ਵੋਟਾਂ ਤੋਂ ਬਾਅਦ ਬੇਅਦਬੀ ਜਾਂਚ ਦੀ ਜਿੰਮੇਵਾਰੀ ਮੁੜ ਕੁੰਵਰ ਵਿਜੇ ਪ੍ਰਤਾਪ ਨੂੰ ਦੇਵਾਂਗਾ : ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਆਪਣੇ ਪਹਿਲੇ ਅੰਦਾਜ਼ ‘ਚ ਦਿਖੇ...

Captain Amrinder Singh

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਆਪਣੇ ਪਹਿਲੇ ਅੰਦਾਜ਼ ‘ਚ ਦਿਖੇ, ਜਿਸ ਬਾਰੇ ਲੋਕ ਉਨ੍ਹਾਂ ਤੋਂ ਲੰਬੇ ਸਮੇਂ ਤੋਂ ਉਮੀਦ ਕਰ ਰਹੇ ਸਨ। ਕਰਤਾਰਪੁਰ ਵਿੱਚ ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਨੇੜੇ ਕੀਤੀ ਚੋਣ ਰੈਲੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁਲਵਾਮਾ ’ਤੇ ਵੋਟਾਂ ਮੰਗਣ ਅਤੇ ਬਾਦਲਾਂ ਨੂੰ ਬੇਅਦਬੀ ਦੇ ਮਾਮਲੇ ਵਿੱਚ ਰਗੜੇ ਲਾਏ। ਉਨ੍ਹਾਂ ਸਪੱਸ਼ਟ ਐਲਾਨ ਕੀਤਾ ਕਿ ਤਿੰਨ ਹਫ਼ਤਿਆਂ ਬਾਅਦ ਚੋਣ ਜ਼ਾਬਤਾ ਖਤਮ ਹੁੰਦੇ ਸਾਰ ਹੀ ਅਗਲੇ ਦਿਨ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਿਟ ਦੀ ਮੁੜ ਜ਼ਿੰਮੇਵਾਰੀ ਸੌਂਪੀ ਜਾਵੇਗੀ।

ਉਨ੍ਹਾਂ ਇਹ ਤਾੜਨਾ ਵੀ ਕੀਤੀ ਕਿ ਬੇਅਦਬੀ ਦਾ ਕੋਈ ਦੋਸ਼ੀ ਵੀ ਨਹੀਂ ਬਚੇਗਾ ਤੇ ਬਾਦਲਾਂ ਨੂੰ ਫੜ ਕੇ ਅੰਦਰ ਕਰਾਂਗੇ। ਚੋਣ ਰੈਲੀ ਵਿੱਚ ਪਹਿਲੀ ਵਾਰ ਜਨਤਕ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧਾ ਸਵਾਲ ਕੀਤਾ ਗਿਆ ਕਿ ਕੀ ਅਕਾਲੀ ਤੇ ਕਾਂਗਰਸੀ ਰਲੇ ਹੋਏ ਹਨ? ਲੋਕਾਂ ਨਾਲ ਸਿੱਧਾ ਰਾਬਤਾ ਰੱਖਣ ਦੇ ਇਰਾਦੇ ਨਾਲ ਕਾਂਗਰਸ ਪਾਰਟੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਸਿੱਧੇ ਸਵਾਲ ਪੁੱਛਣ ਲਈ ਆਪਣੀ ਪਰਚੀ ਡੱਬੇ ਵਿਚ ਪਾ ਸਕਦੇ ਸਨ। ਵੱਖ-ਵੱਖ ਇਲਾਕਿਆਂ ਤੋਂ ਆਏ ਲੋਕਾਂ ਨੇ 700 ਪਰਚੀਆਂ ਪਾ ਕੇ ਸਵਾਲ ਪੁੱਛੇ ਸਨ।

ਇਨ੍ਹਾਂ ਵਿਚੋਂ ਸਿਰਫ ਪੰਜ ਤਿੱਖੇ ਸਵਾਲਾਂ ਦੇ ਜਵਾਬ ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਦੀ ਕਚਹਿਰੀ ਵਿੱਚ ਦੇਣੇ ਪਏ ਜਦਕਿ ਬਾਕੀ ਸਵਾਲਾਂ ਦਾ ਜਵਾਬ ਟੈਲੀਫੋਨ ’ਤੇ ਦੇਣ ਦਾ ਭਰੋਸਾ ਦਿੱਤਾ। ਕਰਤਾਰਪੁਰ ਵਿਚ ਕੀਤੀ ਗਈ ਇਸ ਰੈਲੀ ਦੌਰਾਨ ਜਲੰਧਰ ਲੋਕ ਸਭਾ ਤੋਂ ਕਾਂਗਰਸ ਦੇ ਉਮੀਦਵਾਰ ਸੰਤੋਖ ਚੌਧਰੀ ਅਤੇ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਅਤੇ ਹੋਰ ਕਾਂਗਰਸੀ ਲੀਡਰਾਂ ਦੀ ਹਾਜ਼ਰੀ ਵਿਚ ਉਨ੍ਹਾਂ ਬੇਅਦਬੀ ਮਾਮਲੇ ਵਿਚ ਸਿਟ ਦੇ ਮੁਖੀ ਵਿਰੁੱਧ ਸ਼ਿਕਾਇਤ ਕੀਤੇ ਜਾਣ ’ਤੇ ਰੱਜ ਕੇ ਭੜ੍ਹਾਸ ਕੱਢੀ।

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਦੀ ਉਨ੍ਹਾਂ ਨੇ ਸੱਤਾ ਸੰਭਾਲੀ ਹੈ ਉਦੋਂ ਤੋਂ ਬੇਅਦਬੀ ਦੀ ਇੱਕ ਵੀ ਪ੍ਰਮੁੱਖ ਘਟਨਾ ਨਹੀਂ ਵਾਪਰੀ ਜਿਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਮਾਮਲਿਆਂ ਪਿੱਛੇ ਕੌਣ ਸੀ। ਇਸ ਮੌਕੇ ਸਾਬਕਾ ਐੱਮਪੀ ਮਹਿੰਦਰ ਸਿੰਘ ਕੇਪੀ, ਵਿਧਾਇਕ ਪਰਗਟ ਸਿੰਘ, ਚੌਧਰੀ ਸੁਰਿੰਦਰ ਸਿੰਘ, ਬਾਵਾ ਹੈਨਰੀ, ਅਵਤਾਰ ਹੈਨਰੀ, ਰਜਿੰਦਰ ਬੇਰੀ, ਸੁਸ਼ੀਲ ਰਿੰਕੂ, ਹਰਦੇਵ ਸਿੰਘ ਲਾਡੀ, ਜਗਬੀਰ ਸਿੰਘ ਬਰਾੜ, ਸੁਖਵਿੰਦਰ ਸਿੰਘ ਲਾਲੀ, ਬਲਦੇਵ ਸਿੰਘ ਦੇਵ ਤੇ ਬਹੁਤ ਸਾਰੇ ਆਗੂ ਹਾਜ਼ਰ ਸਨ।

ਇੱਥੇ ਦੱਸਣਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਨੇ ਅਪਣੇ ਉਕਤ ਪੱਤਰ ਵਿਚ ਪ੍ਰਗਟਾਵਾ ਕੀਤਾ ਸੀ ਕਿ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜ਼ਰਾਲ ਵਲੋਂ ਲੰਘੀ 22 ਮਾਰਚ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਵਿਰੁਧ ਇਕ ਸ਼ਿਕਾਇਤ ਕਮਿਸ਼ਨ ਕੋਲ ਦਰਜ ਕਰਵਾਈ ਗਈ ਸੀ ਜਿਸ ਦੀ ਪੜਤਾਲ ਮਗਰੋਂ ਪਾਇਆ ਗਿਆ ਕਿ ਇਸ ਅਧਿਕਾਰੀ ਵਲੋਂ 18 ਅਤੇ 19 ਮਾਰਚ ਨੂੰ ਸਿਆਸਤ ਤੋਂ ਪ੍ਰੇਰਿਤ ਟੀਵੀ ਇੰਟਰਵਿਊ ਦਿਤੀ ਗਈ ਸੀ ਜੋ ਕਿ ਸਿੱਟ ਵਲੋਂ ਜਾਰੀ ਜਾਂਚ ਪੜਤਾਲ 'ਤੇ ਆਧਾਰਤ ਸੀ ਤੇ ਉਸ ਵਿਚ ਕੁੱਝ ਸਿਆਸੀ ਕੁਮੈਂਟ ਕੀਤੇ ਗਏ ਸਨ।

ਇਹ ਪ੍ਰਭਾਵ ਲਿਆ ਗਿਆ ਸੀ ਕਿ ਉਕਤ ਇੰਟਰਵਿਊ ਸਿਆਸੀ ਮਨਸ਼ਿਆਂ ਨਾਲ ਕੀਤੀ ਗਈ ਸੀ ਤੇ ਇਸ ਵਿਚ ਕੁੱਝ ਸਿਆਸੀ ਆਗੂਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇੰਨਾ ਹੀ ਨਹੀਂ ਉਕਤ ਅਧਿਕਾਰੀ ਵਲੋਂ ਇਕ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਾ ਨਾਮ ਲਿਆ ਜਾਣਾ ਅਤੇ ਜ਼ਿਕਰ ਕੀਤਾ ਜਾਣਾ ਸਿੱਧੇ ਤੌਰ 'ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ। ਕਮਿਸ਼ਨ ਨੇ ਬਾਕੀ ਸਿੱਟ ਮੈਂਬਰਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਭਵਿੱਖ ਵਿਚ ਜਾਂਚ ਨਾਲ ਸਬੰਧਤ ਵੇਰਵੇ ਜਨਤਕ ਨਾ ਕੀਤੇ ਜਾਣ। ਜਿੰਨਾ ਚਿਰ ਆਦਰਸ਼ ਚੋਣ ਜ਼ਾਬਤਾ ਲਾਗੂ ਹੈ ਤਾਂ ਜੋ ਇਸ ਨਾਲ ਚੋਣ ਪ੍ਰਕਿਰਿਆ ਪ੍ਰਭਾਵਤ ਨਾ ਹੋਵੇ ਅਤੇ ਨਿਰਪੱਖ ਚੋਣਾਂ ਕਰਵਾਈਆਂ ਜਾ ਸਕਣ।