1992 Fake encounter Case: ਝੂਠਾ ਰਿਕਾਰਡ ਤਿਆਰ ਕਰਨ ਵਾਲੇ ਸੀ.ਆਈ.ਏ. ਇੰਚਾਰਜ ਨੂੰ ਤਿੰਨ ਸਾਲ ਦੀ ਕੈਦ
CBI ਅਦਾਲਤ ਨੇ ਤਰਸੇਮ ਲਾਲ ਨੂੰ 50 ਹਜ਼ਾਰ ਜੁਰਮਾਨਾ ਵੀ ਲਗਾਇਆ
1992 Fake encounter Case: 1992 ਦੇ ਇਕ ਹੋਰ ਪੁਲਿਸ ਮੁਠਭੇੜ ਮਾਮਲੇ ’ਚ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਵਲੋਂ ਸਾਬਕਾ ਪੁਲਿਸ ਅਧਿਕਾਰੀ ਨੂੰ ਝੂਠਾ ਰਿਕਾਰਡ ਤਿਆਰ ਕਰਨ ਵਾਲੇ ਉਸ ਸਮੇਂ ਦੇ ਸੀ.ਆਈ.ਏ ਮਜੀਠਾ ਦੇ ਇੰਚਾਰਜ ਰਹੇ ਤਰਸੇਮ ਲਾਲ ਨੂੰ ਧਾਰਾ-218 ’ਚ 3 ਸਾਲ ਦੀ ਕੈਦ ਅਤੇ 50 ਹਜਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ ਜਦੋਂ ਕਿ ਇਸ ਕੇਸ ਵਿਚ ਦੋ ਮੁਲਜ਼ਮਾਂ ਸਵਰਨ ਸਿੰਘ ਅਤੇ ਅਵਤਾਰ ਸਿੰਘ ਦੀ ਕੇਸ ਦੀ ਸੁਣਵਾਈੇ ਦੌਰਾਨ ਮੌਤ ਹੋ ਗਈ।
ਇਸੇ ਮਾਮਲੇ ’ਚ ਜਗੀਰ ਸਿੰਘ ਜਿਸ ਨੂੰ ਦਲਜੀਤ ਸਿੰਘ ਦੇ ਨਾਲ ਮਾਰਿਆ ਗਿਆ ਦਿਖਾਇਆ ਗਿਆ ਸੀ, ਸਤੰਬਰ 2023 ਵਿਚ ਅਦਾਲਤ ਵਿਚ ਅਚਾਨਕ ਪੇਸ਼ ਹੋਇਆ, ਜਿਸ ਨੇ ਸਾਰੀ ਸਥਿਤੀ ਬਦਲ ਦਿਤੀ ਅਤੇ ਇਕ ਸਵਾਲ ਉੱਠਦਾ ਹੈ ਕਿ ਜਗੀਰ ਸਿੰਘ ਦੀ ਥਾਂ ਕਿਸ ਨੂੰ ਮਾਰਿਆ ਗਿਆ ਦਿਖਾਇਆ ਗਿਆ ਸੀ। ਇਸ ਮਾਮਲੇ ’ਚ ਦਲਜੀਤ ਸਿੰਘ ਵਾਸੀ ਖਿਆਲਾ, ਅੰਮ੍ਰਿਤਸਰ ਨੂੰ ਅਗਵਾ, ਨਾਜਾਇਜ਼ ਹਿਰਾਸਤ ’ਚ ਰੱਖਣ ਅਤੇ ਫਿਰ ਉਸ ਦਾ ਕਤਲ ਕਰਨ ਸਬੰਧੀ ਅਦਾਲਤ ’ਚ ਲੰਮੇ ਸਮੇਂ ਤੋਂ ਉਕਤ ਕੇਸ ਚਲ ਰਿਹਾ ਸੀ।
ਇਸ ਮਾਮਲੇ ਵਿਚ 1994 ’ਚ ਦਲਜੀਤ ਸਿੰਘ ਦੇ ਪਿਤਾ ਕਸ਼ਮੀਰ ਸਿੰਘ ਨੇ ਹਾਈ ਕੋਰਟ ਵਿਚ ਰਿੱਟ ਦਾਇਰ ਕਰਕੇ ਦੋਸ਼ ਲਾਇਆ ਸੀ ਕਿ ਉਸ ਨੂੰ ਉਸ ਦੇ ਪੁੱਤਰਾਂ ਬਲਜੀਤ ਸਿੰਘ ਅਤੇ ਰਾਜਵੰਤ ਨੂੰ ਧਰਮ ਸਿੰਘ ਐਸਐਚਓ ਲੋਪੋਕੇ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ 13 ਦਸੰਬਰ 1992 ਨੂੰ ਉਨ੍ਹਾਂ ਦੇ ਘਰੋਂ ਚੁਕ ਲਿਆ ਸੀ ਅਤੇ ਫਿਰ ਤੀਜੇ ਪੁੱਤਰ ਦਲਜੀਤ ਸਿੰਘ ਨੂੰ ਉਸ ਦੇ ਰਿਸ਼ਤੇਦਾਰ ਦੇ ਘਰੋਂ ਹਿਰਾਸਤ ਵਿਚ ਲੈ ਲਿਆ ਗਿਆ।
ਰਿੱਟ ਪਟੀਸ਼ਨ ’ਚ ਕਿਹਾ ਗਿਆ ਸੀ ਕਿ ਉਸ ਨੂੰ ਅਤੇ ਉਸ ਦੇ ਦੋ ਪੁੱਤਰਾਂ ਨੂੰ ਕੁਝ ਦਿਨਾਂ ਬਾਅਦ ਰਿਹਾਅ ਕਰ ਦਿਤਾ ਗਿਆ ਸੀ ਪਰ ਉਸ ਦੇ ਤੀਜੇ ਪੁੱਤਰ ਦਲਜੀਤ ਸਿੰਘ ਨੂੰ ਰਿਹਾਅ ਨਹੀਂ ਕੀਤਾ ਗਿਆ। ਰਿੱਟ ਵਿਚ ਮੰਗ ਕੀਤੀ ਗਈ ਕਿ ਦਲਜੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਐਸਐਸਪੀ ਮਜੀਠਾ ਦੇ ਨੋਟਿਸ ’ਤੇ ਐਸਐਚਓ ਲੋਪੋਕੇ ਨੇ ਹਾਈਕੋਰਟ ਵਿਚ ਜਵਾਬ ਦਾਇਰ ਕੀਤਾ ਪਰ ਦਲਜੀਤ ਸਿੰਘ ਨੂੰ ਚੁਕਣ ਅਤੇ ਅਗਵਾ ਕਰਨ ਤੋਂ ਇਨਕਾਰ ਕਰ ਦਿਤਾ। 1996 ਵਿਚ ਹਾਈ ਕੋਰਟ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਅੰਮ੍ਰਿਤਸਰ ਨੂੰ ਜੁਡੀਸ਼ੀਅਲ ਜਾਂਚ ਦੇ ਹੁਕਮ ਦਿਤੇ, ਜਿਸ ਦੌਰਾਨ ਇਹ ਰਿਕਾਰਡ ’ਤੇ ਆਇਆ ਕਿ ਪੁਲਿਸ ਨੇ ਦਲਜੀਤ ਸਿੰਘ ਨੂੰ 29 ਦਸੰਬਰ 1992 ਨੂੰ ਇਕ ਜਗੀਰ ਸਿੰਘ ਪੁੱਤਰ ਠਾਕੁਰ ਸਿੰਘ ਵਾਸੀ ਅਵਾਨ ਲੱਖਾ ਸਿੰਘ ਨਾਲ ਮੁਕਾਬਲੇ ਵਿਚ ਮਾਰਿਆ ਦਿਖਾਇਆ ਸੀ।
ਨਿਆਂਇਕ ਜਾਂਚ ਵਿਚ ਕਸ਼ਮੀਰ ਸਿੰਘ ਦੇ ਦੋਸ਼ ਸਹੀ ਪਾਏ ਗਏ ਅਤੇ ਸੁਤੰਤਰ ਜਾਂਚ ਦੀ ਸਿਫਾਰਿਸ਼ ਕੀਤੀ ਗਈ। ਹਾਲਾਂਕਿ ਇਸ ਤੋਂ ਪਹਿਲਾਂ 1995 ਵਿਚ ਸੁਪਰੀਮ ਕੋਰਟ ਨੇ ਵੱਡੇ ਪੱਧਰ ’ਤੇ ਲਾਸ਼ਾਂ ਦੇ ਸਸਕਾਰ ਦੇ ਮਾਮਲੇ ਦੀ ਸੀ.ਬੀ.ਆਈ ਜਾਂਚ ਦੇ ਹੁਕਮ ਦਿਤੇ ਸਨ, ਇਸ ਲਈ ਦਲਜੀਤ ਸਿੰਘ ਦਾ ਮਾਮਲਾ ਵੀ ਸੀ.ਬੀ.ਆਈ. ਨੇ ਲਿਆ ਸੀ ਅਤੇ ਇਸ ਲਈ ਕਸ਼ਮੀਰ ਸਿੰਘ ਦੀ ਪਟੀਸ਼ਨ ਦਾ ਨਿਪਟਾਰਾ ਕਰਕੇ ਕਸ਼ਮੀਰ ਨੂੰ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿਤੇ ਗਏ ਸਨ। 1997 ਵਿਚ ਸੀ.ਬੀ.ਆਈ ਨੇ ਕਸ਼ਮੀਰ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਅਤੇ ਸਾਲ 2001 ਵਿਚ ਸੀ.ਬੀ.ਆਈ ਨੇ ਧਰਮ ਸਿੰਘ, ਤਰਸੇਮ ਸਿੰਘ, ਸਵਰਨ ਸਿੰਘ ਅਤੇ ਅਵਤਾਰ ਸਿੰਘ ਵਿਰੁਧ ਅਗਵਾ, ਗ਼ੈਰ-ਕਾਨੂੰਨੀ ਤੌਰ ’ਤੇ ਕਤਲ ਅਤੇ ਰਿਕਾਰਡ ਨਾਲ ਛੇੜਛਾੜ ਕਰਨ ਸਬੰਧੀ ਦੋਸ਼ ਪੱਤਰ ਦਾਖ਼ਲ ਕੀਤਾ ਸੀ। ਇਸ ਕੇਸ ਦੀ ਸੁਣਵਾਈ ਦੌਰਾਨ 17 ਗਵਾਹਾਂ ਨੇ ਆਪਣੇ ਬਿਆਨ ਦਰਜ ਕਰਵਾਏ ਅਤੇ ਮੁਕੱਦਮੇ ਦੌਰਾਨ 8 ਦੀ ਮੌਤ ਹੋ ਗਈ।