ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ 'ਤੇ ਹਮਲਾ, ਘਰ ਅੰਦਰ ਵੜ ਕੇ ਮੁੰਡਿਆਂ ਨੇ ਚਲਾਏ ਇੱਟਾਂ-ਪੱਥਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਜ਼ੁਰਗ ਔਰਤ ਸਮੇਤ ਦੋ ਜ਼ਖ਼ਮੀ, CCTV 'ਚ ਕੈਦ ਹੋਈ ਸਾਰੀ ਘਟਨਾ 

Punjab News

ਡੇਰਾਬੱਸੀ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ 'ਤੇ ਹਮਲਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕਾਂ ਵਲੋਂ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਕੇ ਇੱਟਾਂ-ਪੱਥਰ ਵਰ੍ਹਾਏ ਗਏ ਜਿਸ ਵਿਚ ਇੱਕ ਔਰਤ ਸਮੇਤ ਦੋ ਲੋਕ ਜ਼ਖ਼ਮੀ ਹੋ ਗਏ ਹਨ।

ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੇਕੇ ਪਰਿਵਾਰ ਜੋ ਪਿੰਡ ਅਮਲਾਲਾ ਵਿਖੇ ਰਹਿੰਦਾ ਹੈ, ਪਿੰਡ ਦੇ ਹੀ ਕੁਝ ਵਿਅਕਤੀਆਂ ’ਤੇ ਉਨ੍ਹਾਂ ਦੇ ਘਰ ’ਤੇ ਇੱਟਾਂ-ਪੱਥਰਾਂ ਨਾਲ ਹਮਲਾ ਕੀਤਾ ਹੈ। ਹਮਲੇ 'ਚ 70 ਸਾਲਾ ਬਜ਼ੁਰਗ ਔਰਤ ਸਮੇਤ ਦੋ ਵਿਅਕਤੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਸ਼ਰਾਬ ਤਸਕਰਾਂ ਨੂੰ ਕਾਬੂ ਕਰਨ ਗਈ ਪੁਲਿਸ 'ਤੇ ਹਮਲਾ, ਕਈ ਜ਼ਖ਼ਮੀ 

ਹਮਲੇ 'ਚ ਜ਼ਖ਼ਮੀ ਹੋਈ ਬਜ਼ੁਰਗ ਔਰਤ ਧਰਮ ਕੌਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨੂੰਹ ਦੀ ਦਾਦੀ ਹੈ। ਹਸਪਤਾਲ ਵਿੱਚ ਦਾਖ਼ਲ ਧਰਮ ਕੌਰ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਦੋ ਲੜਕਿਆਂ, ਨੂੰਹ ਅਤੇ ਨਨਾਣ ਦੇ ਲੜਕੇ ਨਾਲ ਘਰ ਵਿੱਚ ਸੀ।

ਇਸ ਦੌਰਾਨ ਸੜਕ ਤੋਂ ਲੰਘ ਰਹੇ ਉਸ ਦੇ ਚਚੇਰੇ ਭਰਾ ਨੇ ਉਸ ਦੇ ਲੜਕੇ ਨਾਲ ਬਿਨਾਂ ਕਿਸੇ ਗੱਲ ਤੋਂ ਝਗੜਾ ਸ਼ੁਰੂ ਕਰ ਦਿੱਤਾ। ਜਦੋਂ ਉਸ ਦਾ ਲੜਕਾ ਆਪਣੀ ਜਾਨ ਬਚਾ ਕੇ ਘਰ ਆਇਆ ਤਾਂ ਦੂਜੇ ਪੱਖ ਨੇ ਉਸ ਦੇ ਘਰ ਹਮਲਾ ਕਰ ਦਿੱਤਾ। ਦਰਵਾਜ਼ਾ ਬੰਦ ਹੋਣ ਕਾਰਨ ਹਮਲਾਵਰਾਂ ਨੇ ਘਰ ਦੇ ਅੰਦਰ ਇੱਟਾਂ-ਰੋੜੇ ਵਰ੍ਹਾਏ।

ਇਸ ਹਮਲੇ ਵਿੱਚ ਬਜ਼ੁਰਗ ਔਰਤ ਅਤੇ ਉਸ ਦੀ ਨਨਾਣ ਦਾ ਲੜਕਾ ਹਰਨੇਕ ਸਿੰਘ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਹਮਲੇ ਦੀ ਸਾਰੀ ਘਟਨਾ ਘਰ ਦੇ ਸਾਹਮਣੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਰੀਬ ਇੱਕ ਦਰਜਨ ਵਿਅਕਤੀ ਘਰ 'ਤੇ ਹਮਲਾ ਕਰ ਰਹੇ ਹਨ।

ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਡੇਰਾਬੱਸੀ ਦੇ ਪ੍ਰਧਾਨ ਜਸਕੰਵਲ ਸਿੰਘ ਸੇਖੋਂ ਨੇ CCTV ਤਸਵੀਰਾਂ ਖੰਗਾਲੀਆਂ ਜਾ ਰਹੀਆਂ ਹਨ ਅਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।