CBI ਦੀ ਚਾਰਜਸ਼ੀਟ ਵਿਚ ਖੁਲਾਸਾ: ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਨੂੰ ਨਹੀਂ ਮਿਲੀ ਕਲੀਨ ਚਿੱਟ

ਏਜੰਸੀ

ਖ਼ਬਰਾਂ, ਪੰਜਾਬ

ਫਿਰੌਤੀ ਦੇ ਮਾਮਲੇ ’ਚ ਫਸਾਉਣ ਦੀ ਧਮਕੀ ਦੇ ਕੇ 7 ਲੱਖ ਰੁਪਏ ਰਿਸ਼ਵਤ ਲੈਣ ਦਾ ਮਾਮਲਾ

Inspector Harinder Singh Sekhon did not get a clean chit



ਚੰਡੀਗੜ੍ਹ:  ਚੰਡੀਗੜ੍ਹ ਪੁਲਿਸ ਦੇ ਅਪਰੇਸ਼ਨ ਸੈੱਲ ਦੇ ਇੰਚਾਰਜ ਹਰਿੰਦਰ ਸਿੰਘ ਸੇਖੋਂ ਨੂੰ 7 ਲੱਖ ਰੁਪਏ ਦੇ ਰਿਸ਼ਵਤ ਮਾਮਲੇ ਵਿਚ ਸੀਬੀਆਈ ਨੇ ਹਾਲੇ ਤਕ ਕਲੀਨ ਚਿੱਟ ਨਹੀਂ ਦਿਤੀ ਹੈ। ਉਸ ਵਿਰੁਧ ਸੀਬੀਆਈ ਜਾਂਚ ਜਾਰੀ ਰਹੇਗੀ। ਦੋ ਮਹੀਨੇ ਪਹਿਲਾਂ ਉਸ ਦਾ ਨਾਂਅ ਰਿਸ਼ਵਤ ਦੇ ਇਕ ਕੇਸ ਵਿਚ ਸਾਹਮਣੇ ਆਇਆ ਸੀ।

ਸੀਬੀਆਈ ਨੇ ਚੰਡੀਗੜ੍ਹ ਪੁਲਿਸ ਦੇ ਪੀਸੀਆਰ ਮੁਲਾਜ਼ਮ ਹੈੱਡ ਕਾਂਸਟੇਬਲ ਪਵਨ ਵਿਰੁਧ ਐਫਆਈਆਰ ਦਰਜ ਕੀਤੀ ਸੀ, ਜਦਕਿ ਦੋ ਵਿਚੋਲਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਸ ਮਾਮਲੇ ਵਿਚ ਸੀਬੀਆਈ ਨੇ ਪਿਛਲੇ ਹਫ਼ਤੇ ਦੋਨਾਂ ਵਿਚੋਲੇ ਮਨੀਸ਼ ਉਰਫ਼ ਬਬਲੂ ਦੂਬੇ ਅਤੇ ਸਕਰੈਪ ਡੀਲਰ ਅਨਿਲ ਗੋਇਲ ਉਰਫ਼ ਕੋਕੀ ਵਿਰੁਧ ਚਾਰਜਸ਼ੀਟ ਦਾਖ਼ਲ ਕੀਤੀ ਸੀ। ਚਾਰਜਸ਼ੀਟ ਵਿਚ ਸੀਬੀਆਈ ਨੇ ਸਪੱਸ਼ਟ ਕੀਤਾ ਹੈ ਕਿ ਹੈੱਡ ਕਾਂਸਟੇਬਲ ਪਵਨ ਅਤੇ ਇੰਸਪੈਕਟਰ ਸੇਖੋਂ ਵਿਰੁਧ ਜਾਂਚ ਜਾਰੀ ਰਹੇਗੀ ਅਤੇ ਨਵੇਂ ਸਬੂਤ ਇਕੱਠੇ ਕੀਤੇ ਜਾਣਗੇ।

ਐਫਆਈਆਰ ਦੇ ਬਾਅਦ ਤੋਂ ਹੀ ਪਵਨ ਫਰਾਰ ਹੈ। ਰਿਸ਼ਵਤਖੋਰੀ ਵਿਚ ਨਾਂਅ ਸਾਹਮਣੇ ਆਉਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਇੰਸਪੈਕਟਰ ਸੇਖੋਂ ਨੂੰ ਆਪਰੇਸ਼ਨ ਸੈੱਲ ਤੋਂ ਹਟਾ ਦਿਤਾ ਸੀ। ਸੀਬੀਆਈ ਨੇ ਸਬੂਤਾਂ ਦੀ ਘਾਟ ਕਾਰਨ ਐਫਆਈਆਰ ਦਰਜ ਨਹੀਂ ਕੀਤੀ ਸੀ।