ਆਖ਼ਰੀ ਭਾਗ - ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਹੱਦੀ ਸੂਬਾ ਪੰਜਾਬ ਦੇ ਵਾਸੀਆਂ ਨੇ ਕਾਲਾ ਕੱਛਾ ਗਰੋਹਾਂ ਵਲੋਂ ਰਾਤ-ਬਰਾਤੇ ਕੀਤੇ ਜਾਂਦੇ ਹਮਲਿਆਂ ਦੀ ਨੰਗੇ ਧੜ ਮਾਰ ਝੱਲੀ ਹੈ........

Black Week in Opposition to Drugs

ਚੰਡੀਗੜ੍ਹ : ਸਰਹੱਦੀ ਸੂਬਾ ਪੰਜਾਬ ਦੇ ਵਾਸੀਆਂ ਨੇ ਕਾਲਾ ਕੱਛਾ ਗਰੋਹਾਂ ਵਲੋਂ ਰਾਤ-ਬਰਾਤੇ ਕੀਤੇ ਜਾਂਦੇ ਹਮਲਿਆਂ ਦੀ ਨੰਗੇ ਧੜ ਮਾਰ ਝੱਲੀ ਹੈ। ਖਾੜਕੂਆਂ ਦੀ ਏਕੇ-47 ਦਾ ਸਹਿਮ ਵੇਖਿਆ ਹੈ। ਪੁਲਿਸ ਦੇ ਕਥਿਤ ਅੰਨ੍ਹੇਵਾਹ ਤਸ਼ੱਦਦ ਮੂਹਰੇ ਛਾਤੀ ਤਾਣ ਕੇ ਖੜੇ ਰਹੇ ਹਨ। ਦਹੇਜ ਅਤੇ ਕੁੱਖਾਂ ਵਿਚ ਧੀਆਂ ਮਾਰਨ ਦੇ ਕਲੰਕ ਨੂੰ ਵੀ ਧੋਇਆ ਹੈ। ਰੇਤੇ ਦੀ ਗ਼ੈਰ ਕਾਨੂੰਨੀ ਵਪਾਰੀਆਂ ਦਾ ਸੰਤਾਪ ਲੰਮਾ ਚਿਰ ਹੰਡਾਇਆ ਹੈ ਪਰ ਮਜ਼ਾਲ ਹੈ ਕਿ ਕਿਸੇ ਮੂਹਰੇ ਤਰਸ ਲਈ ਵਾਸਤਾ ਪਾਇਆ ਹੋਵੇ। ਅੱਜ ਵੀ ਨਸ਼ਿਆਂ ਕਾਰਨ ਲਗਾਤਾਰ ਮੌਤ ਦੇ ਮੂੰਹ ਵਿਚ ਜਾ ਰਹੇ ਨੌਜਵਾਨਾਂ ਨੂੰ ਬਚਾਉਣ ਲਈ ਪੰਜਾਬੀ ਅਪਣੇ ਦਮ 'ਤੇ ਮੈਦਾਨ 'ਚ ਨਿਤਰੇ ਹਨ।

ਮੁੱਠੀ ਭਰ ਪਤਵੰਤੇ ਪੰਜਾਬੀਆਂ ਵਲੋਂ ਲੋਕਾਂ ਨੂੰ ਝੰਜੋੜਨ ਲਈ ਦਿਤਾ ਹੋਕਾ ਰੰਗ ਲਿਆਉਣ ਲੱਗਾ ਹੈ। ਲੋਕ ਲਾਮਬੰਦ ਹੋ ਰਹੇ ਹਨ। ਸਰਕਾਰਾਂ ਵਿਚ ਹਿਲਜੁਲ ਹੋਈ ਹੈ ਅਤੇ ਪੁਲਿਸ ਵੀ 'ਡੰਡਾ ਖੜਕਾਉਣ' ਲੱਗੀ ਹੈ। ਪਹਿਲੀ ਤੋਂ ਸੱਤ ਜੁਲਾਈ ਤਕ 'ਚਿੱਟੇ ਵਿਰੁਧ ਕਾਲਾ ਹਫ਼ਤਾ' ਨੂੰ ਆਮ ਤੋਂ ਖ਼ਾਸ ਨੇ ਹੁੰਗਾਰਾ ਦਿਤਾ ਹੈ। ਲੋਕ ਨਸ਼ਿਆਂ ਦੇ ਵੱਧ ਰਹੇ ਪ੍ਰਕੋਪ ਵਿਰੁਧ ਕਾਲੇ ਝੰਡੇ ਚੁੱਕੀ ਫਿਰਦੇ ਹਨ। ਕਾਲੇ ਬਿੱਲੇ ਲਾ ਕੇ ਰੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਮੂਹਰਲੀ ਕਤਾਰ ਦੇ ਇਕ ਦਰਜਨ ਗਾਇਕਾਂ ਨੇ ਨਸ਼ਿਆਂ ਦੇ ਵਿਰੋਧ ਵਿਚ ਡਟਣ ਦੀ ਉੱਚੀ ਤੇ ਲੰਮੀ ਹੇਕ ਲਗਾਈ ਹੈ ਪਰ ਜੇ ਨਹੀਂ ਉੱਠੇ ਤਾਂ ਲੋਕਾਂ ਨੂੰ ਜਾਗਦੇ ਰਹਿਣ ਦਾ ਸੱਦਾ ਦੇਣ ਵਾਲੇ ਲੇਖਕ।

ਅਕਲਮੰਦ 'ਭਾਈਚਾਰਾ' ਵਜੋਂ ਜਾਣੇ ਜਾਂਦੇ ਲੇਖਕਾਂ ਦੀਆਂ ਪਿਛਲੇ ਮਹੀਨੇ ਤੋਂ ਜਿਵੇਂ ਕਲਮਾਂ ਦੀ ਸਿਹਾਈ ਮੁੱਕ ਗਈ ਹੋਵੇ। ਮੂਹਰੇ ਲੱਗ ਕੇ ਅਗਵਾਈ ਕਰਨ ਦੀ ਗੱਲ ਛੱਡੀਏ, ਚਿੱਟੇ ਵਿਰੁਧ ਕਾਲਾ ਹਫ਼ਤਾ ਰੋਸ ਮਾਰਚ ਲਈ ਵੀ ਘਰਾਂ ਤੋਂ ਬਾਹਰ ਨਹੀਂ ਨਿਕਲੇ ਹਨ। ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਨੇ ਨਸ਼ਿਆਂ ਵਿਰੁਧ ਲਹਿਰ ਨੂੰ ਸਿਖਰ ਤਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਕਿਸਾਨ ਅੰਦੋਲਨ ਅਤੇ ਖ਼ੁਦਕੁਸ਼ੀਆਂ ਦੇ ਕਹਿਰ ਵਿਰੁਧ ਆਵਾਜ਼ ਉਠਦਿਆਂ ਹੀ ਖ਼ਾਮੋਸ਼ ਹੋ ਜਾਂਦੀ ਰਹੀ ਹੈ। ਇਸ ਦੇ ਦੋ ਕਾਰਨਾਂ ਵਿਚੋਂ ਇਕ ਇਹ ਕਿ ਕਿਸਾਨ ਨੇਤਾ ਇਸ ਨੂੰ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਨਹੀਂ ਬਣਾ ਸਕੇ ਹਨ,

ਦੂਜਾ ਇਹ ਕਿ ਲੋਕਾਂ ਦਾ ਅੰਦਰਲਾ ਅਪਣਾ ਦਰਦ ਹੋਣ ਦਾ ਅਹਿਸਾਸ ਕਰਵਾਉਣ ਵਿਚ ਅਸਫ਼ਲ ਰਹੇ ਹਨ। ਕਿਸਾਨ ਅੰਦੋਲਨਾਂ ਦਾ ਇਕ ਮਾੜਾ ਪੱਖ ਇਹ ਵੀ ਰਿਹਾ ਹੈ ਕਿ 'ਘੜਮ ਚੌਧਰੀ' ਹਾਕਮਾਂ ਨਾਲ ਅੰਦਰਖ਼ਾਤੇ ਮਿਲ ਜਾਂਦੇ ਰਹੇ ਹਨ ਅਤੇ ਅੰਦੋਲਨ ਵਿਚਾਲੇ ਹੀ ਦਮ ਤੋੜ ਕੇ ਰਹਿ ਜਾਂਦਾ ਰਿਹਾ ਹੈ। ਪੰਜਾਬੀਆਂ ਵਲੋਂ ਅਪਣੇ ਦਮ 'ਤੇ ਛੇੜਿਆ ਚਿੱਟੇ ਵਿਰੁਧ ਕਾਲਾ ਹਫ਼ਤਾ, ਨੇ ਪਿੰਡ-ਪਿੰਡ ਦੇ ਵਾਸੀਆਂ ਦੇ ਮਨਾਂ ਵਿਚ ਡੂੰਘੀ ਚੀਸ ਜਗਾਈ ਹੈ। ਕਾਲਾ ਹਫ਼ਤਾ ਵਿਚ ਮੁਹਤਬਰ ਵਜੋਂ ਕੰਮ ਕਰਦੇ ਬੁੱਧੀਜੀਵੀਆਂ ਨੇ ਸੱਤ ਜੁਲਾਈ ਤਕ ਲੋਕਾਂ ਨੂੰ ਜਾਗਦੇ ਰੱਖਣ ਲਈ ਬਲਦੀਆਂ ਮਿਸਾਲਾਂ ਨਾਲ ਜਾਗਰੂਕਤਾਂ ਰੈਲੀਆਂ ਕੱਢਣ ਦਾ ਫ਼ੈਸਲਾ ਲਿਆ ਹੈ।

ਸੱਤ ਜੁਲਾਈ ਨੂੰ ਲੁਧਿਆਣਾ ਵਿਚ ਭਰਤ ਨਗਰ ਚੌਕ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਟੀ ਤਕ 10 ਕਿਲੋਮੀਟਰ ਲੰਮੀ ਮਨੁੱਖੀ ਚੇਨ ਬਣਾਉਣ ਦਾ ਐਲਾਨ ਕੀਤਾ ਹੈ। ਸੰਘਰਸ਼ ਨੂੰ ਅੱਗੇ ਤੋਰਨ ਲਈ ਪੰਜ ਜੁਲਾਈ ਨੂੰ ਮੀਟਿੰਗ ਸੱਦ ਲਈ ਹੈ। ਮੁਹਿੰਮ ਲਈ ਮੋਹਰੀ ਭੂਮਿਕਾ ਨਿਭਾਅ ਰਹੇ ਕਲਾਕਾਰ ਅਤੇ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਦੇ ਪ੍ਰੋਫ਼ੈਸਰ ਭੁਪਿੰਦਰ ਪਾਲੀ ਨੇ ਕਿਹਾ ਹੈ ਕਿ ਹਾਲ ਦੀ ਘੜੀ ਪਿੰਡਾਂ ਵਿਚ ਅਣਪਛਾਤੇ ਲੋਕਾਂ ਦਾ ਦਾਖ਼ਲਾ ਰੋਕਣ ਲਈ ਠੀਕਰੀ ਪਹਿਰਾ ਲਾਉਣ ਦਾ ਫ਼ੈਸਲਾ ਰੋਕ ਲਿਆ ਗਿਆ ਹੈ ਤਾਕਿ ਨਸ਼ਾ ਤਸਕਰ ਜਾਂ ਪੁਲਿਸ ਗੁਰੀਲਾ ਵਾਰ ਕਰ ਕੇ ਅੰਦੋਲਨ ਨੂੰ ਫ਼ੇਲ੍ਹ ਨਾ ਕਰ ਸਕਣ।