ਆਮ ਆਦਮੀ ਪਾਰਟੀ ਦੀ ਰੁਚੀ ਸਿਰਫ਼ ਅਪਣੇ ਸਿਆਸੀ ਏਜੰਡੇ ਵਲ : ਕੈਪਟਨ ਅਮਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਪੰਜਾਬ ਸਰਕਾਰ ਕੋਵਿਡ ਨਾਲ ਅਪਣੇ-ਆਪ ਨਜਿਠ ਲਵੇਗੀ, ਕੇਜਰੀਵਾਲ ਦੀ ਲੋੜ ਨਹੀਂ

Capt. Amarinder Singh

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਦਿੱਲੀ ਅੰਦਰ ਅਰਵਿੰਦ ਕੇਜਰੀਵਾਲ ਸਰਕਾਰ ਵਲੋਂ ਕੋਵਿਡ ਇਲਾਜ ਲਈ ਸਫ਼ਲ ਪ੍ਰਬੰਧਾਂ ਦੇ ਦਾਅਵਿਆਂ ਨੂੰ ਮੂਲੋਂ ਰੱਦ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੈਰਾਨੀ ਪ੍ਰਗਟ ਕੀਤੀ ਕਿ ਪੰਜਾਬ ਵਿਚ ਆਪ ਆਗੂਆਂ ਵਲੋਂ ਅਪਣੇ ਸੌੜੇ ਸਿਆਸੀ ਹਿੱਤਾਂ ਨੂੰ ਸੂਬੇ ਦੇ ਸੁਰੱਖਿਆ ਸਰੋਕਾਰਾਂ ਤੇ ਇਥੋਂ ਦੇ ਲੋਕਾਂ ਦੀ ਭਲਾਈ ਨਾਲੋਂ ਵੀ ਵੱਧ ਅਹਿਮੀਅਤ ਦਿਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਕ ਪਾਸੇ ਉਹ ਸੰਕਟ ਦੇ ਮੁਸ਼ਕਲ ਭਰੇ ਸਮੇਂ ਵਿਚ ਮਿਲ ਕੇ ਲੜਨ ਦੀ ਗੱਲ ਕਰਦੇ ਹਨ ਅਤੇ ਦੂਜੇ ਪਾਸੇ ਪਾਕਿਸਤਾਨ ਵਲੋਂ ਮਹਾਂਮਾਰੀ ਨੂੰ ਲੈ ਕੇ ਗ਼ਲਤ ਪ੍ਰਚਾਰ ਜ਼ਰੀਏ ਸਾਡੇ ਸੂਬੇ ਅੰਦਰ ਮੁਸ਼ਕਲਾਂ ਪੈਦਾ ਕਰਨ ਦੇ ਲਗਾਤਾਰ ਕੀਤੇ ਜਾ ਰਹੇ ਯਤਨਾਂ ਨੂੰ ਖੁਲ੍ਹੇ ਤੌਰ 'ਤੇ ਢੀਠਤਾ ਨਾਲ ਅੱਖੋਂ ਪਰੋਖੇ ਕਰ ਰਹੇ ਹਨ।

ਕੁਝ ਆਪ ਆਗੂਆਂ ਵਲੋਂ ਜਾਰੀ ਪ੍ਰੈੱਸ ਤੇ ਵੀਡੀਉ ਬਿਆਨ 'ਤੇ ਸਖ਼ਤ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਪ ਆਗੂ ਸਮਾਜ  ਵਿਰੋਧੀ ਅਨਸਰਾਂ ਦੁਆਰਾ ਸੂਬੇ ਦੇ ਪਿੰਡਾਂ ਵਿਚ ਕੋਵਿਡ ਸਬੰਧੀ ਫ਼ੈਲਾਈ ਜਾ ਰਹੀ ਗ਼ਲਤ ਜਾਣਕਾਰੀ ਦੀ ਨਿੰਦਾ ਕਰਨ ਨਾਲੋਂ ਉਨ੍ਹਾਂ ਉਪਰ ਨਿੱਜੀ ਹਮਲੇ ਕਰਨ 'ਤੇ ਵਧੇਰੇ ਕੇਂਦਰਿਤ ਜਾਪਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਸੂਬੇ ਅੰਦਰ ਪੂਰੀ ਤਰ੍ਹਾਂ ਲੋਕਾਂ ਦਾ ਭਰੋਸਾ ਗਵਾ ਚੁੱਕੀ ਆਮ ਆਦਮੀ ਪਾਰਟੀ ਅਪਣਾ ਏਜੰਡਾ ਅੱਗੇ ਵਧਾਉਣ ਵਿਚ ਕਿਸ ਹੱਦ ਤਕ ਥੱਲੇ ਡਿੱਗਣ ਲਈ ਤਿਆਰ ਹੈ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੂੰ ਕੋਰੋਨਾ ਨਾਲ ਨਜਿਠਣ ਲਈ ਕੇਂਦਰ ਤੋਂ ਮਦਦ ਦੀ ਬੇਨਤੀ ਕਰਨੀ ਪਈ ਪਰ ਪੰਜਾਬ ਇਸ ਸੰਕਟ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ 10,000 ਪਲਿਸ ਔਕਸੀਮੀਟਰਾਂ ਦੀ ਪਹਿਲਾਂ ਹੀ ਖ਼ਰੀਦ ਅਤੇ ਵੰਡ ਕਰ ਦਿਤੀ ਗਈ ਹੈ ਅਤੇ ਫ਼ਰੰਟਲਾਈਨ ਹੈਲਥ ਵਰਕਰਾਂ, ਘਰੇਲੂ ਇਕਾਂਤਵਾਸ ਵਿਚਲੇ ਮਰੀਜ਼ਾਂ ਆਦਿ ਦੀ ਸਹਾਇਤਾ ਲਈ ਹੋਰ 50,000 ਔਕਸੀਮੀਟਿਰਾਂ ਦੀ ਖ਼ਰੀਦ ਲਈ ਟੈਂਡਰ ਦਿਤੇ ਗਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਉਪਕਰਨਾਂ ਦੀ ਕੋਈ ਘਾਟ ਨਹੀਂ ਹੈ ਅਤੇ ਅੱਗੇ ਕਿਹਾ ਕਿ ਇਹ ਦਿੱਲੀ ਹੀ ਹੈ ਜਿਸ ਨੂੰ ਸਦਾ ਦੂਜਿਆਂ ਦੀ ਮਦਦ ਦੀ ਲੋੜ ਜਾਪਦੀ ਹੈ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਯਾਦ ਦਿਵਾਇਆ ਕਿ ਕੌਮੀ ਰਾਜਧਾਨੀ ਵਿੱਚ ਕੋਵਿਡ ਸੰਕਟ ਦੇ ਪ੍ਰਬੰਧਨ ਲਈ ਕਿਵੇਂ ਕੇਂਦਰੀ ਗ੍ਰਹਿ ਅਤੇ ਸਿਹਤ ਮੰਤਰੀਆਂ ਨੂੰ ਨਿੱਜੀ ਅਤੇ ਸਿੱਧੇ ਤੌਰ 'ਤੇ ਦਖ਼ਲ ਦੇਣਾ ਪਿਆ। ਉਨ੍ਹਾਂ ਟਿੱਪਣੀ ਕਰਦਿਆਂ ਕਿਹਾ ਕਿ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਦਿੱਲੀ ਵਿਚ ਕੇਸਾਂ ਦੀ ਗਿਣਤੀ ਬੇਤਹਾਸ਼ਾ ਢੰਗ ਨਾਲ ਵਧ ਰਹੀ ਹੈ ਜਦੋਂ ਕਿ ਆਪ ਤਾਂ ਬੱਸ ਦੂਜੇ ਸੂਬਿਆਂ ਅੱਗੇ ਦਿੱਲੀ ਦੇ ਸਿਹਤ ਮਾਡਲ ਦੇ ਸੋਹਲੇ ਗਾ ਰਹੀ ਹੈ।