ਰਾਹੁਲ ਦੀ ਰੈਲੀ ’ਤੇ 100 ਏਕੜ ਫ਼ਸਲ ਵਾਹੀ, ਮੁਆਵਜ਼ੇ ਵਜੋਂ ਕੈਪਟਨ ਸਰਕਾਰ ਕਰੇਗੀ ਭਰਪਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹੇ ਦੇ ਪਿੰਡ ਕਿੱਲੀ ਚਾਹਲਾਂ ਵਿਖੇ 7 ਮਾਰਚ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਰੈਲੀ ਦੀਆਂ ਤਿਆਰੀਆਂ ਵੱਡੇ ਪੱਧਰ ’ਤੇ...

Captain Amarinder Singh & Rahul Gandhi

ਮੋਗਾ : ਜ਼ਿਲ੍ਹੇ ਦੇ ਪਿੰਡ ਕਿੱਲੀ ਚਾਹਲਾਂ ਵਿਖੇ 7 ਮਾਰਚ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਰੈਲੀ ਦੀਆਂ ਤਿਆਰੀਆਂ ਵੱਡੇ ਪੱਧਰ ’ਤੇ ਕੀਤੀਆਂ ਜਾ ਰਹੀਆਂ ਹਨ। ਇਸ ਰੈਲੀ ਲਈ ਕਿਸਾਨਾਂ ਦੀ ਲਗਭੱਗ 100 ਏਕੜ ਜ਼ਮੀਨ ਵਰਤੀ ਜਾ ਰਹੀ ਹੈ।  ਇਸ ਜ਼ਮੀਨ ਨੂੰ ਖ਼ਾਲੀ ਕਰਵਾਉਣ ਲਈ ਲੱਗੀ ਫ਼ਸਲ ਵਾਹ ਦਿਤੀ ਗਈ ਹੈ ਅਤੇ ਕਿਸਾਨਾਂ ਲਈ ਮੁਆਵਜ਼ਾ ਦੇਣ ਦਾ ਵੀ ਇਕਰਾਰ ਹੋਇਆ ਹੈ ਪਰ ਇਹ ਮੁਆਵਜ਼ਾ ਕੈਪਟਨ ਸਰਕਾਰ ਅਦਾ ਕਰੇਗੀ।

100 ਏਕੜ ਜ਼ਮੀਨ ’ਚ ਜ਼ਮੀਨ ਲੱਗੀ ਫ਼ਸਲ ਵਾਹ ਕੇ ਰੈਲੀ ਵਿਚ ਸਵਾ ਲੱਖ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ 5,000 ਵੱਡੀਆਂ ਬੱਸਾਂ ਦੀ ਪਾਰਕਿੰਗ, ਵੀ.ਆਈ.ਪੀ. ਮੂਵਮੈਂਟ ਘੱਟ ਕਰਨ ਦੇ ਨਾਂਅ ’ਤੇ ਉਨ੍ਹਾਂ ਦੀ ਹੀ ਸੌਖ ਲਈ ਹੈਲੀਪੈਡ ਨੂੰ ਪੰਡਾਲ ਦੇ ਕੋਲ ਹੀ ਬਣਾਇਆ ਜਾਵੇਗਾ। ਗ਼ੌਰਤਲਬ ਹੈ ਕਿ ਰੈਲੀ ਲਈ ਜਿਹੜੀ ਜ਼ਮੀਨ ਖ਼ਾਲੀ ਕਰਵਾਈ ਗਈ ਹੈ, ਉਸ ਵਿਚ ਕਈ ਕਿਸਾਨਾਂ ਦੀਆਂ ਇਕ ਤੋਂ ਵਧੇਰੇ ਫ਼ਸਲਾਂ ਬੀਜੀਆਂ ਹੋਈਆਂ ਸਨ।

ਇਨ੍ਹਾਂ ਖੜ੍ਹੀਆਂ ਫ਼ਸਲਾਂ ਨੂੰ ਵਾਹ ਦਿਤਾ ਗਿਆ ਹੈ। ਸਰਕਾਰ ਵਲੋਂ ਇਸ ਦੇ ਲਈ 40,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਮੁਆਵਜ਼ਾ ਦਿਤਾ ਜਾਵੇਗਾ। ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਰੈਲੀ ਦੇ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਜਿਹੜੇ ਕਿਸਾਨਾਂ ਦੀਆਂ ਫ਼ਸਲਾਂ ਇਸ ਜਗ੍ਹਾ 'ਤੇ ਆਉਂਦੀਆਂ ਹਨ, ਉਨ੍ਹਾਂ ਨੂੰ 40 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿਤਾ ਜਾਵੇਗਾ। ਡੀ.ਸੀ. ਨੇ ਇਹ ਵੀ ਕਿਹਾ ਕਿ ਕਿਸਾਨਾਂ ਨੇ 50,000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਪਰ ਗੱਲ 40,000 'ਤੇ ਤੈਅ ਹੋ ਗਈ।