਾਲ ਮੁਲਾਕਾਤ ਕਰ ਕੇ ਮੰਗ ਪੱਤਰ ਸੌਂਪਿਆ।

ਇਸ ਵਫ਼ਦ ਵਿਚ ਹੋਰਨਾਂ ਤੋਂ ਇਲਾਵਾ ਪੰਚਾਇਤ ਅਤੇ ਦਿਹਾਤੀ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਡਾ. ਰਾਜ ਕੁਮਾਰ ਵੇਰਕਾ ਅਤੇ ਕਈ ਹੋਰ ਕਾਂਗਰਸੀ ਵਿਧਾਇਕ ਅਤੇ ਆਗੂ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਬੇਅਦਬੀ ਅਤੇ ਗੋਲੀ ਚਲਾਉਣ ਦੇ ਦੋਸ਼ੀਆਂ ਨੂੰ ਫੜਨ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ ਅਤੇ ਇਸ ਟੀਮ ਨੇ ਪਿਛਲੇ ਥੋੜ੍ਹੇ ਸਮੇਂ ਵਿਚ ਹੀ ਘਟਨਾਵਾਂ ਦੇ ਦੋਸ਼ੀਆਂ ਨੂੰ ਪਕੜਿਆ ਹੈ।

ਹੁਣ ਜਾਂਚ ਟੀਮ ਇਨ੍ਹਾਂ ਘਟਨਾਵਾਂ ਦੇ ਸਾਜ਼ਸ਼ਕਾਰਾਂ ਨੂੰ ਪਕੜਣ ਦੇ ਨੇੜੇ ਪੁੱਜ ਗਈ ਹੈ ਅਤੇ ਅਕਾਲੀ ਦਲ ਦੇ ਆਗੂਆਂ ਵਿਚ ਇਸੀ ਕਾਰਨ ਬੁਖਲਾਹਟ ਪੈਦਾ ਹੋ ਗਈ ਹੈ। ਜਾਂਚ ਟੀਮ ਦੀ ਪੜਤਾਲ ਹੁਣ ਅੰਤਮ ਪੜਾਅ ਉਪਰ ਹੈ ਅਤੇ ਚੋਣ ਕਮਿਸ਼ਨ ਨੂੰ ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਵਿਚ ਕਿਸੀ ਕਿਸਮ ਦੀ ਰੋਕ ਨਹੀਂ ਲਗਾਉਣੀ ਚਾਹੀਦੀ। ਦਸਣਯੋਗ ਹੋਵੇਗਾ ਕਿ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬ) ਨੇ ਮੁੱਖ ਚੋਣ ਅਧਿਕਾਰੀ ਨੂੰ ਇਕ ਲਿਖਤੀ ਸ਼ਿਕਾਇਤ ਕਰ ਕੇ ਮੰਗ ਕੀਤੀ ਸੀ ਕਿ ਵਿਸ਼ੇਸ਼ ਜਾਂਚ ਟੀਮ ਦੇ ਸੀਨੀਅਰ ਪੁਲਿਸ ਅਫ਼ਸਰ ਕੁੰਵਰਵਿਜੇ ਪ੍ਰਤਾਪ ਸਿੰਘ, ਜਾਂਚ ਦੀ ਆੜ ਵਿਚ ਸਿਆਸਤ ਕਰ ਰਹੇ ਹਨ ਅਤੇ ਕਿਸੀ ਵੀ ਪੁਛਗਿੱਛ ਤੋਂ ਬਾਅਦ ਬਕਾਇਦਾ ਮੀਡੀਆ ਨੂੰ ਜਾਣਕਾਰੀ ਦਿੰਦੇ ਹਨ। ਉਹ ਚੋਣਾਂ ਸਮੇਂ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਹੀ ਇਸ ਤਰ੍ਹਾਂ ਦੀ ਕਾਰਵਾਈ ਕਰਦੇ ਹਨ। 

ਉਨ੍ਹਾਂ ਮੰਗ ਕੀਤੀ ਸੀ ਕਿ ਚੋਣਾਂ ਤਕ ਕੁੰਵਰਵਿਜੇ ਪ੍ਰਤਾਪ ਸਿੰਘ ਨੂੰ ਪੰਜਾਬ ਤੋਂ ਬਾਹਰ ਭੇਜਿਆ ਜਾਵੇ। ਚੋਣ ਕਮਿਸ਼ਨ ਵਲੋਂ ਇਸ ਸ਼ਿਕਾਇਤ ਸਬੰਧੀ ਪੰਜਾਬ ਸਰਕਾਰ ਤੋਂ ਰੀਪੋਰਟ ਮੰਗੀ ਗਈ ਅਤੇ ਸਰਕਾਰ ਨੇ ਇਸ ਜਾਂਚ ਟੀਮ ਦੀ ਪਿੱਠ ਥਾਪੜਦਿਆਂ ਕਿਹਾ ਕਿ ਟੀਮ ਨਿਯਮਾਂ ਅਨੁਸਾਰ ਅਪਣਾ ਕੰਮ ਕਰ ਰਹੀ ਹੈ। ਟੀਮ ਜਾਂਚ ਵਿਚ ਕਿਸੀ ਕਿਸਮ ਦੀ ਸਿਆਸਤ ਨਹੀਂ ਕਰ ਰਹੀ ਅਤੇ ਟੀਮ ਦੇ ਅਧਿਕਾਰੀ ਇਮਾਨਦਾਰ ਅਤੇ ਨਿਰਪੱਖ ਹਨ। ਇਸ ਲਈ ਕੁੰਵਰਵਿਜੇ ਪ੍ਰਤਾਪ ਸਿੰਘ ਨੂੰ ਪੰਜਾਬ ਤੋਂ ਬਾਹਰ ਭੇਜਣ ਦੀ ਕੋਈ ਲੋੜ ਨਹੀਂ। ਪੰਜਾਬ ਸਰਕਾਰ ਦੀ ਰੀਪੋਰਟ ਤੋਂ ਬਾਅਦ ਇਹ ਮਾਮਲਾ ਭਾਰਤੀ ਚੋਣ ਕਮਿਸ਼ਨ ਨੂੰ ਭੇਜਿਆ ਗਿਆ ਹੈ ਅਤੇ ਚੋਣ ਕਮਿਸ਼ਨ ਵਲੋਂ ਅਗਲੀ ਕਾਰਵਾਈ ਕੀਤੀ ਜਾਣੀ ਹੈ।

ਪੰਜਾਬ ਸਰਕਾਰ ਦੀ ਰੀਪੋਰਟ ਨੂੰ ਮੁੱਖ ਰਖਦਿਆਂ ਹੀ ਅੱਜ ਪ੍ਰਦੇਸ਼ ਕਾਂਗਰਸ ਵਫ਼ਦ ਜਾਂਚ ਟੀਮ ਦੀ ਹਮਾਇਤ ਵਿਚ ਨਿਤਰਿਆ ਅਤੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਜਾਂਚ ਜਦ ਨਤੀਜੇ 'ਤੇ ਪੁੱਜਣ ਲੱਗੀ ਹੈ ਤਾਂ ਇਸ ਉਪਰ ਕਿਸੀ ਕਿਸਮ ਦੀ ਰੋਕ ਨਾ ਲਗਾਈ ਜਾਵੇ। ਅਧਿਕਾਰੀ ਇਮਾਨਦਾਰੀ ਨਾਲ ਨਿਰਪੱਖ ਰਹਿ ਕੇ ਕੰਮ ਕਰ ਰਹੇ ਹਨ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਾਖੜ ਨੇ ਕਿਹਾ ਕਿ ਜਾਂਚ ਅਕਾਲੀ ਦਲ ਦੇ ਆਗੂਆਂ ਨੇੜੇ ਪੁੱਜ ਗਈ ਹੈ। ਇਸੀ ਕਾਰਨ ਉਹ ਡਰੇ ਹੋਏ ਹਨ ਅਤੇ ਚੋਣ ਕਮਿਸ਼ਨ ਦੀ ਆੜ ਵਿਚ ਜਾਂਚ ਨੂੰ ਰੁਕਵਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ, ਸ਼ਿਕਾਇਤਾਂ ਕਰ ਕੇ ਅਤੇ ਧਮਕੀਆਂ ਦੇ ਕੇ ਟੀਮ ਦੇ ਅਧਿਕਾਰੀਆਂ ਦਾ ਮਨੋਬਲ ਤੋੜਨਾ ਚਾਹੁੰਦਾ ਹੈ।

ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਕੋਈ ਵੀ ਅਜਿਹਾ ਕਦਮ ਨਹੀਂ ਉਠਾਉਣਾ ਚਾਹੀਦਾ ਜਿਸ ਨਾਲ ਜਾਂਚ ਵਿਚ ਰੁਕਾਵਟ ਆਵੇ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਬੇਅਦਬੀ ਦੇ ਮਾਮਲੇ ਵਿਚ ਘੋਰ ਅਪਰਾਧ ਕੀਤਾ ਹੈ ਅਤੇ ਹੁਣ ਉਨ੍ਹਾਂ ਨੂੰ ਇਸ ਦੀ ਸਜ਼ਾ ਭੁਗਤਣੀ ਹੋਵੇਗੀ।

ਬਾਕੀ ਉਮੀਦਵਾਰਾਂ ਦਾ ਐਲਾਨ ਜਲਦੀ ਹੋਵੇਗਾ : ਜਾਖੜ
ਸੁਨੀਲ ਜਾਖੜ ਨੇ ਪੱਤਰਕਾਰਾਂ ਵਲੋਂ ਪੁਛੇ ਜਾਣ 'ਤੇ ਦਸਿਆ ਕਿ ਬਾਕੀ ਹਲਕਿਆਂ ਦੇ ਉਮੀਦਵਾਰਾਂ ਦਾ ਐਲਾਨ ਅਗਲੇ ਦੋ ਚਾਰ ਦਿਨਾਂ ਵਿਚ ਹੀ ਕਰ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦੇ ਕੌਮੀ ਪ੍ਰਧਾਲ ਰਾਹੁਲ ਗਾਂਧੀ ਚੋਣ ਪ੍ਰਚਾਰ ਵਿਚ ਰੁਝੇ ਹੋਏ ਹਨ। ਜਿਉਂ ਹੀ ਉਨ੍ਹਾਂ ਵਲੋਂ ਸਮਾਂ ਦਿਤਾ ਜਾਂਦਾ ਹੈ, ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿਤਾ ਜਾਵੇਗਾ। ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਇਕ ਪਾਸੇ ਡੇਰਿਆਂ ਤੋਂ ਵੋਟਾਂ ਨਾ ਮੰਗਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਨੇਤਾ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ ਕਰਦੇ ਹਨ। ਜਾਖੜ ਨੇ ਕਿਹਾ ਕਿ ਇਹ ਸਾਰੇ ਜਾਣਦੇ ਹਨ ਕਿ ਉਹ ਕਿਸ ਡੇਰੇ ਦਾ ਵਿਰੋਧ ਕਰ ਰਹੇ ਹਨ।