ਐਨ.ਆਈ.ਏ. ਨੇ ਅੰਮ੍ਰਿਤਸਰ ਦੇ ਭਰਾਵਾਂ ਦੀ ਜਾਇਦਾਦ ਕੀਤੀ ਕੁਰਕ

ਏਜੰਸੀ

ਖ਼ਬਰਾਂ, ਪੰਜਾਬ

2020 ਤੋਂ ਚਲ ਰਿਹਾ ਸੀ ਪਾਕਿਸਤਾਨ ਵਲੋਂ ਸਪਾਂਸਰ ਨਸ਼ੀਲੇ ਪਦਾਰਥਾਂ-ਦਹਿਸ਼ਤਗਰਦੀ ਦਾ ਕੇਸ

photo

 

ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਪਾਕਿਸਤਾਨ ਵਲੋਂ ਸਪਾਂਸਰ ਕੀਤੇ ਨਸ਼ੀਲੇ ਪਦਾਰਥਾਂ ਦੇ ਦਹਿਸ਼ਤਗਰਦੀ ਕੇਸ ਵਿਚ ਮੁਲਜ਼ਮ ਦੋ ਭਰਾਵਾਂ ਦੇ ਘਰ ਨੂੰ ਕੁਰਕ ਕਰ ਲਿਆ ਹੈ, ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ।

ਇਹ ਮਾਮਲਾ ਪਾਕਿਸਤਾਨ ਤੋਂ ਭਾਰਤ ਵਿਚ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਲਈ ਇਕ ਨਸ਼ੀਲੇ ਅਤਿਵਾਦ ਮਾਡਿਊਲ ਵਲੋਂ ਰਚੀ ਗਈ ਸਾਜ਼ਸ਼ ਨਾਲ ਸਬੰਧਤ ਹੈ, ਜਿਸ ਦੀ ਏਜੰਸੀ ਵਲੋਂ 2020 ਤੋਂ ਜਾਂਚ ਕੀਤੀ ਜਾ ਰਹੀ ਸੀ।

ਅਧਿਕਾਰੀਆਂ ਨੇ ਕਿਹਾ, ‘‘ਦੋ ਭਰਾਵਾਂ, ਬਿਕਰਮਜੀਤ ਸਿੰਘ ਉਰਫ਼ ਬਿਕਰਮ ਸਿੰਘ ਅਤੇ ਮਨਿੰਦਰ ਸਿੰਘ ਉਰਫ਼ ਮਨੀ ਦੀ ਰਿਹਾਇਸ਼ੀ ਜਾਇਦਾਦ ਨੂੰ ‘ਅਤਿਵਾਦ ਦੀ ਕਮਾਈ’ ਵਜੋਂ ਨਾਮਜ਼ਦ ਕਰਨ ਤੋਂ ਬਾਅਦ, ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 25 (1) ਦੇ ਤਹਿਤ ਕੁਰਕ ਕੀਤਾ ਗਿਆ ਹੈ।’’

ਅਧਿਕਾਰੀ ਨੇ ਕਿਹਾ, ‘‘ਦੋਵੇਂ ਭਰਾਵਾਂ ਨੂੰ ਪਹਿਲਾਂ ਐਨ.ਆਈ.ਏ. ਨੇ ਇਸ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ।’’

ਐਨ.ਆਈ.ਏ. ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਯੂ.ਏ.ਪੀ.ਏ., ਐਨ.ਡੀ.ਪੀ.ਐਸ. ਅਤੇ ਆਈ.ਪੀ.ਸੀ. ਦੀਆਂ ਸਬੰਧਤ ਧਾਰਾਵਾਂ ਤਹਿਤ 13 ਮੁਲਜ਼ਮਾਂ ਵਿਰੁਧ ਪਹਿਲਾਂ ਹੀ ਚਾਰ ਚਾਰਜਸ਼ੀਟ (ਤਿੰਨ ਸਪਲੀਮੈਂਟਰੀ ਸਮੇਤ) ਦਾਇਰ ਕਰ ਚੁੱਕੇ ਹਨ।

ਅਧਿਕਾਰੀ ਨੇ ਕਿਹਾ, "ਸਰਹੱਦ ਪਾਰੋਂ ਆਯਾਤ ਕੀਤੇ ਨਮਕ ਦੀ ਆੜ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਜਾ ਰਹੀ ਸੀ। ਤਸਕਰੀ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਵਿਕਰੀ ਦੀ ਕਮਾਈ ਪੰਜਾਬ ਵਿਚ ਚੱਲ ਅਤੇ ਅਚੱਲ ਜਾਇਦਾਦ ਬਣਾਉਣ ਲਈ ਵਰਤੀ ਜਾ ਰਹੀ ਸੀ। ਇਸ ਤੋਂ ਇਲਾਵਾ ਨਸ਼ੇ ਵੇਚ ਕੇ ਕੀਤੀ ਕਮਾਈ ਨੂੰ ਕਸ਼ਮੀਰ ਵਾਦੀ ’ਚ ਹਿਜ਼ਬ-ਉਲ-ਮੁਜਾਹਿਦੀਨ ਦੇ ਅਤਿਵਾਦੀਆਂ ਨੂੰ ਫੰਡ ਦੇਣ ਲਈ ਵਰਤਿਆ ਜਾ ਰਿਹਾ ਸੀ।’’

ਐਨ.ਆਈ.ਏ. ਨੇ ਇਸ ਮਾਮਲੇ ਵਿਚ ਪਹਿਲਾਂ ਵੀ 60 ਕਨਾਲ 10 ਮਰਲੇ ਜ਼ਮੀਨ ਕੁਰਕ ਕੀਤੀ ਸੀ। ਛੇ ਵਾਹਨ ਅਤੇ 6 ਲੱਖ 35 ਹਜ਼ਾਰ ਰੁਪਏ ਦੀ ਨਕਦੀ ਵੀ ਜ਼ਬਤ ਕੀਤੀ ਗਈ ਹੈ।