ਗੋਲਡ ਮੈਡਲ ਜੇਤੂ ਤਜਿੰਦਰਪਾਲ ਸਿੰਘ ਤੂਰ ਦੇ ਪਿਤਾ ਦਾ ਦਿਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਏਸ਼ੀਆਈ ਖੇਡਾਂ 2018 ਚ ਸ਼ਾਰਟਪੁੱਟ ਮੁਕਾਬਲੇ ਵਿਚ ਭਾਰਤ ਲਈ ਗੋਲਡ ਮੈਡਲ ਜਿੱਤਣ ਵਾਲੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਖਿਡਾਰੀ ਤਜਿੰਦਰਪਾਲ ਸਿੰਘ ਤੂਰ ਨੂੰ ਉਸ ...

Tejinderpal Singh Toor's father Karam Singh Hero

ਮੋਗਾ : ਏਸ਼ੀਆਈ ਖੇਡਾਂ 2018 ਚ ਸ਼ਾਰਟਪੁੱਟ ਮੁਕਾਬਲੇ ਵਿਚ ਭਾਰਤ ਲਈ ਗੋਲਡ ਮੈਡਲ ਜਿੱਤਣ ਵਾਲੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਖਿਡਾਰੀ ਤਜਿੰਦਰਪਾਲ ਸਿੰਘ ਤੂਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਿਤਾ ਕਰਮ ਸਿੰਘ ਹੀਰੋ ਦਾ ਮੰਗਲਵਾਰ ਨੂੰ ਲੰਬੀ ਬਿਮਾਰੀ ਕਾਰਨ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਤੂਰ ਦੇ ਪਿਤਾ ਕਰਮ ਸਿੰਘ ਹੀਰੋ ਕਾਫ਼ੀ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ।

ਇਹ ਵੀ ਦਸਿਆ ਜਾ ਰਿਹਾ ਹੈ ਕਿ ਇਸ ਦੁੱਖ ਭਰੀ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਖਿਡਾਰੀ ਤਜਿੰਦਰਪਾਲ ਸਿੰਘ ਤੂਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਬਿਨਾਂ ਹੀ ਦਿੱਲੀ ਤੋਂ ਅਪਣੇ ਪਿੰਡ ਪਹੁੰਚਣ ਲਈ ਮੋਗਾ ਰਵਾਨਾ ਹੋ ਗਏ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਏਸ਼ੀਆਈ ਖੇਡਾਂ 'ਚ ਸ਼ਾਟਪੁੱਟ ਈਵੈਂਟ ਦਾ ਸੋਨ ਤਮਗ਼ਾ ਜਿੱਤਣ ਵਾਲੇ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਦੇ ਪਿਤਾ ਸ. ਕਰਮ ਸਿੰਘ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਦਸ ਦਈਏ ਕਿ ਕੱਲ੍ਹ ਹੀ ਉਨ੍ਹਾਂ ਦਾ ਲੜਕਾ ਏਸ਼ੀਆਈ ਖੇਡਾਂ ਵਿਚੋਂ ਸੋਨ ਤਮਗਾ ਜਿੱਤ ਕੇ ਜਕਾਰਤਾ ਤੋਂ ਨਵੀਂ ਦਿੱਲੀ ਪੁੱਜਿਆ ਸੀ। ਅਪਣੇ ਸੋਗ ਸੰਦੇਸ਼ ਵਿਚ ਰਾਣਾ ਸੋਢੀ ਨੇ ਕਿਹਾ ਕਿ ਤੇਜਿੰਦਰ ਦੀ ਸੁਨਿਹਰੀ ਪ੍ਰਾਪਤੀ ਪਿੱਛੇ ਉਸ ਦੇ ਪਿਤਾ ਅਤੇ ਪਰਵਾਰ ਦੀ ਘਾਲਣਾ ਦਾ ਸਭ ਤੋਂ ਵੱਧ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਜਿਸ ਵੇਲੇ ਤੇਜਿੰਦਰ ਪਾਲ ਸਿੰਘ ਏਸ਼ੀਆਈ ਖੇਡਾਂ ਲਈ ਲੱਗੇ ਕੈਂਪ ਵਿਚ ਅਭਿਆਸ ਕਰ ਰਿਹਾ ਸੀ ਉਸ ਵੇਲੇ ਉਸ ਦੇ ਪਿਤਾ ਜ਼ੇਰ-ਏ-ਇਲਾਜ ਸਨ।


ਉਨ੍ਹਾਂ ਕਿਹਾ ਕਿ ਤੇਜਿੰਦਰ ਨੇ ਅਜਿਹੇ ਹਾਲਾਤ ਵਿਚ ਅਭਿਆਸ ਕਰ ਕੇ ਸੋਨ ਤਮਗਾ ਜਿੱਤ ਕੇ ਆਪਣੇ ਪਿਤਾ ਦਾ ਸੁਪਨਾ ਪੂਰਾ ਕੀਤਾ। ਖੇਡ ਮੰਤਰੀ ਨੇ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਵੀ ਕੀਤੀ। ਉਨ੍ਹਾਂ ਕਿਹਾ ਕਿ ਇਸ ਅਕਹਿ ਤੇ ਅਸਹਿ ਦੁੱਖ ਦੀ ਘੜੀ ਵਿਚ ਉਹ ਨਿੱਜੀ ਤੌਰ 'ਤੇ ਤੇਜਿੰਦਰ ਪਾਲ ਸਿੰਘ ਦੇ ਦੁੱਖ ਵਿਚ ਸ਼ਰੀਕ ਹਨ।