'ਵੱਡੀਆਂ ਮੱਛੀਆਂ ਫੜਨ' ਦੀ ਮੰਗ ਨੂੰ ਲੈ ਕੇ ਬਰਗਾੜੀ ਮੋਰਚਾ ਮੁੜ ਤੋਂ ਸ਼ੁਰੂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਰਗਾੜੀ ਮੋਰਚੇ ਦੀ ਅਚਨਚੇਤ ਸਮਾਪਤੀ ਉਪਰੰਤ ਅਧੂਰੀਆਂ ਮੰਗਾਂ ਨੂੰ ਲੈ ਕੇ ਅੱਜ ਜਗਤਾਰ ਸਿੰਘ ਹਵਾਰਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਥਾਪਿਤ ਕੀਤੀ

Bargarhi Morcha

ਅੰਮ੍ਰਿਤਸਰ : ਬਰਗਾੜੀ ਮੋਰਚੇ ਦੀ ਅਚਨਚੇਤ ਸਮਾਪਤੀ ਉਪਰੰਤ ਅਧੂਰੀਆਂ ਮੰਗਾਂ ਨੂੰ ਲੈ ਕੇ ਅੱਜ ਜਗਤਾਰ ਸਿੰਘ ਹਵਾਰਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਥਾਪਿਤ ਕੀਤੀ 5 ਮੈਂਬਰੀ ਕਮੇਟੀ, ਸਮੂਹ ਪੰਥਕ ਜਥੇਬੰਦੀਆਂ ਤੇ ਇਲਾਕਾ ਨਿਵਾਸੀਆਂ ਨੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਬਾਹਰ ਮੰਗਾਂ ਦੀ ਪੂਰਤੀ ਲਈ ਸ਼ਾਂਤਮਈ ਰੋਸ ਧਰਨਾ ਦਿੱਤਾ। ਉਂਝ ਬਰਗਾੜੀ ਇਨਸਾਫ ਮੋਰਚਾ ਦੇ ਮੁੱਖ ਪ੍ਰਬੰਧਕ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਮਾਨ ਅਕਾਲੀ ਦਲ, ਅਕਾਲੀ ਦਲ ਯੂਨਾਈਟਿਡ ਤੇ ਹੋਰ ਇਸ ਤੋਂ ਲਾਂਭੇ ਹਨ।

ਸੁਖਪਾਲ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਨੇ ਵੀ ਸ਼ਮੂਲੀਅਤ ਕੀਤੀ। ਪੰਜ ਮੈਂਬਰੀ ਕਮੇਟੀ ਨੇ ਬਰਗਾੜੀ ਇਨਸਾਫ਼ ਮੋਰਚੇ ਨੂੰ ਅਧੂਰਾ ਕਰਾਰ ਦਿੰਦਿਆਂ ਬੁੱਧਵਾਰ ਨੂੰ ਅੰਮ੍ਰਿਤਸਰ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਤੇ ਬਾਕੀ ਮੁੱਦਿਆਂ ਨੂੰ ਲੈ ਕੇ ਮੋਰਚੇ ਦੇ ਦੂਜੇ ਪੜਾਅ ਤਹਿਤ ਕੇਂਦਰੀ ਜੇਲ੍ਹ ਬਾਹਰ ਧਰਨਾ ਦਿੱਤਾ। ਮੋਰਚੇ ਦਾ ਦੂਜਾ ਪੜਾਅ ਸ਼ੁਰੂ ਕਰਦਿਆਂ ਪੰਜ ਮੈਂਬਰੀ ਕਮੇਟੀ ਨੇ ਆਖਿਆ ਕਿ ਸਰਕਾਰ ਨੂੰ ਸਿੱਖ ਮੰਗਾਂ ਮੰਨਣ ਵਾਸਤੇ 15 ਫਰਵਰੀ ਤੱਕ ਦਾ ਅਲਟੀਮੇਟਮ ਦਿੱਤਾ ਸੀ। ਸਰਕਾਰ ਨੇ ਕੋਈ ਹੁੰਗਾਰਾ ਨਹੀਂ ਭਰਿਆ ਤੇ ਨਾ ਹੀ ਮੰਗਾਂ ਮੰਨੀਆਂ ਹਨ।

ਜਿਸ ਦੇ ਸਿੱਟੇ ਵਜੋਂ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਬਾਹਰ ਰੋਸਮਈ ਧਰਨਾ ਦਿੱਤਾ ਗਿਆ। ਜਗਤਾਰ ਸਿੰਘ ਹਵਾਰਾ ਵੱਲੋਂ ਗਠਿਤ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਅਮਰ ਸਿੰਘ ਚਾਹਲ ਐਡਵੋਕੇਟ, ਪ੍ਰੋ. ਬਲਜਿੰਦਰ ਸਿੰਘ, ਭਾਈ ਨਰਾਇਣ ਸਿੰਘ ਚੌੜਾ, ਮਾਸਟਰ ਸੰਤੋਖ ਸਿੰਘ, ਜਸਪਾਲ ਸਿੰਘ ਹੇਰਾਂ ਤੋਂ ਇਲਾਵਾ ਇਸ ਧਰਨੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਬਰਤਰਫ ਕੀਤੇ ਪੰਜ ਪਿਆਰਿਆਂ ਨੇ ਵੀ ਸਮਰਥਨ ਦਿੱਤਾ। ਪੰਜਾਬੀ ਏਕਤਾ ਪਾਰਟੀ ਤੇ ਹੋਰ ਸਹਿਯੋਗੀ ਸਿੱਖ ਜਥੇਬੰਦੀਆਂ ਨੇ ਵੀ ਇਸ ਵਿੱਚ ਸ਼ਮੂਲੀਅਤ ਕੀਤੀ।

ਕਮੇਟੀ ਦੇ ਆਗੂਆਂ ਨੇ ਆਖਿਆ ਕਿ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਬਾਕੀ ਰਹਿੰਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੁਰੰਤ ਕੀਤੀ ਜਾਵੇ, ਸਾਜਿਸ਼ਕਰਤਾ ਵਜੋਂ ਡੇਰਾ ਸਿਰਸਾ ਦੇ ਮੁਖੀ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇ, ਬਹਿਬਲ ਕਲਾਂ ਗੋਲੀ ਕਾਂਡ ਵਿੱਚ ਸਾਬਕਾ ਡੀਜੀਪੀ ਤੇ ਬਾਦਲਾਂ ਨੂੰ ਕਾਨੂੰਨੀ ਘੇਰੇ ਵਿੱਚ ਲੈ ਕੇ ਅਦਾਲਤੀ ਕਾਰਵਾਈ ਕੀਤੀ ਜਾਵੇ, ਜੇਲ੍ਹਾਂ ਵਿੱਚ ਬੰਦ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਤੁਰੰਤ ਰਿਹਾਈ ਤੇ ਪੰਜਾਬ ਤੋਂ ਬਾਹਰ ਜੇਲ੍ਹਾਂ ਵਿਚ ਨਜ਼ਰਬੰਦ ਸਿੱਖ ਕੈਦੀਆਂ ਨੂੰ ਪੰਜਾਬ ਵਿੱਚ ਤਬਦੀਲ ਕੀਤਾ ਜਾਵੇ।

ਰੋਸ ਧਰਨੇ ਵਿੱਚ 1986 ਨਕੋਦਰ ਕਾਂਡ, ਜਿਸ ਵਿਚ ਚਾਰ ਸਿੱਖ ਨੌਜਵਾਨ ਪੁਲੀਸ ਗੋਲੀ ਨਾਲ ਮਾਰੇ ਗਏ ਸਨ, ਦੇ ਸਬੰਧ ਵਿਚ ਕਸੂਰਵਾਰ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਤੇ ਮੌੜ ਬੰਬ ਕਾਂਡ ਦੇ ਕਸੂਰਵਾਰਾਂ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਗਈ।