ਕੈਨੇਡਾ ਬੈਠੇ ਗੈਂਗਸਟਰ ਨੇ ਲਈ ਜਗਰਾਓਂ 'ਚ ਹੋਏ ਕਤਲ ਦੀ ਜ਼ਿੰਮੇਵਾਰੀ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਣ-ਪ੍ਰਮਾਣਿਤ ਫ਼ੇਸਬੁੱਕ ਐਕਾਊਂਟ ਤੋਂ ਪਾਈ ਪੋਸਟ 

Image

 

ਲੁਧਿਆਣਾ - ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਦੇ ਪਿੰਡ ਬਾਰਦੇਕੇ ਵਿਖੇ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਵਿਅਕਤੀ ਪਰਮਜੀਤ ਸਿੰਘ (45) ਦੇ ਘਰ ਵਿੱਚ ਦਾਖਲ ਹੋ ਕੇ ਉਸ ਦਾ ਗੋਲੀ ਮਾਰ ਕੇ ਕੀਤੇ ਕਤਲ ਤੋਂ ਇੱਕ ਦਿਨ ਬਾਅਦ, ਕੈਨੇਡਾ ਸਥਿਤ ਭਗੌੜੇ ਗੈਂਗਸਟਰ ਅਰਸ਼ ਡੱਲਾ ਨੇ ਇੱਕ ਅਣ-ਪ੍ਰਮਾਣਿਤ ਫ਼ੇਸਬੁੱਕ ਆਈ.ਡੀ. ਪੋਸਟ ਵਿੱਚ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।

ਇੱਕ ਜਸਪ੍ਰੀਤ ਸਿੰਘ ਨਾਂਅ ਦੇ ਐਕਾਊਂਟ ਤੋਂ ਪਾਈ ਗਈ ਪੋਸਟ ਵਿੱਚ, ਅਰਸ਼ ਡੱਲਾ ਹੋਣ ਦਾ ਦਾਅਵਾ ਕਰਨ ਵਾਲੇ ਇੱਕ ਵਿਅਕਤੀ ਨੇ ਲਿਖਿਆ ਕਿ ਉਸ ਨੇ ਆਪਣੇ ਭਰਾ ਦੀ ਖ਼ੁਦਕੁਸ਼ੀ ਦਾ ਬਦਲਾ ਲੈਣ ਲਈ ਵਿਅਕਤੀ ਨੂੰ ਮਾਰਿਆ ਹੈ। ".. ਇਹ ਬੰਦੇ ਨੇ ਮੇਰੇ ਛੋਟੇ ਭਰਾ ਦਿਲਪ੍ਰੀਤ ਧਾਲੀਵਾਲ ਪਿੰਡ ਮਿੰਨੀਆਂ ਨੂੰ ਤੰਗ ਕੀਤਾ ਸੀ ਜਿਸ ਕਰਕੇ ਉਹ ਬਹੁਤ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਗਿਆ ਸੀ, ਅੱਜ ਮੈਂ ਆਪਣੇ ਛੋਟੇ ਵੀਰ ਦੀ ਮੌਤ ਦਾ ਬਦਲਾ ਲੈ ਲਿਆ ਹੈ..." 

ਪੋਸਟ ਵਿੱਚ ਹੋਰ ਗੈਂਗਸਟਰ ਗਰੁੱਪਾਂ ਦੇ ਖਾਤਿਆਂ ਨੂੰ ਟੈਗ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਜੈਪਾਲ ਜੱਸੀ ਗਰੁੱਪ ਅਤੇ ਦਵਿੰਦਰ ਬੰਬੀਹਾ ਗੈਂਗ ਸ਼ਾਮਲ ਹਨ।

ਮੋਗਾ ਦਾ ਰਹਿਣ ਵਾਲਾ ਅਰਸ਼ ਡੱਲਾ, ਜਿਸ ਦੇ ਕੈਨੇਡਾ ਵਿੱਚ ਲੁਕੇ ਹੋਣ ਦਾ ਸ਼ੱਕ ਹੈ, ਪੰਜਾਬ ਦੇ ਮੋਸਟ ਵਾਂਟੇਡ ਗੈਂਗਸਟਰਾਂ ਵਿੱਚੋਂ ਇੱਕ ਹੈ। ਉਸ ਵਿਰੁੱਧ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ।

ਲੁਧਿਆਣਾ ਦਿਹਾਤੀ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ੱਕ ਹੈ ਕਿ ਜਸਪ੍ਰੀਤ ਸਿੰਘ, ਜਿਸ ਦੇ ਖਾਤੇ ਤੋਂ ਇਹ ਪੋਸਟ ਅੱਪਲੋਡ ਕੀਤੀ ਗਈ ਹੈ, ਖਰੜ ਦਾ ਮਾਰਿਆ ਗਿਆ ਗੈਂਗਸਟਰ ਜਸਪ੍ਰੀਤ ਜੱਸੀ ਹੈ। ਅਧਿਕਾਰੀ ਨੇ ਕਿਹਾ, "ਸ਼ਾਇਦ ਪੁਲਿਸ ਨੂੰ ਗੁੰਮਰਾਹ ਕਰਨ ਲਈ ਉਸ ਦੇ ਖਾਤੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।"

ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਫ਼ੇਸਬੁੱਕ ਪੋਸਟ ਦੀ ਹਾਲੇ ਤਸਦੀਕ ਨਹੀਂ ਹੋਈ। "ਸਾਡਾ ਧਿਆਨ ਅਸਲ ਹਮਲਾਵਰਾਂ ਦੀ ਪਛਾਣ ਕਰਨ 'ਤੇ ਹੈ ਜਿਨ੍ਹਾਂ ਨੇ ਉਸ ਨੂੰ ਗੋਲੀ ਮਾਰੀ ਸੀ। ਇਹ ਗੈਂਗ ਪੁਲਿਸ ਜਾਂਚ ਨੂੰ ਗੁੰਮਰਾਹ ਕਰਨ ਲਈ ਕਈ ਫ਼ੇਸਬੁੱਕ ਅਕਾਉਂਟ ਅਤੇ ਨਾਵਾਂ ਦੀ ਵਰਤੋਂ ਕਰਦੇ ਹਨ। ਇਹ ਕੋਈ ਆਮ ਜ਼ਬਰੀ ਵਸੂਲੀ ਜਾਂ ਧਮਕੀ ਦਾ ਮਾਮਲਾ ਨਹੀਂ ਹੈ। ਇਸ ਗੱਲ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਕੀ ਪੀੜਤ ਨੂੰ ਪਹਿਲਾਂ ਕੋਈ ਧਮਕੀ ਮਿਲੀ ਸੀ" ਐਸ.ਐਸ.ਪੀ. ਨੇ ਕਿਹਾ।

ਵੀਰਵਾਰ ਨੂੰ ਦੋ ਹਮਲਾਵਰ ਪਰਮਜੀਤ ਦੇ ਘਰ ਵਿਚ ਦਾਖਲ ਹੋਏ ਅਤੇ ਦਿਨ ਦਿਹਾੜੇ 2 ਵਜੇ ਦੇ ਕਰੀਬ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਉਹ ਦਿੱਲੀ ਰਜਿਸਟ੍ਰੇਸ਼ਨ ਨੰਬਰ ਵਾਲੀ ਕਾਰ ਵਿੱਚ ਆਏ ਸਨ। ਪਰਮਜੀਤ ਇਲੈਕਟ੍ਰੀਸ਼ੀਅਨ ਸੀ ਅਤੇ ਇੱਕ ਏਕੜ ਜ਼ਮੀਨ ਦਾ ਮਾਲਕ ਸੀ। ਜਗਰਾਉਂ ਸਦਰ ਥਾਣੇ ਵਿੱਚ ਕਤਲ ਦੇ ਦੋਸ਼ ਹੇਠ ਐਫ.ਆਈ.ਆਰ. ਦਰਜ ਕੀਤੀ ਗਈ ਸੀ।