ਗ਼ਰੀਬ ਲੋੜਵੰਦਾਂ ਦੇ ਕੱਟੇ ਰਾਸ਼ਨ ਕਾਰਡ ਬਹਾਲ ਕਰਾਉਣ ਲਈ 'ਆਪ' ਨੇ ਡੀਸੀ ਦਫ਼ਤਰ ਮੂਹਰੇ ਦਿਤਾ ਰੋਸ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਸਰਕਾਰ ਵਲੋਂ ਗ਼ਰੀਬਾਂ ਅਤੇ ਦਲਿਤ ਲੋੜਵੰਦਾਂ ਦੇ ਅੰਨ੍ਹੇਵਾਹ ਕੱਟੇ ਗਏ ਰਾਸ਼ਨ ਕਾਰਡਾਂ ਦਾ...

Baljinder Kaur

ਮਾਨਸਾ: ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਸਰਕਾਰ ਵਲੋਂ ਗ਼ਰੀਬਾਂ ਅਤੇ ਦਲਿਤ ਲੋੜਵੰਦਾਂ ਦੇ ਅੰਨ੍ਹੇਵਾਹ ਕੱਟੇ ਗਏ ਰਾਸ਼ਨ ਕਾਰਡਾਂ ਦਾ ਤਿੱਖਾ ਵਿਰੋਧ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਮੂਹਰੇ ਰੋਸ ਧਰਨਾ ਦਿੱਤਾ।

ਧਰਨੇ ਦੀ ਅਗਵਾਈ ਪਾਰਟੀ ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਅਤੇ ਮੁੱਖ ਬੁਲਾਰਾ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਦੀ ਅਗਵਾਈ ਹੇਠ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਪਾਰਟੀ ਦੀ ਸਮੁੱਚੀ ਸਥਾਨਕ ਲੀਡਰਸ਼ਿਪ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦੇ ਕੇ ਕੱਟੇ ਗਏ ਰਾਸ਼ਨ ਕਾਰਡਾਂ ਨੂੰ ਤੁਰਤ ਬਹਾਲ ਕਰਨ ਦੀ ਮੰਗ ਕੀਤੀ।

ਇਸ ਮੌਕੇ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਈ ਇਸ ਮੁਸ਼ਕਲ ਘੜੀ 'ਚ ਸਰਕਾਰ ਨੂੰ ਹਰ ਲੋੜਵੰਦ ਗ਼ਰੀਬ ਅਤੇ ਯੋਗ ਦਲਿਤ ਪਰਿਵਾਰ ਦੀ ਬਾਂਹ ਫੜਨੀ ਚਾਹੀਦੀ ਸੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਰਾਸ਼ਨ ਦੀ ਹੋਮ ਡਿਲਿਵਰੀ ਚਾਹੀਦੀ ਸੀ, ਪਰੰਤੂ ਅਜਿਹਾ ਨਾ ਕਰਕੇ ਕੈਪਟਨ ਸਰਕਾਰ ਨੇ ਸਾਰੀਆਂ ਕਲਿਆਣਕਾਰੀ ਯੋਜਨਾਵਾਂ ਦਾ ਕਾਂਗਰਸੀਕਰਨ ਕਰ ਦਿੱਤਾ।

ਉਨ੍ਹਾਂ ਦਸਿਆ ਕਿ ਦਿੱਲੀ 'ਚ ਬਿਨਾਂ ਰਾਸ਼ਨ ਕਾਰਡ ਵਾਲੇ ਵੀ ਲੱਖਾਂ ਲੋੜਵੰਦ ਪਰਵਾਰਾਂ ਨੂੰ ਰਾਸ਼ਨ ਅਤੇ ਜ਼ਰੂਰੀ ਵਸਤਾਂ ਮੁਹੱਈਆ ਕੀਤੀਆਂ ਗਈਆਂ ਹਨ, ਪ੍ਰੰਤੂ ਪੰਜਾਬ 'ਚ ਜੋ ਲੋੜਵੰਦ ਪਹਿਲਾਂ ਰਾਸ਼ਨ ਲੈ ਰਹੇ ਸਨ। ਉਨ੍ਹਾਂ ਦੇ ਵੀ ਰਾਸ਼ਨ ਕਾਰਡ ਕੱਟ ਕੇ ਉਨ੍ਹਾਂ ਨੂੰ ਮਦਦ ਤੋਂ ਵਾਂਝਾ ਕਰ ਦਿਤਾ ਗਿਆ।

'ਆਪ' ਵਿਧਾਇਕਾਂ ਨੇ ਕਿਹਾ ਕਿ ਇਸ ਤਰ੍ਹਾਂ ਬਗ਼ੈਰ ਕਿਸੇ ਮਾਪਦੰਡ ਦੇ ਮਾਨਸਾ ਜ਼ਿਲ੍ਹੇ ਸਮੇਤ ਪੂਰੇ ਪੰਜਾਬ ਦੇ ਲੱਖਾਂ ਲਾਭਪਾਤਰੀਆਂ ਦੇ ਰਾਸ਼ਨ ਕਾਰਡ ਕੱਟ ਕੇ ਕੈਪਟਨ ਸਰਕਾਰ ਨੇ ਸਾਬਤ ਕਰ ਦਿਤਾ ਹੈ ਕਿ ਉਹ ਗ਼ਰੀਬ ਅਤੇ ਦਲਿਤ ਵਿਰੋਧੀ ਹੈ।

ਇਸ ਮੌਕੇ ਨਰਿੰਦਰ ਕੌਰ ਭਰਾਜ, ਜਸਪਾਲ ਸਿੰਘ, ਭੋਲਾ ਮਾਨ ਹਲਕਾ ਇੰਚਾਰਜ, ਹਰਜੀਤ ਸਿੰਘ, ਰਾਜੂ ਕੁਲਹਿਰੀ, ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ, ਸੁਖਵੀਰ ਮਾਈਸਰਖਾਨਾ, ਸਤੀਸ਼ ਸਿੰਗਲਾ, ਗੁਰਪ੍ਰੀਤ ਸਿੰਘ, ਨੇਮ ਚੰਦ ਚੌਧਰੀ, ਹਰਜਿੰਦਰ ਦਿਆਲਪੁਰਾ, ਚਰਨਜੀਤ ਸਿੰਘ ਆਦਿ ਆਗੂ ਹਾਜ਼ਰ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।