ਸੁਨੀਲ ਜਾਖੜ ਦੀ ਕੇਜਰੀਵਾਲ ਨੂੰ ਸਲਾਹ, ਪਹਿਲਾਂ ਅਪਣੇ ਪਾਰਟੀ ਵਰਕਰਾਂ ਦੀ ਆਕਸੀਜਨ ਚੈਕ ਕਰਵਾ ਲਓ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਪੰਜਾਬ ਦੇ ਲੋਕਾਂ ਨੂੰ ਭੜਕਾਉਣ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ

Sunil Jakhar

ਚੰਡੀਗੜ੍ਹ : ਪੰਜਾਬ ਸਮੇਤ ਪੂਰੇ ਦੇਸ਼ ਅੰਦਰ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਜਾਰੀ ਹੈ। ਬੀਤੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਦੀ ਮੱਦਦ ਦੀ ਗੱਲ ਕਹਿੰਦਿਆਂ ਅਪਣੇ ਪਾਰਟੀ ਵਰਕਰਾਂ ਰਾਹੀਂ ਪੰਜਾਬ ਦੇ ਹਰ ਗਲੀ ਮੁਹੱਲੇ ਅਤੇ ਪਿੰਡਾਂ ਵਿਚ ਘਰ-ਘਰ ਜਾ ਕੇ ਆਕਸੀਮੀਟਰ ਨਾਲ ਲੋਕਾਂ ਦੀ ਆਕਸੀਜਨ ਦੀ ਜਾਂਚ ਕਰਨ ਦਾ ਐਲਾਨ ਕੀਤਾ ਸੀ।  ਕੇਜਰੀਵਾਲ ਦੇ ਇਸ ਐਲਾਨ ਤੋਂ ਬਾਅਦ ਪੰਜਾਬ ਅੰਦਰ ਸਿਆਸੀ ਘਮਾਸਾਨ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਕਈ ਕਾਂਗਰਸੀ ਆਗੂ ਕੇਜਰੀਵਾਲ ਵੱਲ ਨਿਸ਼ਾਨਾ ਸਾਧਾ ਚੁੱਕੇ ਹਨ।

ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਵੀ ਕੇਜਰੀਵਾਲ ਦੇ ਐਲਾਨ 'ਤੇ ਚੁਟਕੀ ਲੈਂਦਿਆਂ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੈ। ਸੁਨੀਲ ਜਾਖੜ ਦਾ ਕਹਿਣਾ ਹੈ ਕਿ ਕੇਜਰੀਵਾਲ ਵਲੋਂ ਪਾਰਟੀ ਵਰਕਰਾਂ ਨੂੰ ਪੰਜਾਬ ਦੇ ਗਲੀ-ਮਹੱਲਿਆ ਅਤੇ ਪਿੰਡਾਂ ਅੰਦਰ ਜਾ ਕੇ ਲੋਕਾਂ ਦੀ ਆਕਸੀਜਨ ਚੈਕ ਕਰਨ ਲਈ ਕਹਿਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ।

ਉਨ੍ਹਾਂ ਸਵਾਲ ਕੀਤਾ ਕਿ ਆਮ ਵਰਕਰ ਕੋਲ ਇਸ ਕੰਮ ਦਾ ਤਜਰਬਾ ਨਾ ਹੋਣ ਕਾਰਨ ਉਹ ਇਹ ਕਿਵੇਂ ਤੈਅ ਕਰਨਗੇ ਕਿ ਜਿਸ ਵਿਅਕਤੀ ਦੀ ਉਹ ਆਕਸੀਜਨ ਜਾਂਚ ਰਹੇ ਹਨ, ਉਹ ਕਰੋਨਾ ਪਾਜ਼ੇਟਿਵ ਹੈ ਜਾਂ ਨਹੀਂ, ਜਾਂ ਉਸ ਨੂੰ ਕਰੋਨਾ ਹੋਣ ਦੇ ਕਿੰਨਾ ਖ਼ਤਰਾ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਉਨ੍ਹਾਂ ਕਿਹਾ ਕਿ ਇਹ ਇਕ ਆਮ ਆਰਐਮਪੀ ਡਾਕਟਰ ਵਰਗਾ ਕੰਮ ਹੋਵੇਗਾ, ਜਿਨ੍ਹਾਂ ਖਿਲਾਫ਼ ਪਿਛਲੇ ਸਮੇਂ ਦੌਰਾਨ ਪਰਚੇ ਵੀ ਦਰਜ ਹੁੰਦੇ ਰਹੇ ਹਨ।

ਸੁਨੀਲ ਜਾਖੜ ਨੇ ਕੇਜਰੀਵਾਲ ਨੂੰ ਸਲਾਹ ਦਿੰਦਿਆ ਕਿਹਾ ਕਿ ਕੇਜਰੀਵਾਲ ਨੂੰ ਪਹਿਲਾਂ ਅਪਣੀ ਪਾਰਟੀ ਦੀ ਪੰਜਾਬ ਇਕਾਈ ਦੇ ਆਗੂਆਂ ਤੇ ਵਰਕਰਾਂ ਦੀ ਸਿਆਸੀ ਆਕਸੀਜਨ ਚੈਕ ਕਰਵਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 'ਆਪ' ਵਰਕਰਾਂ ਦਾ ਪੰਜਾਬ ਦੀ ਆਬੋ-ਹਵਾ 'ਚ ਸਾਹ ਲੈਣਾ ਔਖਾ ਹੋਇਆ ਪਿਐ, ਕਿਉਂਕਿ ਆਮ ਆਦਮੀ ਪਾਰਟੀ ਦੇ ਪੰਜਾਬ ਅੰਦਰ ਪੈਰ ਨਹੀਂ ਲੱਗ ਰਹੇ। ਅਜਿਹੀ ਸਥਿਤੀ 'ਚ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਸਿਆਸੀ ਆਕਸਜੀਨ ਮੁੱਕ ਚੁੱਕੀ ਹੈ, ਜਿਸ ਦੀ ਜਾਂਚ ਕੇਜਰੀਵਾਲ ਨੂੰ ਸਮਾਂ ਰਹਿੰਦੇ ਕਰਵਾ ਲੈਣੀ ਚਾਹੀਦੀ ਹੈ।  

ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਦੇ ਅਜਿਹੇ ਬਿਆਨ ਲੋਕਾਂ ਅੰਦਰ ਭਰਮ-ਭੁਲੇਖੇ ਪਾ ਰਹੇ ਹਨ। ਪੰਜਾਬ ਅੰਦਰ ਪਿਛਲੇ ਦਿਨਾਂ ਦੌਰਾਨ ਸਿਹਤ ਕਾਮਿਆਂ 'ਤੇ ਹਮਲੇ ਹੋ ਚੁੱਕੇ ਹਨ। ਸਿਹਤ ਕਰਮਚਾਰੀਆਂ ਨੂੰ ਪਿੰਡਾਂ ਅੰਦਰ ਟੈਸਟ ਕਰਨ ਜਾਣ ਤੋਂ ਰੋਕਣ ਦੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ। ਮੁੱਖ ਮੰਤਰੀ ਵਲੋਂ ਅਜਿਹੀਆਂ ਘਟਨਾਵਾਂ ਦਾ ਨੋਟਿਸ ਲੈਂਦਿਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜੋ ਵੀ ਲੋਕਾਂ ਨੂੰ ਭੜਕਾਉਣ ਵਾਲੀਆਂ ਕਾਰਵਾਈਆਂ 'ਚ ਸ਼ਾਮਲ ਪਾਇਆ ਗਿਆ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।