ਬਠਿੰਡਾ ਦੇ ਕੋਰਟ ਕੰਪਲੈਕਸ ਵਿੱਚ ਕੁੱਟਮਾਰ ਦਾ ਮਾਮਲਾ, ਪੀੜਤਾ ਦੇ ਪਤੀ ਵਿਰੁਧ ਮਾਮਲਾ ਦਰਜ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਸੀ ਮਾਮਲੇ ਦਾ ਸੋ-ਮੋਟੋ ਨੋਟਿਸ

Case of assault in Bathinda court complex

ਬਠਿੰਡਾ : ਬਠਿੰਡਾ ਦੇ ਕੋਰਟ ਕੰਪਲੈਕਸ ਵਿੱਚ ਬਾਅਦ ਦੁਪਹਿਰ ਗੁਰਮੀਤ ਕੌਰ ਨਾਮਕ ਔਰਤ ਨਾਲ ਕੁੱਟਮਾਰ ਕਰਨ ਵਾਲੇ ਉਸ ਦੇ ਹੀ ਪਤੀ ਬਲਵਿੰਦਰ ਸਿੰਘ ਵਿਰੁਧ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਬਲਵਿੰਦਰ ਸਿੰਘ ਨਸ਼ਾ ਤਸਕਰੀ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਨਾਲ ਪਿਛਲੇ ਲੰਬੇ ਸਮੇਂ ਤੋਂ ਰਹਿ ਰਿਹਾ ਸੀ। ਜਿਸ ਦਾ ਉਸ ਦੀ ਪਤਨੀ ਗੁਰਮੀਤ ਕੌਰ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ। ਉਹ ਅੱਜ ਬਠਿੰਡਾ ਅਦਾਲਤ ਵਿੱਚ ਪਹੁੰਚਿਆ ਜਿੱਥੇ ਮੁਲਜ਼ਮ ਅਮਨਦੀਪ ਕੌਰ ਨੂੰ ਪੇਸ਼ ਕੀਤਾ ਜਾਣਾ ਸੀ। ਇਸ ਦੌਰਾਨ ਮੌਕੇ ’ਤੇ ਪਹੁੰਚੀ ਗੁਰਮੀਤ ਕੌਰ ਨਾਲ ਬਲਵਿੰਦਰ ਸਿੰਘ ਵਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਸੀ। 

ਇਸ ਤੋਂ ਪਹਿਲਾਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮਾਮਲੇ ਦਾ ਸੋ-ਮੋਟੋ ਨੋਟਿਸ ਲਿਆ ਸੀ ਅਤੇ “ਔਰਤਾਂ ਲਈ ਪੰਜਾਬ ਰਾਜ ਕਮਿਸ਼ਨ ਐਕਟ, 2001" ਤਹਿਤ ਸੋ-ਮੋਟੋ ਲੈਂਦਿਆਂ ਹੋਇਆਂ ਮਾਨਯੋਗ ਚੇਅਰਪਰਸਨ, ਪੰਜਾਬ ਰਾਜ ਮਹਿਲਾ ਕਮਿਸ਼ਨ ਰਾਜ ਲਾਲੀ ਗਿੱਲ ਨੇ ਹੁਕਮ ਦਿਤੇ ਹਨ ਕਿ ਵਿਸ਼ੇ ਵਿੱਚ ਦਰਜ ਕੇਸ ’ਤੇ ਤੁਰੰਤ ਡਿਪਟੀ ਸੁਪਰਡੰਟ ਆਫ ਪੁਲਿਸ ਰੈਂਕ ਦੇ ਅਧਿਕਾਰੀ ਤੋਂ ਪੜਤਾਲ/ਕਾਰਵਾਈ ਕਰਵਾਈ ਜਾਵੇ ਅਤੇ ਕੀਤੀ ਗਈ ਕਾਰਵਾਈ ਸਬੰਧੀ ਕਮਿਸ਼ਨ ਨੂੰ ਦੋ ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਉਕਤ ਦਰਸਾਈ ਈਮੇਲ ਤੇ ਭੇਜਣੀ ਯਕੀਨੀ ਬਣਾਈ ਜਾਵੇ ਤਾਂ ਜੋ ਉਸ ਅਨੁਸਾਰ ਇਸ ਕੇਸ ਤੇ ਅਗਲੇਰੀ ਕਾਰਵਾਈ ਕੀਤੀ ਜਾ ਸਕੇ ਜੀ।

ਇਸ ਦੌਰਾਨ ਮਹਿਲਾ ਕਾਂਸਟੇਬਲ ਤੋਂ ਨਸ਼ਾ ਮਿਲਣ ਦੇ ਮਾਮਲੇ ’ਚ ਪੁਲਿਸ ਨੂੰ ਅਮਨਦੀਪ ਕੌਰ ਦਾ ਦੋ ਦਿਨ ਦਾ ਰਿਮਾਂਡ ਮਿਲ ਗਿਆ ਹੈ। ਪੁਲਿਸ ਨੇ ਉਸ ਦੇ ਸਾਥੀ ਬਲਵਿੰਦਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੈ। ਪੁਲਿਸ ਨੇ ਅਦਾਲਤ ਤੋਂ ਇੱਕ ਹਫਤੇ ਦਾ ਰਿਮਾਂਡ  ਮੰਗਿਆ ਸੀ। ਅਮਨਦੀਪ ਕੌਰ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿਤਾ ਗਿਆ ਸੀ।