ਆਪਣੀਆਂ ਕੰਪਨੀਆਂ ਦਾ ਕੰਮ ਛੱਡ ਦਿੱਲੀ ਧਰਨੇ 'ਚ ਕਿਸਾਨਾਂ ਲਈ ਵੱਖਰੀ ਪਹਿਲ ਲੈ ਕੇ ਪਹੁੰਚੇ 'ਇੰਜੀਨੀਅਰ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨੀ ਮੋਰਚਾ 'ਤੇ ਆਈ.ਟੀ ਇੰਜੀਨੀਅਰਾਂ ਨੇ ਸੰਭਾਲੀ ਖ਼ਾਸ ਸੇਵਾ...

IT Engineer

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ-ਹਰਿਆਣਾ ਸਰਹੱਦ ‘ਤੇ ਦਿਨ-ਰਾਤ ਡਟੇ ਕਿਸਾਨਾਂ ਦੀ ਸੇਵਾ ਲਈ ਪੰਜਾਬੀ ਦਿੱਲੀ ਦੇ ਬਾਰਡਰਾਂ ‘ਤੇ ਵੱਡੀ ਗਿਣਤੀ ਮੌਜੂਦ ਹੈ। ਕਿਸਾਨ ਅੰਦੋਲਨ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਪੰਜਾਬੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।

ਇੱਥੇ ਹੀ ਪੰਜਾਬ ਤੋਂ ਮੋਹਾਲੀ ਦੇ ਨੌਜਵਾਨਾਂ ਵੱਲੋਂ ਸਿੰਘੂ ਬਾਰਡਰ ‘ਤੇ ਖ਼ਾਸ ਸੇਵਾ ਨਿਭਾਈ ਜਾ ਰਹੀ ਹੈ। ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਅਸੀਂ ਆਈ.ਟੀ ਕੰਪਨੀ ਵਿਚ ਇੰਜੀਨੀਅਰ ਤਾਇਨਾਤ ਹਾਂ, ਅਸੀਂ ਕਿਸਾਨਾਂ ਦੀ ਸੇਵਾ ਲਈ ਆਪਣੀ ਡਿਊਟੀ ਛੱਡ ਕੇ ਇੱਥੇ ਆਏ ਹਾਂ। ਉਨ੍ਹਾਂ ਕਿਹਾ ਕਿ ਅਸੀਂ ਵੀ ਕਿਸਾਨਾਂ ਦੇ ਪੁੱਤ ਹਾਂ ਤੇ ਸਾਡਾ ਫ਼ਰਜ਼ ਬਣਦਾ ਕੇ ਉੱਥੇ ਜਾ ਕੇ ਅਸੀਂ ਵੀ ਉਨ੍ਹਾਂ ਦਾ ਸਾਥ ਦਈਏ।

ਇਨ੍ਹਾਂ ਨੌਜਵਾਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਕਿਸਾਨੀ ਮੋਰਚੇ ਵਿਚ ਕਾਫ਼ੀ ਵਾਰ ਆਏ ਹਾਂ, ਹੁਣ ਸਾਨੂੰ ਲਗਦੈ ਕਿ ਇੱਥੇ ਮੱਖੀ-ਮੱਛਰ ਬਹੁਤ ਫ਼ੈਲ ਚੁੱਕਿਆ ਹੈ। ਨੌਜਵਾਨਾਂ ਨੇ ਕਿਹਾ ਕਿ ਅਸੀਂ ਆਪਣੇ ਬਜ਼ੁਰਗਾਂ, ਨੌਜਵਾਨਾਂ ਨੂੰ ਮੱਖੀ-ਮੱਛਰ, ਹੈਜ਼ਾ, ਬੁਖ਼ਾਰ ਆਦਿ ਤੋਂ ਬਚਾਉਣ ਲਈ ਇੱਥੇ ਸਾਰੇ ਪਾਸੇ ਸਪਰੇਅ ਕਰਨ ਆਏ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇੱਥੋਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦਾ ਸ਼ਿਕਾਰ ਹੋ ਕੇ ਨਾ ਜਾਈਏ।

ਨੌਜਵਾਨਾਂ ਨੇ ਦੱਸਿਆ ਕਿ ਅਸੀਂ ਇਕ ਵਾਰ ਅੰਦੋਲਨ ਵਾਲੇ ਏਰੀਆ ਨੂੰ ਸੈਨੀਟਾਇਜ਼ ਕਰ ਦਿੱਤਾ ਹੈ। ਨੌਜਵਾਨਾਂ ਨੇ ਮੋਦੀ ਨੂੰ ਵੰਗਾਰਦਿਆ ਆਖਿਆ ਕਿ ਅੰਦੋਲਨ ਚਾਹੇ 6 ਮਹੀਨੇ ਚੱਲੇ, ਅਸੀਂ ਇੱਥੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਜਾਵਾਂਗੇ। ਇੱਥੇ ਹੋਰ ਵੀ ਜ਼ਰੂਰਤਾਂ ਤੇ ਦਿੱਕਤਾਂ ਨੂੰ ਜਲਦੀ ਤੋਂ ਜਲਦੀ ਦੂਰ ਕਰਨ ਲਈ ਡਾਕਟਰੀ ਸਹਾਇਤਾ ਲਈ ਡਾਕਟਰ, ਸਿਹਤ ਕਰਮੀਆਂ ਨੂੰ ਲਿਆਉਣ ਜਾਂ ਛੱਡਣ ਦੀ ਸੇਵਾ ਨਿਭਾਈ ਜਾਂਦੀ ਹੈ।

ਲੰਗਰ ਵਿਚ ਸਬਜ਼ੀਆਂ ਕਟਾਉਣ, ਗੈਸ ਸਿਲੰਡਰਾਂ ਦੀ ਪੂਰਤੀ, ਪਾਣੀ ਦੇ ਟੈਂਕਰ, ਪਖਾਨਿਆਂ ਦੀ ਸਫ਼ਾਈ ਤੋਂ ਲੈ ਕੇ ਪਾਣੀ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਇਨ੍ਹਾਂ ਕਿਸਾਨ ਭਰਾਵਾਂ ਵੱਲੋਂ ਨਿਭਾਈ ਜਾ ਰਹੀ ਹੈ।