ਪੁਲਿਸ ਹਿਰਾਸਤ ‘ਚੋਂ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਚਾਰ ਮੈਂਬਰੀ SIT ਦਾ ਗਠਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਸ.ਆਈ.ਟੀ. ਵਿੱਚ ਪਟਿਆਲਾ ਰੇਂਜ ਦੇ ਆਈ.ਜੀ.ਪੀ. ਐਮ.ਐਸ. ਛੀਨਾ ਨੂੰ ਚੇਅਰਪਰਸਨ ਵਜੋਂ ਸ਼ਾਮਲ ਕੀਤਾ ਗਿਆ ਹੈ

Police constitutes 4-member SIT to unravel conspiracy of gangster Deepak Tinu's escape

 

ਚੰਡੀਗੜ੍ਹ: ਡੀਜੀਪੀ ਪੰਜਾਬ ਗੌਰਵ ਯਾਦਵ ਨੇ ਅੱਜ ਮਾਨਸਾ ਵਿੱਚ ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਣ ਦੀ ਸਾਰੀ ਸਾਜਿਸ਼ ਦਾ ਪਰਦਾਫਾਸ ਕਰਨ ਅਤੇ ਇਸ ਮਾਮਲੇ ਦੀ ਪ੍ਰਭਾਵਸ਼ਾਲੀ ਅਤੇ ਤੇਜ਼ੀ ਨਾਲ ਜਾਂਚ ਨੂੰ ਯਕੀਨੀ ਬਣਾਉਣ ਲਈ ਇੱਕ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਹੈ।

ਐਸ.ਆਈ.ਟੀ. ਵਿੱਚ ਪਟਿਆਲਾ ਰੇਂਜ ਦੇ ਆਈ.ਜੀ.ਪੀ. ਐਮ.ਐਸ. ਛੀਨਾ ਨੂੰ ਚੇਅਰਪਰਸਨ ਵਜੋਂ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਤਿੰਨ ਮੈਂਬਰਾਂ ਵਿੱਚ ਏ.ਆਈ.ਜੀ. ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਓਪਿੰਦਰਜੀਤ ਸਿੰਘ, ਐਸਐਸਪੀ ਮਾਨਸਾ ਗੌਰਵ ਤੂਰਾ ਅਤੇ ਡੀਐਸਪੀ ਏਜੀਟੀਐਫ ਬਿਕਰਮਜੀਤ ਸਿੰਘ ਬਰਾੜ ਸ਼ਾਮਲ ਹਨ।

ਸਟੇਸ਼ਨ ਹਾਊਸ ਅਫਸਰ (ਐਸ.ਐਚ.ਓ.) ਪੁਲਿਸ ਥਾਣਾ ਸਿਟੀ-1 ਮਾਨਸਾ ਵੱਲੋਂ  ਐਸ.ਆਈ.ਟੀ.  ਨੂੰ ਪੂਰਾ ਸਹਿਯੋਗ ਹੋਵੇਗਾ । ਲੋੜ ਪੈਣ ਤੇ  ਬਠਿੰਡਾ ਅਤੇ ਪਟਿਆਲਾ ਰੇਂਜ ਦੇ ਕਿਸੇ ਹੋਰ ਅਧਿਕਾਰੀ ਨੂੰ ਵੀ ਐਸ.ਆਈ.ਟੀ.  ਦੀ ਸਹਾਇਤਾ ਲਈ ਚੁਣਿਆ ਜਾ ਸਕਦਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਪੂਰੇ ਜ਼ੋਰਾਂ ’ਤੇ ਚੱਲ ਰਹੀ ਹੈ ਅਤੇ ਪੁਲਿਸ ਦੀਆਂ ਕਈ ਟੀਮਾਂ ਫਰਾਰ ਹੋਏ ਗੈਂਗਸਟਰ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।

ਸਰਗਰਮ ਪਹੁੰਚ ਅਪਣਾਉਂਦਿਆਂ ਪੰਜਾਬ ਪੁਲਿਸ ਵੱਲੋਂ ਮਾਨਸਾ ਦੇ ਸੀ.ਆਈ.ਏ. ਇੰਚਾਰਜ ਪ੍ਰਿਤਪਾਲ ਸਿੰਘ ਨੂੰ ਤੁਰੰਤ ਮੁਅੱਤਲ ਕਰਕੇ ਗਿ੍ਰਫਤਾਰ ਕਰ ਲਿਆ ਗਿਆ ਸੀ  ਅਤੇ ਡਿਊਟੀ ਵਿੱਚ ਕੁਤਾਹੀ ਕਰਨ ਦੇ ਦੋਸ਼ ਵਿੱਚ ਉਸ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਗਈ ਸੀ । ਦੋਸ਼ੀ ਪੁਲਿਸ ਮੁਲਾਜ਼ਮ ਨੂੰ ਧਾਰਾ 311 ਤਹਿਤ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।

ਡੀ.ਜੀ.ਪੀ. ਨੇ ਕਿਹਾ ਕਿ ਐਸ.ਆਈ.ਟੀ. ਇਸ ਮਾਮਲੇ ਦੀ ਰੋਜ਼ਾਨਾ ਅਧਾਰ ’ਤੇ ਜਾਂਚ ਕਰੇਗੀ ਅਤੇ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਜਾਵੇਗਾ ਅਤੇ ਪੁਲੀਸ ਵੱਲੋਂ ਉਹਨਾਂ ਖਿਲਾਫ ਸਬੰਧਤ ਅਦਾਲਤ ਵਿੱਚ ਰਿਪੋਰਟ ਪੇਸ਼ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਐਸ.ਆਈ.ਟੀ. ਨੂੰ ਜਾਂਚ ਪ੍ਰੀਕਿਰਿਆ ਵਿੱਚ ਤੇਜ਼ੀ ਨਾਲ ਨੇਪਰੇ ਚੜਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।