ਸੁਲਤਾਨਪੁਰ ਲੋਧੀ ਨੇੜੇ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ
ਦਰੱਖਤ ਨਾਲ ਟੱਕਰ ਤੋਂ ਬਾਅਦ ਚਕਨਾਚੂਰ ਹੋਈ ਗੱਡੀ!
ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਤੋਂ ਥੋੜ੍ਹੀ ਦੂਰੀ ’ਤੇ ਸਥਿਤ ਤਾਸ਼ਪੁਰ ਪਿੰਡ 'ਤੇ ਮੋੜ ਨੇੜੇ ਡਡਵਿੰਡੀ-ਤਾਸ਼ਪੁਰ ਰੋਡ ’ਤੇ ਵਾਪਰੇ ਇਕ ਭਿਆਨਕ ਹਾਦਸੇ ’ਚ 2 ਵਿਅਕਤੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਜੋਗਾ ਸਿੰਘ ਪੁੱਤਰ ਚਰਨ ਸਿੰਘ ਵਾਸੀ ਪੱਤੀ ਸ਼ਾਲਾ ਨਗਰ ਮਲਸੀਆਂ (ਜਲੰਧਰ) ਅਤੇ ਰਘਬੀਰ ਸਿੰਘ ਪੁੱਤਰ ਮਨਜੀਤ ਸਿੰਘ ਪੱਤੀ ਅਕਲਪੁਰ ਮਲਸੀਆਂ (ਜਲੰਧਰ) ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੋੜ ਤੋਂ ਮੁੜਦੇ ਸਮੇਂ ਕਾਰ ਇੱਕ ਦਰੱਖਤ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦੇ ਟੋਟੇ-ਟੋਟੇ ਹੋ ਗਏ। ਇਸ ਭਿਆਨਕ ਹਾਦਸੇ ਵਿਚ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਗੱਡੀ ਵੀ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਮ੍ਰਿਤਕਾਂ ਵਿਚੋਂ ਡਰਾਈਵਰ ਦੀ ਉਮਰ ਕਰੀਬ 60 ਸਾਲ ਅਤੇ ਨਾਲ ਬੈਠੇ ਰਘਬੀਰ ਸਿੰਘ ਦੀ ਉਮਰ ਕਰੀਬ 30 ਸਾਲ ਦੱਸੀ ਜਾ ਰਹੀ ਹੈ।
ਫਿਲਹਾਲ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸੁਲਤਾਨਪੁਰ ਲੋਧੀ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਗਿਆ ਹੈ, ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਧਾਰਾ 174 ਅਧੀਨ ਕਾਰਵਾਈ ਕੀਤੀ ਜਾ ਰਹੀ ਹੈ।