ਚੰਡੀਗੜ੍ਹ 'ਚ 100% ਜਲ ਸੋਮਿਆਂ ਦੀ ਹੁੰਦੀ ਹੈ ਵਰਤੋਂ, ਜਲ ਸੋਮਿਆਂ ਨੂੰ ਲੈ ਕੇ ਪਹਿਲੀ ਰਿਪੋਰਟ ਜਾਰੀ

ਏਜੰਸੀ

ਖ਼ਬਰਾਂ, ਪੰਜਾਬ

ਹਿਮਾਚਲ ਅਤੇ ਹਰਿਆਣਾ ਦੀ ਸਥਿਤੀ ਪੰਜਾਬ ਨਾਲੋਂ ਵਧੀਆ 

water Resources

ਚੰਡੀਗੜ੍ਹ - ਭਾਰਤ ਵਿਚ ਪਹਿਲੀ ਵਾਰ ਕੇਂਦਰ ਸਰਕਾਰ ਨੇ ਦੇਸ਼ ਭਰ ਵਿਚ ਸਥਿਤ ਜਲ ਸੋਮਿਆਂ ਦੀ ਗਿਣਤੀ ਕੀਤੀ ਹੈ। ਜਲ ਸ਼ਕਤੀ ਮੰਤਰਾਲੇ ਦੁਆਰਾ ਪਹਿਲੀ ਵਾਰ ਜਾਰੀ 'ਵਾਟਰ ਬਾਡੀਜ਼' ਪਹਿਲੀ ਜਨਗਣਨਾ ਰਿਪੋਰਟ ਦੇ ਅਨੁਸਾਰ ਪੰਜਾਬ ਵਿਚ 16 ਹਜ਼ਾਰ 012 ਹਜ਼ਰ ਜਲ ਸੋਮੇ ਹਨ, ਜਿਸ ਵਿਚ 98.9 ਫ਼ੀਸਦੀ (15 ਹਜ਼ਾਰ 831) ਪੇਂਡੂ ਖੇਤਰਾਂ ਵਿਚ ਹਨ, ਫਿਰ ਸਿਰਫ਼ 1.1 ਪ੍ਰਤੀਸ਼ਤ (181) ਸ਼ਹਿਰੀ ਖੇਤਰਾਂ ਵਿਚ ਹਨ।

ਪ੍ਰਦੂਸ਼ਣ, ਸਿਲਟਿੰਗ ਅਤੇ ਨਾਜਾਇਜ਼ ਕਬਜ਼ਿਆਂ ਕਾਰਨ 52 ਫ਼ੀਸਦੀ (8,332) ਜਲ ਸੋਮੇ ਵਰਤੋਂ ਵਿਚ ਨਹੀਂ ਹਨ, ਯਾਨੀ ਕਿ ਸੁੱਕ ਚੁੱਕੇ ਹਨ। ਜੇਕਰ ਹਰਿਆਣੇ ਦੀ ਗੱਲ ਕਰੀਏ ਤਾਂ ਇੱਥੇ ਪਾਣੀ ਦੇ ਸੋਮੇ ਪੰਜਾਬ ਦੇ ਮੁਕਾਬਲੇ ਘੱਟ ਹਨ ਪਰ ਸਾਂਭ-ਸੰਭਾਲ ਪੱਖੋਂ ਪੰਜਾਬ ਨਾਲੋਂ ਬਿਹਤਰ ਹੈ। ਇੱਥੇ ਕੁੱਲ 14 ਹਜ਼ਾਰ 898 ਜਲ ਸੋਮਿਆਂ ਵਿਚੋਂ 60 ਫ਼ੀਸਦੀ (8,794) ਵਰਤੋਂ ਵਿਚ ਹਨ ਅਤੇ 40 ਫ਼ੀਸਦੀ (6,104) ਸੁੱਕ ਚੁੱਕੇ ਹਨ। ਸਭ ਤੋਂ ਵਧੀਆ ਸਥਿਤੀ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੀ ਹੈ। ਸਿਟੀ ਬਿਊਟੀਫੁੱਲ ਇਕੋ ਇਕ ਅਜਿਹਾ ਸ਼ਹਿਰ ਹੈ ਜਿੱਥੇ 100 ਫ਼ੀਸਦੀ ਜਲ ਸੋਮੇ ਵਰਤੋਂ ਵਿਚ ਹਨ। 

ਇੱਕ ਹੋਰ ਗੁਆਂਢੀ ਸੂਬਾ ਹਿਮਾਚਲ ਪ੍ਰਦੇਸ਼ ਵਿਚ ਵੀ ਜਲ ਸੋਮਿਆਂ ਦੀ ਸਾਂਭ-ਸੰਭਾਲ ਦੀ ਹਾਲਤ ਬਿਹਤਰ ਹੈ। ਇੱਥੇ ਕੁਲ 88 ਹਜ਼ਾਰ 017 ਜਲ ਸੋਮਿਆਂ ਵਿਚੋਂ 86.21 ਫ਼ੀਸਦੀ (75,871) ਵਰਤੋਂ ਵਿਚ ਹਨ ਜਦਕਿ 23.79 ਫ਼ੀਸਦੀ ਜਲ ਸੋਮੇ ਸੁੱਕ ਚੁੱਕੇ ਹਨ। ਦੇਸ਼ ਦੀ ਗੱਲ ਕਰੀਏ ਤਾਂ ਕੁੱਲ 24 ਲੱਖ 24 ਹਜ਼ਾਰ 540 ਜਲ ਸੋਮਿਆਂ ਵਿਚੋਂ 83.73% (20,30,040) ਵਰਤੋਂ ਵਿਚ ਹਨ।  

ਦੇਸ਼ ਵਿਚ ਪਾਣੀ ਦਾ ਸਭ ਤੋਂ ਵੱਡਾ ਸਰੋਤ ਤਲਾਬ (59.5%) ਹੈ। ਇਸ ਤੋਂ ਬਾਅਦ ਟੈਂਕ (15.7%), ਜਲ ਭੰਡਾਰ (12.1%), ਜਲ ਸੰਭਾਲ ਸਕੀਮਾਂ ਤਹਿਤ ਬਣੇ ਚੈੱਕ ਡੈਮ (9.3%), ਝੀਲਾਂ (0.9%) ਅਤੇ ਹੋਰ ਜਲ ਸੋਮੇ (2.5%) ਹਨ। ਜਲ ਸੋਮਿਆਂ ਦਾ 55.2% ਨਿੱਜੀ ਅਦਾਰਿਆਂ ਦੀ ਮਲਕੀਅਤ ਹੈ, ਜਦੋਂ ਕਿ 44.8% ਜਨਤਕ ਖੇਤਰ ਦੀ ਮਲਕੀਅਤ ਹੈ। 

ਦੇਸ਼ ਵਿਚ 24 ਲੱਖ 24 ਹਜ਼ਾਰ 540 ਜਲ ਸੋਮਿਆਂ ਦੀ ਗਿਣਤੀ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 97.1 ਫ਼ੀਸਦੀ (23 ਲੱਖ 55 ਹਜ਼ਾਰ 055) ਪੇਂਡੂ ਖੇਤਰਾਂ ਵਿਚ ਹਨ ਅਤੇ ਸਿਰਫ਼ 2.9 ਫ਼ੀਸਦੀ (69 ਹਜ਼ਾਰ 485) ਸ਼ਹਿਰੀ ਖੇਤਰਾਂ ਵਿਚ ਹਨ। ਜਲ ਸੋਮਿਆਂ ਦੀ ਸੰਖਿਆ ਦੇ ਮਾਮਲੇ ਵਿਚ ਚੋਟੀ ਦੇ ਪੰਜ ਰਾਜ ਪੱਛਮੀ ਬੰਗਾਲ (7,47,480), ਉੱਤਰ ਪ੍ਰਦੇਸ਼ (2,45,087), ਆਂਧਰਾ ਪ੍ਰਦੇਸ਼ (1,90,777), ਉੜੀਸਾ (181,837) ਅਤੇ ਅਸਾਮ (1,72,492) ਹਨ। ਇੱਥੇ ਦੇਸ਼ ਦੇ ਕੁੱਲ ਜਲ ਸਰੋਤਾਂ ਦਾ ਲਗਭਗ 63 ਪ੍ਰਤੀਸ਼ਤ ਹਿੱਸਾ ਹੈ। ਸ਼ਹਿਰੀ ਖੇਤਰਾਂ ਵਿਚ ਪਾਣੀ ਦੇ ਸੋਮਿਆਂ ਦੀ ਗਿਣਤੀ ਦੇ ਮਾਮਲੇ ਵਿਚ ਚੋਟੀ ਦੇ ਪੰਜ ਸੂਬੇ ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ, ਉੱਤਰ ਪ੍ਰਦੇਸ਼ ਅਤੇ ਤ੍ਰਿਪੁਰਾ ਹਨ।