ਹੁਣ ਬੌਬੀ ਦਿਓਲ ‘ਤੇ ਉਤਰਿਆ ਕਿਸਾਨਾਂ ਦਾ ਗੁੱਸਾ, ਟਾਲਣੀ ਪਈ ਫਿਲਮ ਦੀ ਸ਼ੂਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਲੀਵੁਡ ਕਲਾਕਾਰਾਂ ਦੀ ਕਿਸਾਨੀ ਮਸਲੇ ਬਾਰੇ ਉਦਾਸੀਨਤਾ ਕਾਰਨ ਹੋ ਰਿਹੈ ਵਿਰੋਧ

Bobby Deol

ਪਟਿਆਲਾ : ਕਿਸਾਨੀ ਅੰਦੋਲਨ ਦੇ ਹੱਕ ਵਿਚ ਨਾ ਖੜਣ ਵਾਲੀਆਂ ਫਿਲਮੀ ਹਸਤੀਆਂ ਨੂੰ ਕਿਸਾਨਾਂ ਦੀ ਮੁਖਾਲਫਿਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਨਵੀ ਕਪੂਰ ਤੋਂ ਬਾਅਦ ਬਾਲੀਵੁੱਡ ਅਦਾਕਾਰ ਬੌਬੀ ਦਿਓਲ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਬੌਬੀ ਦਿਓਲ ਅੱਜ ਪਟਿਆਲਾ ਵਿਖੇ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ ਵਿਚ ਆਏ ਹੋਏ ਸਨ।

ਫਿਲਮ ਦੀ ਸ਼ੂਟਿੰਗ ਦਾ ਕੰਮ ਭਾਵੇਂ 7 ਫਰਵਰੀ ਨੂੰ ਆਰੰਭ ਹੋਣਾ ਸੀ ਪਰ ਅੱਜ ਕਿਸਾਨਾਂ ਨੂੰ ਇਸ ਦੀਆਂ ਤਿਆਰੀਆਂ ਦੀ ਜਿਉਂ ਹੀ ਭਿਣਕ ਪਈ, ਉਨ੍ਹਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ। ਇਸ ਤੋਂ ਬਾਅਦ ਪ੍ਰਬੰਧਕਾਂ ਨੇ ਫਿਲਮ ਦੀ ਸ਼ੂਟਿੰਗ ਨੂੰ ਰੋਕ ਦਿਤਾ ਹੈ। ਸੂਤਰਾਂ ਮੁਤਾਬਕ ਸ਼ੂਟਿੰਗ ਨੂੰ ਫਿਲਹਾਲ ਇਕ ਮਹੀਨੇ ਲਈ ਟਾਲਿਆ ਗਿਆ ਹੈ। ਇਹ ਸ਼ੂਟਿੰਗ ਪਟਿਆਲਾ ਦੇ ਵੱਖ-ਵੱਖ ਇਲਾਕਿਆਂ 'ਚ ਹੋਣੀ ਸੀ।

ਕਾਬਲੇਗੌਰ ਹੈ ਕਿ ਭਾਜਪਾ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਨੂੰ ਖੇਤੀ ਕਾਨੂੰਨਾਂ ਦੇ ਹੱਕ ਵਿਚ ਵਿਚਰਨ ਕਾਰਨ ਕਿਸਾਨਾਂ ਦੀ ਨਰਾਜਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਨੀ ਦਿਓਲ ਦਾ ਭਰਾ ਹੋਣ ਕਾਰਨ ਕਿਸਾਨ ਬੌਬੀ ਦਿਓਲ ਨੂੰ ਵੀ ਖੇਤੀ ਕਾਨੂੰਨਾਂ ਦਾ ਹਮਾਇਤੀ ਮੰਨ ਰਹੇ ਹਨ। ਇਸ ਤੋਂ ਪਹਿਲਾ ਦਿਓਲ ਪਰਿਵਾਰ ਦੀ ਮੈਂਬਰ ਹੇਮਾ ਮਾਲਨੀ ਵਲੋਂ ਵੀ ਖੇਤੀ ਕਾਨੂੰਨਾਂ ਦੇ ਹੱਕ ‘ਚ ਖੜਨ ਕਾਰਨ ਕਿਸਾਨਾਂ ਦੀ ਨਰਾਜਗੀ ਸਹਿਣੀ ਪਈ ਸੀ।

ਬੌਬੀ ਦਿਓਲ ਦੇ ਪਿਤਾ ਧਰਮਿੰਦਰ ਭਾਵੇਂ ਕਿਸਾਨਾਂ ਦੇ ਹੱਕ ਵਿਚ ਨੱਪੇ-ਤੋਲਵੇਂ ਸ਼ਬਦਾਂ ਵਿਚ ਬਿਆਨ ਦੇ ਚੁਕੇ ਹਨ, ਪਰ ਕਿਸਾਨਾਂ ਦੇ ਹੱਕ ਵਿਚ ਖੁਲ੍ਹ ਕੇ ਨਾ ਵਿਚਰਨ ਕਾਰਨ ਕਿਸਾਨ ਉਨ੍ਹਾਂ ਨਾਲ ਨਰਾਜ਼ ਹਨ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਸਾਹਨੇਵਾਲ ਨਾਲ ਸਬੰਧਤ ਦਿਓਲ ਪਰਵਾਰ ਦਾ ਪੰਜਾਬ ਨਾਲ ਗੂੜ੍ਹਾ ਸਬੰਧ ਰਿਹਾ ਹੈ। ਪੰਜਾਬ ਅੰਦਰ ਇਸ ਪਰਿਵਾਰ ਦੇ ਵੱਡੀ ਗਿਣਤੀ ਸਮਰਥਕ ਹਨ।

ਸੰਨੀ ਦਿਓਲ ਦੇ ਪੰਜਾਬ ਦੇ ਗੁਰਦਾਸਪੁਰ ਤੋਂ ਚੋਣ ਜਿੱਤਾ ਦੇ ਪੰਜਾਬੀਆਂ ਨੇ ਪਰਿਵਾਰ ਨਾਲ ਇਕਜੁਟਤਾ ਦਾ ਸਬੂਤ ਦਿਤਾ, ਪਰ ਅੱਜ ਜਦੋਂ ਪੂਰਾ ਪੰਜਾਬ ਕਿਸਾਨੀ ਅੰਦੋਲਨ ਵਿਚ ਸ਼ਮੂਲੀਅਤ ਕਰ ਚੁਕਾ ਹੈ ਤਾਂ ਦਿਓਲ ਪਰਵਾਰ ਵਲੋਂ ਕਿਸਾਨਾਂ ਦੇ ਹੱਕ ਵਿਚ ਖੁਲ੍ਹ ਕੇ ਨਾ ਵਿਚਰਨ ਕਾਰਨ ਸਮਰਥਕਾਂ ਵਿਚ ਮਾਯੂਸੀ ਛਾਈ ਹੋਈ ਹੈ।