ਹੁਣ ਪਿਆਜ਼ ਦੇ ਨਾਲ-ਨਾਲ ਆਟਾ-ਦਾਲ 'ਤੇ ਵੀ ਪਈ ਮਹਿੰਗਾਈ ਦੀ ਮਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਅਨਾਜ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਰਾਮ ਵਿਲਾਸ ਪਾਸਵਾਨ ਵੱਲੋਂ ਲੋਕ ਸਭਾ ਵਿਚ ਦਿੱਤੀ ਗਈ ਜਾਣਕਾਰੀ ਨਾਲ ਇਸ ਗੱਲ ਦੀ ਪੁਸ਼ਟੀ ਹੋਈ ਹੈ।

Onion

ਨਵੀਂ ਦਿੱਲੀ: ਪਿਆਜ਼ ਦੀ ਮਹਿੰਗਾਈ ਨੇ ਜਿੱਥੇ ਲੋਕਾਂ ਦੇ ਖਾਣੇ ਦਾ ਸਵਾਦ ਵਿਗਾੜ ਦਿੱਤਾ ਹੈ, ਉੱਥੇ ਕਈ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਧਣ ਨਾਲ ਆਮ ਲੋਕਾਂ ਨੂੰ ਰੋਜ਼ੀ-ਰੋਟੀ ਲਈ ਜ਼ਿਆਦਾ ਖਰਚਾ ਕਰਨਾ ਪੈ ਰਿਹਾ ਹੈ। ਕੇਂਦਰੀ ਅਨਾਜ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਰਾਮ ਵਿਲਾਸ ਪਾਸਵਾਨ ਵੱਲੋਂ ਲੋਕ ਸਭਾ ਵਿਚ ਦਿੱਤੀ ਗਈ ਜਾਣਕਾਰੀ ਨਾਲ ਇਸ ਗੱਲ ਦੀ ਪੁਸ਼ਟੀ ਹੋਈ ਹੈ।

ਮਾਰਚ ਤੋਂ ਦਸੰਬਰ ਵਿਚ ਪਿਆਜ਼ ਦੀਆਂ ਕੀਮਤਾਂ ਵਿਚ ਪੰਜ ਗੁਣਾ ਵਾਧਾ ਹੋ ਗਿਆ ਹੈ। ਕੇਂਦਰੀ ਮੰਤਰੀ ਨੇ ਸੰਸਦ ਵਿਚ ਸਵਾਲਾਂ ਦੇ ਲਿਖਤੀ ਜਵਾਬ ਦਿੰਦੇ ਹੋਏ ਜ਼ਰੂਰੀ ਵਸਤੂਆਂ ਦੀ ਜੋ ਕੀਮਤ ਸੂਚੀ ਸੌਂਪੀ ਹੈ, ਉਸ ਨਾਲ ਜ਼ਾਹਿਰ ਹੁੰਦਾ ਹੈ ਕਿ ਚਾਵਲ, ਕਣਕ, ਆਟਾ, ਦਾਲ, ਤੇਲ, ਚਾਹ, ਚੀਨੀ ਅਤੇ ਗੁੜ ਸਮੇਤ ਸਬਜ਼ੀਆਂ ਅਤੇ ਦੁੱਧ ਦੀਆਂ ਕੀਮਤਾਂ ਵਿਚ ਜਨਵਰੀ ਦੇ ਮੁਕਾਬਲੇ ਸਾਲ ਦੇ ਆਖਰੀ ਮਹੀਨੇ ਦਸੰਬਰ ਵਿਚ ਵਾਧਾ ਹੋਇਆ ਹੈ।

ਖਪਤਕਾਰ ਮਾਮਲੇ ਵਿਭਾਗ ਵੱਲੋਂ ਨਿਗਰਾਨੀ ਕੀਤੀਆਂ ਜਾਣ ਵਾਲੀਆਂ 22 ਜ਼ਰੂਰੀ ਚੀਜ਼ਾਂ ਵਿਚੋਂ ਜ਼ਿਆਦਾਤਰ ਚੀਜ਼ਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ਦਾ ਸਿਲਸਿਲਾ ਜਾਰੀ ਰਿਹਾ ਹੈ। ਖ਼ਾਸਤੌਰ ‘ਤੇ ਆਲ਼ੂ, ਟਮਾਟਰ ਅਤੇ ਪਿਆਜ਼ ਦੀਆਂ ਕੀਮਤਾਂ ਵਿਚ ਜ਼ਿਆਦਾ ਵਾਧਾ ਹੋਇਆ ਹੈ। ਸੰਸਦ ਵਿਚ ਦੋ ਮੰਤਰੀਆਂ ਵੱਲੋਂ ਕੇਂਦਰੀ ਅਨਾਜ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਰਾਮ ਵਿਲਾਸ ਪਾਸਵਾਨ ਕੋਲੋਂ ਇਸ ਸਾਲ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਹੋਏ ਵਾਧੇ ਬਾਰੇ ਜਾਣਕਾਰੀ ਮੰਗੀ ਸੀ।

ਉਹਨਾਂ ਨੇ ਕੇਂਦਰੀ ਮੰਤਰੀ ਕੋਲੋਂ ਕੀਮਤਾਂ ‘ਤੇ ਕੰਟਰੋਲ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ ਵੀ ਜਾਣਕਾਰੀ ਮੰਗੀ ਸੀ। ਨਿਊਜ਼ ਏਜੰਸੀ ਮੁਤਾਬਕ ਪਿਆਜ਼ ਦੀ ਔਸਤਨ ਪ੍ਰਚੂਨ ਕੀਮਤ ਇਸ ਸਾਲ ਮਾਰਚ ਵਿਚ ਜਿੱਥੇ 15.87 ਰੁਪਏ ਪ੍ਰਤੀ ਕਿਲੋ ਸੀ, ਉੱਥੇ ਹੀ 3 ਦਸੰਬਰ 2019 ਨੂੰ ਪਿਆਜ਼ 81.9 ਰੁਪਏ ਪ੍ਰਤੀ ਕਿਲੋ ਹੋ ਗਿਆ। ਇਸੇ ਤਰ੍ਹਾਂ ਮਾਰਚ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ ਵਿਚ 416 ਫੀਸਦੀ ਦਾ ਵਾਧਾ ਹੋਇਆ ਹੈ।

ਚਾਵਲ ਅਤੇ ਕਣਕ ਦੀਆਂ ਕੀਮਤਾਂ ਵਿਚ ਤਕਰੀਬਨ 10 ਫੀਸਦੀ ਦਾ ਵਾਧਾ ਹੋਇਆ ਹੈ ਤਾਂ ਦਾਲ ਦੀਆਂ ਕੀਮਤਾਂ ਵਿਚ 30 ਫੀਸਦੀ ਤੱਕ ਵਾਧਾ ਹੋਇਆ ਹੈ। ਉਹਨਾਂ ਨੇ ਸਵਾਲਾਂ ਦੇ ਜਵਾਬਾਂ ਦੌਰਾਨ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਵੀ ਜ਼ਿਕਰ ਕੀਤਾ।