ਬਾਲਾਕੋਟ ਹਮਲੇ ਦੇ ਸਬੂਤ ਮੰਗਣਾ ਕੋਈ ਗਲਤ ਨਹੀਂ : ਕੈਪਟਨ ਅਮਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਲਾਕੋਟ ਹਵਾਈ ਹਮਲੇ ਦੇ ਮਾਮਲੇ ‘ਚ ਕਾਂਗਰਸ ਵਿਰੁੱਧ....

Captain Amrinder Singh

ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਲਾਕੋਟ ਹਵਾਈ ਹਮਲੇ ਦੇ ਮਾਮਲੇ ‘ਚ ਕਾਂਗਰਸ ਵਿਰੁੱਧ ਭਾਜਪਾ ਦੇ ਝੂਠੇ ਪ੍ਰਚਾਰ ਨੂੰ ਪੂਰੀ ਤਰ੍ਹਾਂ ਖਾਰਜ਼ ਕਰ ਦਿੱਤਾ। ਕੈਪਟਨ ਨੇ ਪਾਰਟੀ  ਦੇ ਰੁਖ਼ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਨਰੇਂਦਰ ਮੋਦੀ ਸਰਕਾਰ ਵਲੋਂ ਸਬੂਤ ਮੰਗਣ ‘ਚ ਕੁਝ ਵੀ ਗਲਤ ਨਹੀਂ ਹੈ। ਗੱਲਬਾਤ ਦੌਰਾਨ ਇਸ ਹਮਲੇ ਦਾ ਸਬੂਤ ਮੰਗਣ ‘ਤੇ ਭਾਜਪਾ ਵੱਲੋਂ ਕਾਂਗਰਸ ਨੂੰ ਰਾਸ਼ਟਰ ਵਿਰੋਧੀ ਦੱਸੇ ਜਾਣ ਸਬੰਧੀ ਪੁੱਛੇ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਵੱਲੋਂ ਕੀਤੇ ਦਾਅਵੇ ਮੁਤਾਬਕ ਹਮਲੇ ਸਫ਼ਲ ਹੋਏ ਹਨ ਤਾਂ ਇਹ ਸਾਡੇ ਮੁਲਕ ਅਤੇ ਸਾਰਿਆਂ ਲਈ ਬਹੁਤ ਹੀ ਮਾਣ ਦੀ ਗੱਲ ਹੈ।

ਇਸ ਲਈ ਇਹ ਦੱਸਿਆ ਜਾਵੇ ਕਿ ਸਾਡੀ ਫ਼ੌਜ ਨੇ ਪਾਕਿਸਤਾਨ  ਦੇ ਘੁਮੰਡ ਨੂੰ ਕਿਵੇਂ ਚੂਰ-ਚੂਰ ਕੀਤਾ। ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਕਿ ਜਦੋਂ ਕਿਸੇ ਹਮਲੇ  ਦੇ ਪ੍ਰਮਾਣ ਬਾਰੇ ਕਿਹਾ ਗਿਆ ਹੈ ।  ਉਨ੍ਹਾਂਨੂੰ ਯਾਦ ਹੈ ਕਿ ਸੰਨ 1965 ਵਿੱਚ ਵੀ ਫੌਜ ਦਾ ਇੱਕ ਮੇਜਰ ਸਰਹਦ ਪਾਰ ਮਾਰੇ ਗਏ ਦੁਸ਼ਮਨਾਂ ਦੇ ਕੱਟੇ ਹੋਏ ਕੰਨ ਲੈ ਕੇ ਆਇਆ ਸੀ।  ਜਿਨ੍ਹਾਂ ਨੇ ਭਾਰਤ ਦੀ ਕਾਰਵਾਈ ਸਬੰਧੀ ਸ਼ੱਕ ਦੂਰ ਕਰ ਦਿੱਤੀ ਸੀ। ਇਸੇ ਤਰ੍ਹਾਂ ਕਾਰਗਿਲ ਆਪਰੇਸ਼ਨ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਸਬੂਤਾਂ ਦੀ ਮੰਗ ਕਰਨਾ ਕਿਸੇ ਵੀ ਤਰ੍ਹਾਂ ਰਾਸ਼ਟਰ ਵਿਰੋਧੀ ਨਹੀਂ ਹੈ।

ਕੈਪਟਨ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਸਾਡੇ ਮਿਗ-21 ਜਹਾਜ ਨੇ ਪਾਕਿਸਤਾਨ ਦੇ ਐਫ-16 ਜਹਾਜ਼ ਨੂੰ ਜ਼ਮੀਨ ‘ਤੇ ਮਾਰ ਸੁੱਟਿਆ ਅਤੇ ਇਸੇ ਤਰ੍ਹਾਂ ਬਾਲਾਕੋਟ ‘ਚ ਸਾਡੀ ਹਵਾਈ ਫੌਜ ਵੱਲੋਂ ਕੀਤੇ ਹਮਲੇ ਦੀ ਸਫ਼ਲਤਾ ਬਾਰੇ ਜਾਣ ਕੇ ਵੀ ਖੁਸ਼ੀ ਹੋਵੇਗੀ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਵੱਲੋਂ ਹਵਾਈ ਫੌਜ ਦੀਆਂ ਕਾਰਵਾਈਆਂ ਦਾ ਚੁਨਾਵੀ ਮੁਨਾਫ਼ਾ ਲੈਣ ਅਤੇ ਸ਼ਹੀਦ ਸੈਨਿਕਾਂ ਦੇ ਨਾਮ ‘ਤੇ ਵੋਟ ਮੰਗਣ ਨੂੰ ਸ਼ਰਮਨਾਕ ਕੋਸ਼ਿਸ਼ ਕਰਾਰ ਦਿੰਦੇ ਹੋਏ ਉਨ੍ਹਾਂ ਦੀ ਸਖ਼ਤ ਆਲੋਚਨਾ ਕੀਤੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਮੈਂ ਇੱਕ ਫੌਜੀ ਇਤਿਹਾਸਕਾਰ ਹਾਂ ਅਤੇ ਜੇ ਮੋਦੀ ਹਵਾਈ ਹਮਲੇ ਦੇ ਸਬੂਤ ਮੀਡੀਆ ਜਾਂ ਕਾਂਗਰਸ ਨੂੰ ਨਹੀਂ ਦੇਣਾ ਚਾਹੁੰਦੇ ਤਾਂ ਉਹ ਮੈਨੂੰ ਭੇਜ ਸਕਦੇ ਹਨ।

ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇਤਾ ਵੱਲੋਂ ਆਪਣੇ ਭਾਸ਼ਣ ‘ਚ ਕੀਤੇ ਜਾ ਰਹੇ ਦਾਅਵਿਆਂ ਮੁਤਾਬਿਕ ਜੇਕਰ ਭਾਰਤੀ ਹਵਾਈ ਫੌਜ ਨੇ ਸਫ਼ਲਤਾ ਹਾਸਲ ਕੀਤੀ ਹੈ ਤਾਂ ਇਕ ਸਾਬਕਾ ਫੌਜੀ ਅਤੇ ਭਾਰਤੀ ਹੋਣ ਦੇ ਨਾਤੇ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਮਾਣ ਮਹਿਸੂਸ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਬਾਲਾਕੋਟ ਵਿਚ ਸੈਂਕੜਿਆਂ ਲੋਕਾਂ ਦੇ ਮਾਰੇ ਜਾਣ ਬਾਰੇ ਦਾਵਿਆਂ ਦੀ ਖੇਡ ਭਾਜਪਾ ਨੇ ਹੀ ਸ਼ੁਰੂ ਕੀਤਾ ਸੀ ਜਿਸਦੇ ਨਾਲ ਉਹ ਹਵਾਈ ਫੌਜ ਦੀਆਂ ਪ੍ਰਾਪਤੀਆਂ ਦਾ ਸਹਿਰਾ ਆਪਣੇ ਸਿਰ ਬੰਨ੍ਹ ਸਕੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਤਾਂ ਇਨ੍ਹਾਂ ਦਾਵਿਆਂ ਬਾਰੇ ਸਬੂਤਾਂ ਦੀ ਮੰਗ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਭਾਜਪਾ ਨੂੰ ਭਾਰਤੀ ਫੌਜ ਦੀ ਵੱਡੀ ਸਫਲਤਾ ਬਾਰੇ ਦੁਨੀਆ ਭਰ ਨੂੰ ਦੱਸਣ ਦਾ ਮੌਕਾ ਗੁਆਉਣਾ ਨਹੀਂ ਚਾਹੀਦਾ ਹੈ। ਭਾਜਪਾ ਵੱਲੋਂ ਕਾਂਗਰਸ ਵਿਰੁੱਧ ‘ਟੁਕੜਾ-ਟੁਕੜਾ ਗੈਂਗ’  ਦੇ ਲਗਾਏ ਜਾ ਰਹੇ ਦੋਸ਼ਾਂ ‘ਤੇ ਸਖ਼ਤ ਪੱਖ ਦਿਖਾਉਂਦੇ ਹੋਏ ਕੈਪਟਨ ਅਮਰਿੰਦਰ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਭਾਜਪਾ ਅਤੇ ਇਸਦੇ ਨੇਤਾ ਆਪਣੀ ਫੁੱਟ ਪਾਉ ਰਾਜਨੀਤੀ ਅਤੇ ਨਾਪਾਕ ਏਜੰਡੇ ਦੇ ਨਾਲ ਮੁਲਕ ਦੇ ਟੁਕੜੇ -ਟੁਕੜੇ ਕਰ ਰਹੇ ਹੈ ਜਿਸਦੇ ਨਾਲ ਧਰਮ ਅਤੇ ਜਾਤੀ ਆਦਿ ਦੇ ਆਧਾਰ ‘ਤੇ ਲੋਕਾਂ ਦੇ ਦਰਮਿਆਨ ਨਫ਼ਰਤ ਦੇ ਬੀਜ ਬੀਜੇ ਜਾ ਸਕਣ।