'ਆਪ' ਨੇ ਕੈਨੇਡਾ 'ਚ ਹਿੰਦੂ ਮੰਦਰ 'ਤੇ ਹੋਏ ਹਮਲੇ ਦੀ ਕੀਤੀ ਨਿੰਦਾ, ਕਿਹਾ- ਭਾਰਤ ਸਰਕਾਰ ਨੂੰ ਇਸ ਘਟਨਾ 'ਤੇ ਕੈਨੇਡਾ ਨਾਲ ਗੱਲ ਕਰਨੀ ਚਾਹੀਦੀ ਹੈ

ਏਜੰਸੀ

ਖ਼ਬਰਾਂ, ਪੰਜਾਬ

ਇਸ ਘਟਨਾ ਨਾਲ ਪੂਰਾ ਪੰਜਾਬ ਬੇਹੱਦ ਨਿਰਾਸ਼ ਹੈ, ਪੰਜਾਬ ਧਰਮ ਨਿਰਪੱਖ ਸੂਬਾ ਹੈ, ਧਾਰਮਿਕ ਆਧਾਰ 'ਤੇ ਹਿੰਸਾ ਇੱਥੇ ਦਾ ਸਭਿਆਚਾਰ ਨਹੀਂ ਹੈ : ਮੰਤਰੀ ਅਮਨ ਅਰੋੜਾ

Aman Arora

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਕੈਨੇਡਾ ਦੇ ਬਰੈਂਪਟਨ ਵਿੱਚ ਖਾਲਿਸਤਾਨੀ ਸੰਗਠਨ ਦੇ ਲੋਕਾਂ ਵੱਲੋਂ ਹਿੰਦੂ ਮੰਦਰ 'ਤੇ ਕੀਤੇ ਗਏ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ‘ਆਪ’ ਆਗੂ ਅਤੇ ਪੰਜਾਬ ਸਰਕਾਰ ਦੇ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਘਟਨਾ ਨਾਲ ਪੂਰਾ ਪੰਜਾਬ ਨਿਰਾਸ਼ ਹੈ। ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ।

ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਧਰਮ ਨਿਰਪੱਖ ਸੂਬਾ ਹੈ। ਧਾਰਮਿਕ ਆਧਾਰ 'ਤੇ ਹਿੰਸਾ ਇੱਥੇ ਦਾ ਸਭਿਆਚਾਰ ਨਹੀਂ ਹੈ। 1980-90 ਦੇ ਅੱਤਵਾਦ ਦੇ ਕਾਲੇ ਦੌਰ ਦੌਰਾਨ ਵੀ ਇੱਥੇ ਧਰਮ ਦੇ ਆਧਾਰ 'ਤੇ ਹਿੰਸਾ ਨਹੀਂ ਹੋਈ। ਪੰਜਾਬ ਵਿੱਚ ਹਿੰਦੂ ਅਤੇ ਸਿੱਖ ਇੱਕ ਪਰਿਵਾਰ ਵਾਂਗ ਸ਼ੁਰੂ ਤੋਂ ਹੀ ਇਕੱਠੇ ਰਹਿੰਦੇ ਹਨ। ਹਿੰਸਾ ਕਰਨ ਵਾਲੇ ਲੋਕਾਂ ਨੂੰ ਇਸ ਨੂੰ ਸਮਝਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਆਪਸੀ ਭਾਈਚਾਰੇ ਅਤੇ ਸਮਾਜਿਕ ਸਦਭਾਵਨਾ ਲਈ ਜਾਣਿਆ ਜਾਂਦਾ ਹੈ। ਇਸ ਘਟਨਾ ਤੋਂ ਪੰਜਾਬ ਦੇ ਹਰ ਭਾਈਚਾਰੇ ਦੇ ਲੋਕ ਗ਼ੁੱਸੇ ਵਿਚ ਹਨ। ਅਸੀਂ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਉਨ੍ਹਾਂ ਭਾਰਤ ਸਰਕਾਰ ਨੂੰ ਇਹ ਮੁੱਦਾ ਕੈਨੇਡਾ ਸਰਕਾਰ ਕੋਲ ਉਠਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।