ਕੈਪਟਨ ਨੇ ਸੁਖਬੀਰ ਤੇ ਹਰਸਿਮਰਤ ਬਾਦਲ ਨੂੰ ਕੋਰੇ ਝੂਠ ਅਤੇ ਦੋਗਲੇਪਨ ਲਈ ਆੜੇ ਹੱਥੀਂ ਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਦਲ ਜੋੜੇ ’ਤੇ ਤਿੱਖਾ ਹਮਲਾ ਕਰਦਿਆਂ CM ਨੇ ਕਿਹਾ ਕਿ ਇਨ੍ਹਾਂ ਵਲੋਂ ਧੋਖੇਬਾਜ਼ੀ ਤੇ ਝੂਠ ਦੀ ਸਾਂਝੀ ਮੁਹਿੰਮ ਚਲਾਉਣ ਦੇ ਢੰਗ ਨੇ ਦੋਵਾਂ ਦੇ ਦੋਹਰੇ ਮਿਆਰ ਦਾ ਪਰਦਾਫਾਸ਼ ਕਰ ਦਿਤਾ ਹੈ।

Capt Amarinder Singh and Sukhbir Badal

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵਲੋਂ ਕੋਵਿਡ ਦੇ ਸੰਕਟ ਦਰਮਿਆਨ ਅਪਣੇ ਸੌੜੇ ਸਿਆਸੀ ਮੁਫ਼ਾਦ ਅੱਗੇ ਵਧਾਉਣ ਲਈ ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰਨ ’ਤੇ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ।

ਬਾਦਲ ਜੋੜੇ ’ਤੇ ਤਿੱਖਾ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਲੋਂ ਧੋਖੇਬਾਜ਼ੀ ਅਤੇ ਝੂਠ ਦੀ ਸਾਂਝੀ ਮੁਹਿੰਮ ਚਲਾਉਣ ਦੇ ਢੰਗ ਨੇ ਦੋਵਾਂ ਦੇ ਦੋਹਰੇ ਮਿਆਰ ਦਾ ਪਰਦਾਫਾਸ਼ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਲੀਡਰਾਂ ਦੇ ਮੱਗਰਮੱਛ ਦੇ ਹੰਝੂ ਕੇਰਨ ਦੇ ਢਕਵੰਜ ਅਤੇ ਸਿਆਸੀ ਖੇਖਣਬਾਜ਼ੀਆਂ ਦੇ ਬਹਿਕਾਵੇ ਵਿਚ ਨਹੀਂ ਆਉਣਗੇ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਕਿ ਕਿਵੇਂ ਅਕਾਲੀਆਂ ਨੇ ਸੱਤਾ ਵਿੱਚ ਹੁੰਦਿਆਂ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਦੂਰ ਕਰਨ ਦੀ ਬਜਾਏ ਇਕ ਦਹਾਕਾ ਬੇਰਹਿਮੀ ਨਾਲ ਪੰਜਾਬ ਨੂੰ ਲੁੱਟਿਆ।

ਪੰਜਾਬ ਵਿਚ ਕਾਂਗਰਸੀਆਂ ਉਪਰ ਰਾਸ਼ਨ ਵਿਚ ਗਬਨ ਦੇ ਲਾਏ ਦੋਸ਼ਾਂ ’ਤੇ ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਵਿਧਾਇਕਾਂ ਵਲੋਂ ਉਨ੍ਹਾਂ ਦੀ ਸਰਕਾਰ ਦੇ ਉਪਰਾਲਿਆਂ ਨੂੰ ਸਹਿਯੋਗ ਦਿਤਾ ਜਾ ਰਿਹਾ ਹੈ ਤਾਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਧਾਇਕ ਸਿੱਧੇ ਤੌਰ ’ਤੇ ਲੋਕਾਂ ਨਾਲ ਜੁੜਿਆ ਹੁੰਦਾ ਹੈ ਅਤੇ ਉਹ ਭਲੀਭਾਂਤ ਜਾਣਦਾ ਹੈ ਕਿ ਫੌਰੀ ਤੌਰ ’ਤੇ ਮਦਦ ਸੱਭ ਤੋਂ ਪਹਿਲਾਂ ਲੋੜ ਕਿਸ ਨੂੰ ਦੇਣੀ ਹੈ ਅਤੇ ਇਹੀ ਯਕੀਨੀ ਬਣਾਉਣ ਲਈ ਉਹ ਕੰਮ ਕਰ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਸੰਕਟ ਦੀ ਇਸ ਘੜੀ ਵਿਚ ਕੀਤੇ ਜਾ ਰਹੇ ਸੰਜੀਦਾ ਯਤਨਾਂ ਦੇ ਹਿੱਸੇ ਵਜੋਂ ਮੁਲਕ ਦੇ ਹਰੇਕ ਖੇਤਰ ਵਿੱਚ ਕਾਂਗਰਸੀ ਵਰਕਰਾਂ ਵਲੋਂ ਲੋਕਾਂ ਦੀ ਇਮਦਾਦ ਕੀਤੀ ਜਾ ਰਹੀ ਹੈ ਅਤੇ ਅਕਾਲੀ ਅਜਿਹਾ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਨੇ ਕਦੇ ਵੀ ਅਪਣੇ ਸਿਆਸੀ ਮੁਫ਼ਾਦਾਂ ਦੀ ਪੂਰਤੀ ਕਰਨ ਤੋਂ ਬਿਨਾਂ ਅੱਗੇ ਦੇਖਿਆ ਹੀ ਨਹੀਂ।

ਸੂਬਾ ਸਰਕਾਰ ਵਲੋਂ ਪ੍ਰਾਪਤ ਕੀਤੇ ਅਨਾਜ ਨੂੰ ਲੋਕਾਂ ਵਿਚ ਨਾ ਵੰਡਣ ਬਾਰੇ ਲਾਏ ਦੋਸ਼ਾਂ ਲਈ ਸੁਖਬੀਰ ਬਾਦਲ ਦਾ ਮੌਜੂ ਉਡਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਤਾਂ ਪੇਸ਼ ਕੀਤੇ ਤੱਥ ਵੀ ਪੂਰੀ ਤਰ੍ਹਾਂ ਗ਼ਲਤ ਹਨ ਜੋ ਇਹ ਦਰਸਾਉਂਦੇ ਹਨ ਉਹ ਹਕੀਕਤ ਤੋਂ ਪੂਰੀ ਤਰ੍ਹਾਂ ਅਣਜਾਣ ਹੈ। 

ਤੱਥ ਇਹ ਹਨ ਕਿ ਪੰਜਾਬ ਸਰਕਾਰ ਵਲੋਂ ਜੂਨ ਤਕ ਪ੍ਰਾਪਤ ਕੀਤੇ ਅਨਾਜ ਪਦਾਰਥਾਂ ਦੀ ਮਿਕਦਾਰ ਸੁਖਬੀਰ ਵਲੋਂ ਦਿਤੇ ਅੰਕੜਿਆਂ ਨਾਲੋਂ ਵੱਧ ਸੀ ਅਤੇ ਇਨ੍ਹਾਂ ਵਿਚੋਂ 90 ਫ਼ੀ ਸਦੀ ਤੋਂ ਵਧੇਰੇ ਹਿੱਸਾ ਵੰਡਿਆ ਜਾ ਚੁੱਕਿਆ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਸੂਬੇ ਨੂੰ 212164 ਮੀਟਰਿਕ ਟਨ ਕਣਕ ਅਲਾਟ ਕੀਤੀ ਗਈ ਜਿਸ ਵਿਚੋਂ 199091 ਮੀਟਿਰਿਕ ਟਨ ਕਣਕ ਵੰਡੀ ਜਾ ਚੁੱਕੀ ਹੈ ਜਦਕਿ 10800 ਮੀਟਰਿਕ ਟਨ ਅਲਾਟ ਦਾਲ ਵਿਚੋਂ 10305 ਮੀਟਰਿਕ ਟਨ ਦੀ ਵੰਡ ਹੋ ਚੁੱਕੀ ਹੈ।

ਇਸ ਦੇ ਨਾਲ ਹੀ, ਕੇਂਦਰ ਸਰਕਾਰ ਦੀ ਆਤਮ-ਨਿਰਭਰ ਭਾਰਤ ਸਕੀਮ ਤਹਿਤ ਕਣਕ (ਪ੍ਰਤੀ ਵਿਅਕਤੀ) ਅਤੇ ਦਾਲ (ਪ੍ਰਤੀ ਪਰਵਾਰ) 14.14 ਲੱਖ ਵਿਅਕਤੀਆਂ ਨੂੰ ਮੁਹੱਈਆ ਕਰਵਾਈ ਗਈ ਅਤੇ ਸੂਬੇ ਵਲੋਂ ਕਣਕ ਦਾ ਆਟਾ ਤਿਆਰ ਕਰ ਕੇ, ਇਸ ਨਾਲ ਦਾਲ ਸ਼ਾਮਲ ਕਰ ਕੇ ਇਸ ਨੂੰ ਪ੍ਰਤੀ ਵਿਅਕਤੀ ਇਕ ਕਿਲੋ ਬਣਾਇਆ ਗਿਆ ਅਤੇ ਸੂਬੇ ਵਲੋਂ ਅਪਣੀ ਪੱਧਰ ’ਤੇ ਇਕ ਕਿਲੋ ਖੰਡ ਇਸ ਵਿਚ ਪਾਈ ਗਈ।

ਅਸਲ ਵਿਚ, ਸੂਬਾ ਸਰਕਾਰ ਨੇ ਅਪਣੇ ਫ਼ੰਡਾਂ ਵਿਚੋਂ ਪ੍ਰਵਾਸੀ ਕਿਰਤੀਆਂ ਨੂੰ 17 ਲੱਖ ਖੁਰਾਕੀ ਪੈਕਟ ਵੰਡਣ ਲਈ 69 ਕਰੋੜ ਰੁਪਏ ਖਰਚੇ ਜਿਨ੍ਹਾਂ ਵਿਚ 10 ਕਿਲੋ ਆਟਾ, 2 ਕਿਲੋ ਦਾਲ ਅਤੇ 2 ਕਿਲੋ ਖੰਡ ਦੇ ਪੈਕੇਟ ਸ਼ਾਮਲ ਸਨ।