ਕੋਰੋਨਾ ਦੀ ਮਾਰ: ਪਨਬਸ ਦੀਆਂ ਕਿਲੋਮੀਟਰ ਸਕੀਮ ਵਾਲੀਆਂ ਬਸਾਂ ਨੂੰ 'ਪੱਕੀਆਂ ਬਰੇਕਾਂ' ਲੱਗਣ ਦੀ ਨੌਬਤ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੀਤੇ ਐਗਰੀਮੈਂਟ ਰੱਦ ਕਰਨ ਤੇ ਅੱਗੇ ਤੋਂ ਨਵੇਂ ਐਗਰੀਮੈਂਟ ਨਾ ਕਰਨ ਦਾ ਡਿਪੂ ਮੈਨੇਜਰਾਂ ਨੂੰ ਫ਼ਰਮਾਨ ਜਾਰੀ

Punjab Roadways

ਚੰਡੀਗੜ੍ਹ : ਕੋਰੋਨਾ ਮਹਾਂਮਾਰੀ ਕਾਰਨ ਕਰਫ਼ਿਊ ਤੇ ਤਾਲਾਬੰਦੀ ਦੇ ਚਲਦਿਆਂ ਸੂਬੇ ਦੇ ਟਰਾਂਸਪੋਰਟ ਕਾਰੋਬਾਰ ਦਾ ਵੀ ਬਹੁਤ ਵੱਡਾ ਵਿੱਤੀ ਨੁਕਸਾਨ ਹੋਇਆ ਹੈ। ਤਾਲਾਬੰਦੀ ਤੋਂ ਬਾਅਦ ਅਣਲੋਕ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਬਾਵਜੂਦ ਸੂਬੇ ਦੀ ਬੱਸ ਸੇਵਾ ਰਫ਼ਤਾਰ ਨਹੀਂ ਫੜ ਰਹੀ ਹੈ। ਇਸ ਕਾਰਨ ਟਰਾਂਸਪੋਰਟ ਕਾਰੋਬਾਰ ਨੂੰ ਭਾਰੀ ਵਿੱਤੀ ਘਾਟਾ ਸਹਿਣਾ ਪੈ ਰਿਹਾ ਹੈ।

ਬਸਾਂ ਵਿਚ ਸਰਕਾਰ ਵਲੋਂ ਪੂਰੀਆਂ ਸਵਾਰੀਆਂ ਚੜ੍ਹਾਉਣ ਦੀ ਆਗਿਆ ਦਿਤੇ ਜਾਣ ਦੇ ਬਾਵਜੂਦ ਸਵਾਰੀਆਂ ਨਾ ਮਿਲਣ ਕਾਰਨ ਜਿੱਥੇ ਡੀਜ਼ਲ ਰੇਟਾਂ ਵਿਚ ਵਾਧੇ ਦੀ ਸਥਿਤੀ ਦੇ ਚਲਦੇ ਪ੍ਰਾਈਵੇਟ ਟਰਾਂਸਪੋਰਟਰ ਸੇਵਾ ਸ਼ੁਰੂ ਕਰਨ ਤੋਂ ਹੱਥ ਖੜ੍ਹੇ ਕਰ ਰਹੇ ਹਨ, ਉਥੇ ਸਰਕਾਰੀ ਬੱਸ ਸੇਵਾ ਦੀ ਹਾਲਤ ਵੀ ਅਜਿਹੀ ਹੀ ਹੋ ਰਹੀ ਹੈ। ਇਸ ਦਾ ਨਤੀਜਾ ਹੀ ਹੈ ਕਿ ਪੰਜਾਬ ਰੋਡਵੇਜ਼ ਨਾਲ ਸਬੰਧਤ ਪਨਬਸ ਸੇਵਾ ਅਧੀਨ ਕਿਲੋਮੀਟਰ ਸਕੀਮ ਤਹਿਤ ਚਲਦੀਆਂ ਬਸਾਂ ਤੇ ਮੈਨੇਜਮੈਂਟ ਨੂੰ ਬਰੇਕ ਲਾਉਣ ਦੀ ਨੌਬਤ ਆ ਗਈ ਹੈ।

ਪਨਬਸ ਮੈਨੇਜਮੈਂਟ ਵਲੋਂ ਪੰਜਾਬ ਰੋਡਵੇਜ਼ ਦੇ ਸਮੂਹ ਡਿਪੂ ਮੈਨੇਜਰਾਂ ਨੂੰ ਇਕ ਪੱਤਰ ਜਾਰੀ ਕਰ ਕੇ ਕਿਲੋਮੀਟਰ ਸਕੀਮ ਅਧੀਨ ਬਸਾਂ ਦਾ ਐਗਰੀਮੈਂਟ ਰੱਦ ਕਰਨ 'ਤੇ ਅੱਗੇ ਤੋਂ ਐਗਰੀਮੈਂਟ ਬਾਰੇ ਕੋਈ ਕਾਰਵਾਈ ਨਾ ਕਰਨ ਦਾ ਫ਼ਰਮਾਨ ਜਾਰੀ ਕੀਤਾ ਗਿਆ ਹੈ। ਮੈਨੇਜਮੈਂਟ ਦੇ ਕਾਰਜਕਾਰੀ ਡਾਇਰੈਕਟਰ ਉਪਰੇਸ਼ਨ ਵਲੋਂ ਜਾਰੀ ਪੱਤਰ ਵਿਚ ਰੋਡਵੇਜ਼ ਦੇ ਡਿਪੂ ਮੈਨੇਜਰਾਂ ਨੂੰ ਸੰਬੋਧਤ ਹੁੰਦਿਆਂ ਕਿਹਾ ਗਿਆ ਹੈ ਕਿ ਕੋਵਿਡ-19 ਮਹਾਂਮਾਰੀ ਕਾਰਨ ਪੰਜਾਬ ਤੇ ਪੂਰੇ ਭਾਰਤ ਵਿਚ ਤਾਲਾਬੰਦੀ ਕਾਰਨ ਅਤੇ ਅਣਲੋਕ ਹੋਣ ਬਾਅਦ ਪੰਜਾਬ ਰੋਡਵੇਜ਼ ਤੇ ਪਨਬਸ ਦੇ ਰੂਟਾਂ 'ਤੇ ਮੁਸ਼ਕਲ ਨਾਲ 20 ਫ਼ੀ ਸਦੀ ਬਸਾਂ ਚਲ ਰਹੀਆਂ ਹਨ ਜਿਸ ਕਾਰਨ ਰੋਡਵੇਜ਼ ਤੇ ਪਨਬਸ ਦਾ ਰੈਗੂਲਰ ਸਟਾਫ਼ ਤੇ ਕੰਟਰੈਕਟ 'ਤੇ ਆਊਟ ਸੋਰਸ ਵਾਲੇ ਬਹੁਤੇ ਮੁਲਾਜ਼ਮ ਇਸ ਸਮੇਂ ਵਿਹਲੇ ਬੈਠੇ ਹਨ।

ਵਿਭਾਗ ਵਿਚ ਕਿਲੋਮੀਟਰ ਸਕੀਮ ਅਧੀਨ 77 ਬਸਾਂ ਚਲਦੀਆਂ ਹਨ। ਇਨ੍ਹਾਂ ਬਸਾਂ ਦਾ ਐਗਰੀਮੈਂਟ ਦਸੰਬਰ 2020 ਤੇ ਜਨਵਰੀ 2021 ਤਕ ਦਾ ਕੀਤਾ ਹੋਇਆ ਹੈ। ਇਨ੍ਹਾਂ ਬਸਾਂ ਦਾ ਫਲੀਟ ਲਗਭਗ ਪੰਜ ਸਾਲ ਪੁਰਾਣਾ ਹੈ ਤੇ ਇਸ ਵਿਚ ਵੀ ਇਕ ਸਾਲ ਦਾ ਵਾਧਾ ਕੀਤਾ ਗਿਆ ਹੈ। ਜਦਕਿ ਵਿਭਾਗ ਵਿਚ ਨਵਾਂ ਫਲੀਟ ਇਸ ਸਮੇਂ ਉਪਲਬੱਧ ਹੈ।

ਪੱਤਰ ਵਿਚ ਕਿਹਾ ਗਿਆ ਕਿ ਮੌਜੂਦਾ ਸਥਿਤੀ ਵਿਚ ਕੋਵਿਡ 19 ਮਹਾਂਮਾਰੀ ਕਾਰਨ ਬੱਸ ਉਪਰੇਸ਼ਨ ਬਹੁਤ ਘੱਟ ਹੋਣ ਕਾਰਨ ਕਿਲੋਮੀਟਰ ਸਕੀਮ ਵਾਲੀਆਂ ਬਸਾਂ ਨਹੀਂ ਚਲਾਈਆਂ ਜਾ ਰਹੀਆਂ। ਮਹੀਨਾ ਅਪ੍ਰੈਲ, ਮਈ ਵਿਚ ਕਿਲੋਮੀਟਰ ਸਕੀਮ ਦੀਆਂ ਬਸਾਂ ਦਾ ਉਪਰੇਸ਼ਨ ਨਹੀਂ ਹੋਇਆ। ਭਵਿੱਖ ਵਿਚ ਵੀ ਇਨ੍ਹਾਂ ਬਸਾਂ ਦੇ ਚਲਣ ਦੀ ਘੱਟ ਹੀ ਉਮੀਦ ਹੈ। ਇਸ ਕਾਰਨ ਐਗਰੀਮੈਂਟ ਦੀਆਂ ਸ਼ਰਤਾਂ ਲੜੀ ਨੰ. 26, 39 ਤੇ 48 ਮੁਤਾਬਕ ਜੇ ਐਗਰੀਮੈਂਟ ਕਰ ਲਿਆ ਗਿਆ ਹੈ ਤਾ ਕਾਨੂੰਨੀ ਰਾਏ ਲੈ ਕੇ ਰੱਦ ਕੀਤਾ ਜਾਵ। ਡਿਪੂ ਮੈਨੇਜਰਾਂ ਨੂੰ ਅੱਗੇ ਵੀ ਨਵਾਂ ਐਗਰੀਮੈਂਟ ਨਾ ਕਾਰਨ ਦੀ ਹਦਾਇਤ ਕੀਤੀ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।