ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਅਕਾਲੀ ਦਲ ਨੂੰ ਉਮੀਦਵਾਰ ਲੱਭਣੇ ਹੋਏ ਔਖੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ 19 ਸਤੰਬਰ ਨੂੰ ਹੋਣ ਵਾਲੀਆਂ 22 ਜ਼ਿਲ੍ਹਾ ਪ੍ਰੀਸ਼ਦ ਅਤੇ 150 ਬਲਾਕ ਸੰਮਤੀ ਚੋਣਾਂ ਲਈ ਜਿਥੇ ਕਾਂਗਰਸ ਪਾਰਟੀ ਦੇ ਵਰਕਰਾਂ ਵਲੋਂ ਟਿਕਟਾਂ ਦੀ ਪ੍ਰਾਪਤੀ..........

Shiromani Akali Dal

ਫ਼ਿਰੋਜ਼ਪੁਰ : ਪੰਜਾਬ ਵਿਚ 19 ਸਤੰਬਰ ਨੂੰ ਹੋਣ ਵਾਲੀਆਂ 22 ਜ਼ਿਲ੍ਹਾ ਪ੍ਰੀਸ਼ਦ ਅਤੇ 150 ਬਲਾਕ ਸੰਮਤੀ ਚੋਣਾਂ ਲਈ ਜਿਥੇ ਕਾਂਗਰਸ ਪਾਰਟੀ ਦੇ ਵਰਕਰਾਂ ਵਲੋਂ ਟਿਕਟਾਂ ਦੀ ਪ੍ਰਾਪਤੀ ਲਈ ਆਪੋ ਅਪਣੇ ਸਿਆਸੀ ਆਕਾਵਾਂ ਤਕ ਪਹੁੰਚ ਕੀਤੀ ਜਾ ਰਹੀ ਹੈ, ਉਥੇ ਹੀ ਲਗਾਤਾਰ ਦਸ ਸਾਲ ਸੱਤਾ ਵਿਚ ਰਹੇ ਅਕਾਲੀ ਦਲ ਨੂੰ ਇਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਉਮੀਦਵਾਰ ਲੱਭਣੇ ਔਖੇ ਹੋ ਗਏ ਹਨ। ਬਰਗਾੜੀ ਕਾਂਡ ਸਬੰਧੀ ਜਸਟਿਸ ਰਣਜੀਤ ਸਿੰਘ ਦੀ ਰੀਪੋਰਟ ਜਨਤਕ ਹੋਣ ਤੋਂ ਬਾਅਦ ਲੋਕਾਂ ਵਿਚ ਭਾਰੀ ਰੋਸ ਹੈ, ਇਸ ਲਈ ਕੋਈ ਵੀ ਅਕਾਲੀ ਦਲ ਦਾ ਉਮੀਦਵਾਰ ਬਣਨ ਨੂੰ ਤਿਆਰ ਨਹੀਂ।

ਟਕਸਾਲੀ ਆਗੂਆਂ ਨੇ ਵੀ ਇਨ੍ਹਾਂ ਚੋਣਾਂ ਸਬੰਧੀ ਅਪਣੇ ਹੱਥ ਪਿੱਛੇ ਖਿੱਚ ਲਏ ਹਨ। ਭਾਵੇਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਕਸਾਲੀ ਆਗੂਆਂ ਨੂੰ ਪੂਰਾ ਮਾਣ-ਸਤਿਕਾਰ ਦੇਣ ਦੀ ਗੱਲ ਆਖੀ ਹੈ ਪਰ ਲੋਕਾਂ ਦੇ ਰੋਹ ਅੱਗੇ ਕੋਈ ਵੀ ਅਕਾਲੀ ਖੜਨ ਨੂੰ ਤਿਆਰ ਨਹੀਂ ਹੈ। ਪਿਛਲੇ ਦਿਨੀਂ ਅਕਾਲੀ ਦਲ ਵਲੋਂ ਪੰਜਾਬ ਸਰਕਾਰ ਅਤੇ ਕਮਿਸ਼ਨ ਵਿਰੁਧ ਕੀਤੇ ਗਏ ਰੋਸ ਮੁਜ਼ਾਹਰਿਆਂ ਵਿਚ ਵੀ ਅਕਾਲੀ ਵਰਕਰਾਂ ਦੀ ਗਿਣਤੀ ਬਹੁਤ ਘੱਟ ਰਹੀ। ਦੂਜੇ ਪਾਸੇ ਕਾਂਗਰਸ, ਧਾਰਮਕ ਜਥੇਬੰਦੀਆਂ ਅਤੇ ਸਿੱਖ ਸੰਗਤ ਵਲੋਂ ਵੀ ਅਕਾਲੀ ਆਗੂਆਂ ਦੇ ਪੁਤਲੇ ਫੂਕੇ ਗਏ।

ਵਿਦੇਸ਼ਾਂ ਵਿਚ ਬੈਠੇ ਸਿੱਖਾਂ ਵਲੋਂ ਵੀ ਸੋਸ਼ਲ ਮੀਡੀਆ ਰਾਹੀਂ  ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।  ਅਕਾਲੀ ਦਲ ਵਲੋਂ ਇਸੇ ਮਹੀਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਵਰਕਰਾਂ ਦੇ ਹੌਸਲੇ ਬੁਲੰਦ ਕਰਨ ਲਈ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਪਰ ਇਨ੍ਹਾਂ ਰੈਲੀਆਂ ਦਾ ਵਿਰੋਧ ਕਰਨ ਲਈ ਬਰਗਾੜੀ ਇਨਸਾਫ਼ ਮੋਰਚੇ 'ਤੇ ਬੈਠੀ ਸਿੱਖ ਸੰਗਤ ਨੇ ਵੀ ਅਕਾਲੀਆਂ ਦੀਆਂ ਇਨ੍ਹਾਂ ਰੈਲੀਆਂ ਦਾ ਵਿਰੋਧ ਕਰਨ ਦਾ ਐਲਾਨ ਕਰ ਦਿਤਾ ਹੈ।