ਪਾਰਟੀ ਸਟੇਜ 'ਤੇ ਗਰਜੇ ਨਵਜੋਤ ਸਿੱਧੂ, ਕੇਂਦਰ ਨਾਲ ਨਜਿੱਠਣ ਲਈ ਨਵੇਂ ਢੰਗ-ਤਰੀਕੇ ਅਪਨਾਉਣ ਦੀ ਸਲਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ 'ਤੇ ਕਾਂਗਰਸ ਵਲੋਂ ਚਲਾਈਆਂ ਲੋਕ ਭਲਾਈ ਸਕੀਮਾਂ ਨੂੰ ਖ਼ਤਮ ਕਰਨ ਦੇ ਦੋਸ਼

Navjot Singh Sidhu

ਚੰਡੀਗੜ੍ਹ : ਲੰਮੀ ਸਿਆਸੀ ਚੁੱਪੀ ਤੋੜਣ ਤੋਂ ਬਾਅਦ ਅੱਜ ਨਵਜੋਤ ਸਿੰਘ ਸਿੱਧੂ ਅਪਣੇ ਪੁਰਾਣੇ ਜਲੋਅ 'ਚ ਨਜ਼ਰ ਆਏ। ਰਾਹੁਲ ਗਾਂਧੀ ਦੀ ਮੌਜੂਦਗੀ 'ਚ ਕੈਪਟਨ ਅਮਰਿੰਦਰ ਸਿੰਘ ਨਾਲ ਮੰਚ ਸਾਂਝਾ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਜਿੱਥੇ ਕੇਂਦਰ ਸਰਕਾਰ 'ਤੇ ਨਿਸ਼ਾਨੇ ਸਾਧੇ ਉਥੇ ਹੀ ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜਨ ਲਈ ਸੂਬਾ ਸਰਕਾਰ ਨੂੰ ਵੀ ਨਵੀਆਂ ਚੁਨੌਤੀਆਂ ਨੂੰ ਪ੍ਰਵਾਨ ਕਰਨ ਲਈ ਵੰਗਾਰਦਿਆਂ ਅਪਣੇ ਤੌਰ 'ਤੇ ਕਿਸਾਨਾਂ ਨੂੰ ਐਮ.ਐਸ.ਪੀ. ਦੇਣ ਦੇ ਨਾਲ-ਨਾਲ ਪੰਜਾਬ 'ਚ ਦਾਲਾਂ ਅਤੇ ਤੇਲ ਬੀਜ਼ਾਂ ਦੀ ਕਾਸ਼ਤ ਨੂੰ ਉਤਸਾਹਤ ਕਰਨ ਦਾ ਸੁਝਾਅ ਵੀ ਦਿਤਾ।

ਨਵਜੋਤ ਸਿੰਘ ਸਿੱਧੂ ਦੇ ਬੇਵਾਕ ਟਿੱਪਣੀਆਂ ਦਾ ਸੇਕ ਮੰਚ 'ਤੇ ਬੈਠੇ ਕੁੱਝ ਆਗੂਆਂ ਨੂੰ ਮਹਿਸੂਸ ਹੋਣ 'ਤੇ ਜਦੋਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਜਦੋਂ ਉਨ੍ਹਾਂ ਕੋਲ ਆ ਅੱਗੇ ਡਾਇਸ 'ਤੇ ਇਕ ਪਰਚੀ ਰੱਖ ਕੇ ਵਾਪਸ ਮੁੜਣ ਲੱਗੇ ਤਾਂ ਨਵਜੋਤ ਸਿੰਘ ਸਿੱਧੂ ਨੇ ਅਪਣਾ ਭਾਸ਼ਨ ਰੋਕਦਿਆਂ ਰੰਧਾਵਾ ਨੂੰ ਮੁਖਾਤਿਬ ਹੁੰਦਿਆਂ ਅੱਜ ਨਾ ਰੋਕੋ...ਘੋੜੇ ਨੂੰ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ..., ਲੱਤ ਤੁਸੀਂ ਕਿਸੇ ਹੋਰ ਨੂੰ ਮਾਰਿਓ...ਵੈਸੇ ਵੀ ਇੰਨੇ ਟਾਇਮ ਤੋਂ ਬੈਠਾ ਹੀ ਰੱਖਿਆ ਸੀ।

ਜਿਉਂ ਹੀ ਸਿੱਧੂ ਦੇ ਇਹ ਬੋਲ ਇਕੱਠ ਤਕ ਪਹੁੰਚੇ ਲੋਕਾਂ ਨੇ ਤਾੜੀਆਂ, ਸੀਟੀਆਂ ਅਤੇ ਚੀਕਾਂ ਨਾਲ ਉਨ੍ਹਾਂ ਨੂੰ ਹੱਲਾਸ਼ੇਰੀ ਦਿਤੀ।  ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਚੁਪਚਾਪ ਅਪਣੀ ਸੀਟ 'ਤੇ ਜਾ ਕੇ ਬਹਿ ਗਏ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਕਾਂਗਰਸ ਦੇ ਕੰਮਾਂ ਦਾ ਗੁਣਗਾਣ ਕਰਨ ਦੇ ਨਾਲ-ਨਾਲ ਕੇਂਦਰ ਦੇ ਟਾਕਰੇ ਲਈ ਪੰਜਾਬ ਦੇ ਕਿਸਾਨਾਂ ਅਤੇ ਸਰਕਾਰ ਨੂੰ ਕੁੱਝ ਨਵੇਂ ਨੁਕਤੇ ਵੀ ਸੁਝਾਏ।

ਸਿੱਧੂ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਕੇਂਦਰ ਦੇ ਮਾਰੂ ਹਮਲਿਆਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੂੰ ਕਿਸਾਨਾਂ ਲਈ ਕਈ ਕਦਮ ਚੁਕਣੇ ਪੈਣਗੇ। ਉਨ੍ਹਾਂ ਕਿਹਾ ਕਿ ਜੋ ਖੇਤੀ ਵਸਤਾਂ ਪੰਜਾਬ ਬਾਹਰੋਂ ਮੰਗਵਾਉਂਦਾ ਹੈ, ਉਨ੍ਹਾਂ ਦੀ ਖੁਦ ਪੈਦਾਵਾਰ ਕਰ ਕੇ ਪੰਜਾਬ ਤੇ ਪੰਜਾਬ ਦੇ ਕਿਸਾਨਾਂ ਨੂੰ ਆਤਮ ਨਿਰਭਰ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਟਾ-ਦਾਲ ਸਕੀਮ ਲਈ ਸਰਕਾਰ ਵੱਡੀ ਮਾਤਰਾ 'ਚ ਦਾਲਾਂ ਬਾਹਰੋਂ ਮੰਗਵਾਉਂਦੀ ਹੈ। ਇਸੇ ਤਰ੍ਹਾਂ ਤੇਲ ਬੀਜ਼ਾਂ ਦੇ ਉਤਪਾਦਨ ਨੂੰ ਵਧਾ ਕੇ ਜਿੱਥੇ ਪੰਜਾਬ ਖੁਦ ਦੀ ਲੋੜ ਪੂਰੀ ਕਰ ਸਕਦਾ ਹੈ, ਉਥੇ ਹੀ ਕਿਸਾਨਾਂ ਨੂੰ ਵੀ ਇਸ ਦਾ ਲਾਭ ਪਹੁੰਚ ਸਕਦਾ ਹੈ।