ਬਰਗਾੜੀ ਮਾਮਲੇ ‘ਚ ਪਿਛਲੀ ਸਰਕਾਰ ਨਾਲ ਯਰਾਨੇ ਪੁਗਾਉਣ ਦੇ ਰਾਹ ਪਈ ਮੌਜੂਦਾ ਸਰਕਾਰ : ਸੁਖਰਾਜ ਸਿੰਘ
ਕਿਹਾ, ਜਿਹੜੇ ਮਾਮਲਿਆਂ ਵਿਚ ਚਲਾਨ ਪੇਸ਼ ਹੋ ਚੁਕੇ ਹਨ, ਉਨ੍ਹਾਂ ਖਿਲਾਫ ਟਰਾਇਲ ਸ਼ੁਰੂ ਕੀਤਾ ਜਾਵੇ
ਅੰਮ੍ਰਿਤਸਰ (ਚਰਨਜੀਤ ਸਿੰਘ ਅਰੋੜਾ) : ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਪੰਜਾਬ ਦੀਆਂ ਸਿਆਸੀ ਧਿਰਾਂ ਨੇ ਸਰਗਰਮੀਆਂ ਵਧਾ ਦਿਤੀਆਂ ਹਨ। ਇਸ ਦੇ ਮੱਦੇਨਜ਼ਰ ਠੰਡੇ ਬਸਤੇ ਵਿਚ ਪਏ ਮੁੱਦਿਆਂ ਨੂੰ ਉਭਾਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵੇਲੇ ਪੰਜਾਬ ਅੰਦਰ ਵਾਪਰੀਆਂ ਕੁੱਝ ਘਟਨਾਵਾਂ ਤੋਂ ਵੀ ਮਿੱਟੀ ਝਾੜੀ ਜਾ ਰਹੀ ਹੈ, ਖਾਸ ਕਰ ਕੇ ਸੌਦਾ ਸਾਧ ਨੂੰ ਮੁਆਫੀ ਤੋਂ ਬਾਅਦ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਇਸ ਦਾ ਵਿਰੋਧ ਕਰ ਰਹੀ ਸੰਗਤ ‘ਤੇ ਗੋਲੀ ਚਲਾਉਣ ਵਰਗੇ ਬਿਰਤਾਂਤ ਨੂੰ ਮੁੜ ਉਘਾੜਿਆ ਜਾ ਰਿਹਾ ਹੈ।
ਬਰਗਾੜੀ ਗੋਲੀ ਕਾਡ ਵਿਚ ਸ਼ਹੀਦ ਹੋਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਮੌਜੂਦ ਸਰਕਾਰ ਵਲੋਂ ਇਸ ਘਟਨਾ ਦੀ ਜਾਂਚ ਲਈ ਵਿਖਾਈ ਜਾ ਰਹੀ ਸਰਗਰਮੀ ‘ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਮੌਜੂਦ ਸਰਕਾਰ ਘਟਨਾ ਲਈ ਜ਼ਿੰਮੇਵਾਰ ਧਿਰ ਨਾਲ ਯਾਰੀਆਂ ਪੁਗਾਉਣ ਦੇ ਰਾਹ ਪਈ ਹੋਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਨੇ ਚੋਣਾਂ ਤੋਂ ਪਹਿਲਾਂ ਗੋਲੀ ਕਾਢ ਦੇ ਦੋਸ਼ੀਆਂ ਨੂੰ ਅੰਜ਼ਾਮ ਤਕ ਪਹੁੰਚਾਉਣ ਦਾ ਵਾਅਦਾ ਕੀਤਾ ਸੀ ਪਰ ਹੋਇਆ ਇਸ ਦੇ ਉਲਟ ਹੈ।
ਸਰਕਾਰ ਵਲੋਂ ਦੋਸ਼ੀਆਂ ਨੂੰ ਬਚਾਉਣ ਦੀ ਮਨਸ਼ਾ ਨਾਲ ਕੁਵਰ ਵਿਜੈਪ੍ਰਤਾਪ ਸਿੰਘ ਨੂੰ ਮਾਮਲੇ ਤੋਂ ਲਾਂਭੇ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਘਟਨਾ ਨੂੰ ਪੰਜ ਸਾਲ ਦਾ ਅਰਸਾ ਬੀਤ ਚੁੱਕਾ ਹੈ ਅਤੇ 6 ਚਲਾਨ ਪੇਸ਼ ਹੋ ਚੁੱਕੇ ਹਨ, ਪਰ ਅਜੇ ਤਕ ਇਨ੍ਹਾਂ ਦੇ ਟਰਾਇਲ ਵੀ ਸ਼ੁਰੂ ਨਹੀਂ ਹੋ ਸਕੇ। ਦੋਸ਼ੀਆਂ ਨੂੰ ਅੰਜ਼ਾਮ ਤਕ ਪਹੁੰਚਾਉਣ ਲਈ ਟਰਾਇਲ ਸ਼ੁਰੂ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਕਾਂਢ ਲਈ ਉਸ ਸਮੇਂ ਦੀ ਸਰਕਾਰ ਅਤੇ ਅਫਸਰਸ਼ਾਹੀ ਜ਼ਿੰਮੇਵਾਰ ਸੀ। ਉਸ ਸਮੇਂ ਦੇ ਅਧਿਕਾਰੀ ਉਮਰਾਨੰਗਲ, ਸੁਮੇਧ ਸੈਣੀ, ਐਸਐਸਪੀ. ਚਰਨਜੀਤ ਸ਼ਰਮਾ ਤੋਂ ਇਲਾਵਾ ਹੋਰ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਅੰਜ਼ਾਮ ਤਕ ਪਹੁੰਚਾਇਆ ਜਾਵੇ।
ਹੁਣ ਤਕ ਕਿਸੇ ‘ਤੇ ਕਾਰਵਾਈ ਨਾ ਹੋਣ ਲਈ ਜ਼ਿੰਮੇਵਾਰ ਧਿਰ ਬਾਰੇ ਪੁਛਣ ਤੇ ਉਨ੍ਹਾਂ ਕਿਹਾ ਕਿ ਇਸ ਲਈ ਮੌਜੂਦਾ ਅਤੇ ਉਸ ਸਮੇਂ ਦੀ ਸਰਕਾਰ ਜ਼ਿੰਮੇਵਾਰ ਹੈ। ਉਸ ਸਮੇਂ ਗ੍ਰਹਿ ਵਿਭਾਗ ਸੁਖਬੀਰ ਸਿੰਘ ਬਾਦਲ ਕੋਲ ਸੀ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਸ ਘਟਨਾ ਲਈ ਉਹ ਹੀ ਜ਼ਿੰਮੇਵਾਰ ਸਨ ਜਦਕਿ ਮੌਜੂਦ ਸਰਕਾਰ ਉਨ੍ਹਾਂ ਨਾਲ ਯਾਰੀਆਂ ਪੁਗਾਉਣ ਦੇ ਰਾਹ ਪਈ ਹੋਈ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਨਸਾਫ ਦੀ ਉਮੀਦ ਬਾਰੇ ਪੁਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਹੁਣ ਤਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਤੋਂ ਮੁਨਕਰ ਹੁੰਦੇ ਆਏ ਹਨ, ਕਿਉਂਕਿ ਉਨ੍ਹਾਂ ਨੇ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਵਾਅਦਾ ਕੀਤਾ ਸੀ ਜੋ ਅਜੇ ਤਕ ਵਫਾ ਨਹੀਂ ਹੋਇਆ। ਸੂਬਾ ਸਰਕਾਰ ਤੋਂ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜਿਹੜੇ ਵਿਅਕਤੀਆਂ ਖਿਲਾਫ ਚਲਾਨ ਪੇਸ਼ ਹੋ ਚੁੱਕੇ ਹਨ, ਉਨ੍ਹਾਂ ਦੇ ਟਰਾਇਲ ਸ਼ੁਰੂ ਕੀਤੇ ਜਾਣ ਅਤੇ ਉਨ੍ਹਾਂ ਦੀਆਂ ਅਰਜ਼ੀਆਂ ‘ਤੇ ਵਿਚਾਰ ਕਰ ਕੇ ਮਾਮਲੇ ਨੂੰ ਠੰਡੇ ਬਸਤੇ ਵਿਚ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।