ਆਟਾ-ਦਾਲ ਸਕੀਮ ਦੇ ਲਾਭ ਪਾਤਰੀਆਂ ਨੂੰ ਚਾਹਪੱਤੀ ਤੇ ਖੰਡ ਵੀ ਮਿਲੇਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਸਰਕਾਰ ਚੋਣ ਵਾਅਦੇ ਮੁਤਾਬਕ ਛੇਤੀ ਹੀ ਗ਼ਰੀਬ ਵਰਗ ਦੇ ਆਟਾ ਦਾਲ ਸਕੀਮ ਦੇ ਲਾਭ ਪਾਤਰੀਆਂ ਨੂੰ ਰਾਸ਼ਨ ਦੀ ਸਪਲਾਈ 'ਚ ਚਾਹ ਪੱਤੀ ਤੇ ਖੰਡ ਵੀ ਦੇਵੇਗੀ।

Photo

ਚੰਡੀਗੜ੍ਹ :  ਕੈਪਟਨ ਸਰਕਾਰ ਚੋਣ ਵਾਅਦੇ ਮੁਤਾਬਕ ਛੇਤੀ ਹੀ ਗ਼ਰੀਬ ਵਰਗ ਦੇ ਆਟਾ ਦਾਲ ਸਕੀਮ ਦੇ ਲਾਭ ਪਾਤਰੀਆਂ ਨੂੰ ਰਾਸ਼ਨ ਦੀ ਸਪਲਾਈ 'ਚ ਚਾਹ ਪੱਤੀ ਤੇ ਖੰਡ ਵੀ ਦੇਵੇਗੀ। ਇਹ ਜਾਣਕਾਰੀ ਰਾਜ ਦੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਪ੍ਰਸ਼ਨ ਕਾਲ ਸਮੇਂ ਦਿਤੀ।

ਆਟਾ ਦਾਲ ਸਕੀਮ ਦੇ ਸਬੰਧ 'ਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਐਨ.ਕੇ.ਸ਼ਰਮਾ ਨੇ ਸਵਾਲ ਪੁੱਛਿਆ ਸੀ। ਆਗੂ ਨੇ ਇਹ ਵੀ ਸਪਸ਼ਟ ਕੀਤਾ ਕਿ ਜ਼ਾਚ ਦੌਰਾਨ ਜੇ ਕੋਈ ਰਾਸ਼ਨਕਾਰਡ ਗਲਤ ਕੱਟ ਗਏ ਹਨ ਤਾਂ ਦੁਬਾਰਾ ਅਰਜ਼ੀ ਦਿਤੀ ਜਾ ਸਕਦੀ ਹੈ।

ਬੁਢਾਪਾ, ਵਿਧਵਾ, ਦਿਵਿਆਂਗ ਪੈਨਸ਼ਨ 'ਚ ਵਾਧਾ ਵਿਚਾਰਾਧੀਨ:

ਅਕਾਲੀ ਦਲ ਦੇ ਪਵਨ ਕੁਮਾਰ ਟੀਨੂ ਅਤੇ ਬਲਦੇਵ ਸਿੰਘ ਖਹਿਰਾ ਵਲੋਂ ਪੁੱਛੇ ਸਵਾਲ  ਦੇ ਜਵਾਬ 'ਚ ਸਮਾਜਿਕ ਸੁਰੱਖਿਆ, ਬਾਲ ਤੇ ਮਹਿਲਾ ਵਿਕਾਸ ਵਿਭਾਗ ਦੀ ਮੰਤਰੀ ਅਰੁਨਾ ਚੌਧਰੀ ਨੇ ਦਸਿਆ ਕਿ ਬੁਢਾਪਾ, ਵਿਧਵਾ, ਦਿਵਿਆਂਗ ਸਕੀਮ ਦੀਆਂ ਪੈਨਸ਼ਨਾਂ 'ਚ ਵਾਧਾ ਵਿਚਾਰ ਅਧੀਨ ਹੈ।

ਉਨ੍ਹਾਂ ਦਸਿਆ ਕਿ ਜੁਲਾਈ 2017 'ਚ ਪੈਨਸ਼ਨ ਦੀ ਰਕਮ ਵਧਾ ਕੇ 500 ਰੁਪਏ ਤੋਂ 750 ਰੁਪਏ ਕੀਤੀ ਗਈ ਸੀ। ਇਸ ਨੂੰ ਵਧਾ ਕੇ 1500 ਰੁਪਏ ਕਰਨ ਦੀ ਤਜਵੀਜ਼ 'ਤੇ ਸਰਕਾਰ ਵਿਚਾਰ ਕਰ ਰਹੀ ਹੈ ਜਿਸ ਬਾਰੇ ਜ਼ਲਦੀ ਫ਼ੈਸਲਾ ਲਿਆ ਜਾਵੇਗਾ।

ਡਰਾਇਵਿੰਗ ਲਾਇਸੈਂਸ ਤੇ ਆਰ.ਸੀ ਘਰ ਪਹੁੰਚਾਉਣ ਦੀ ਤਜਵੀਜ਼:

ਕਾਂਗਰਸ ਦੇ ਰਜਿੰਦਰ ਬੇਰੀ ਵਲੋਂ ਪੁੱਛੇ ਗਏ ਪ੍ਰਸ਼ਨ ਦੇ ਉਤਰ 'ਚ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਨੇ ਦਸਿਆ ਕਿ ਭਵਿੱਖ 'ਚ ਪਾਸਪੋਰਟ ਦੀ ਤਰ੍ਹਾਂ ਡਰਾਇਵਿੰਗ ਲਾਇਸੈਂਸ ਤੇ ਆਰ.ਸੀ ਲੋਕਾਂ ਦੇ ਘਰ ਡਾਕ ਰਾਹੀਂ ਪਹੁੰਚਾਉਣ ਦੀ ਤਜਵੀਜ਼ ਸਰਕਾਰ ਨੇ ਬਣਾਈ ਹੈ।

ਉਨ੍ਹਾਂ ਦਸਿਆ ਕਿ ਪੰਜਾਬ ਵਿਚ 500 ਤੋਂ ਉਪਰ ਸੇਵਾ ਕੇਂਦਰ ਤੇ ਨਰਸਿੰਗ ਲਾਇਸੈਂਸ ਬਣਾਉਣ ਦੀ ਸੁਵਿਧਾ ਦਿਤੀ ਜਾ ਚੁੱਕੀ ਹੈ। ਵਿਭਾਗ ਵਲੋਂ ਸਾਰਥੀ 4.0 ਸਾਫ਼ਟਵੇਅਰ ਰਾਹੀਂ ਬਿਨੈਕਾਰ ਨੂੰ ਅਪਣੇ  ਘਰ ਤੋਂ ਡਾਰਇਵਿੰਗ ਲਾਇਸੈਂਸ ਫ਼ੀਸ ਭਰਨ ਤੇ ਫਾਰਮ ਆਨ ਲਾਈਨ ਅਪਲਾਈ ਕਰਨ ਦੀ ਸਹੂਲਤ ਦਿਤੀ ਗਈ ਹੈ। ਲੋਕਾਂ ਨੂੰ ਆਉਂਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਮੌਜੂਦ ਸਾਫ਼ਟਵੇਅਰ ਵਿਚ ਤਬਦੀਲੀ ਲਈ ਐਨ.ਆਈ.ਸੀ. ਨਾਲ ਗੱਲਬਾਤ ਕੀਤੀ ਜਾ ਰਹੀ ਹੈ।

ਮਿਡ.ਡੇ.ਮੀਲ. ਕੁੱਕ ਦਾ ਮਾਸਿਕ ਭੱਤਾ 3000 ਹੋਏਗਾ:

'ਆਪ' ਦੇ ਅਮਨ ਅਰੋੜਾ ਵਲੋਂ ਪੁੱਛੇ ਇਕ ਸਵਾਲ ਦੇ ਜੁਆਬ ਵਿਚ ਸਿਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਦਸਿਆ ਕਿ ਸਰਕਾਰ ਮਿਡ ਡੇ ਮੀਲ ਕੁੱਕ ਦਾ ਮਾਸਿਕ ਭੱਤਾ 1700 ਤੋਂ ਵਧਾ ਕੇ 3000 ਰੁਪਏ ਕਰੇਗੀ। ਇਸ ਸਬੰਧੀ ਤਜਵੀਜ਼ ਬਣਾਈ ਗਈ ਹੈ। ਇਸ ਤੋਂ ਪਹਿਲਾਂ ਮਿਡ ਡੇ ਮੀਲ ਕੁੱਕ ਨੂੰ ਅਯੂਸ਼ਮਾਲ ਹੈਲਥ ਬੀਮਾ ਯੋਜਨਾ ਦੇ ਘੇਰੇ ਵਿਚ ਲਿਆਉਣ ਲਈ ਵੀ ਸਰਕਾਹਰ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।