ਸ਼ੋਮਣੀ ਕਮੇਟੀ ਚੋਣਾਂ ਸਬੰਧੀ ਸਰਗਰਮੀਆਂ ਤੇਜ਼ : ਫੂਲਕਾ, ਢੀਂਡਸਾ ਵਲੋਂ ਸ਼ਾਹ ਨਾਲ ਮੀਟਿੰਗ ਦੀ ਤਿਆਰੀ!

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ-ਹਰਿਆਣਾ ਹਾਈ ਕੋਰਟ ਵਲੋਂ ਭੇਜੇ ਪੈਨਲ 'ਚੋਂ ਛੇਤੀ ਹੀ ਚੀਫ਼ ਕਮਿਸ਼ਨਰ ਗੁਰਦਵਾਰਾ ਚੋਣਾਂ ਲੱਗੇਗਾ

file photo

ਚੰਡੀਗੜ੍ਹ : ਪੰਜਾਬ ਹਰਿਆਣਾ, ਹਿਮਾਚਲ ਤੇ ਯੂ.ਟੀ. ਚੰਡੀਗੜ੍ਹ ਵਿਚ ਪੈਂਦੇ ਸੈਂਕੜੇ ਇਤਿਹਾਸਕ ਗੁਰਦਵਾਰਿਆਂ ਤੇ ਸਿੱਖ ਧਾਰਮਕ ਅਸਥਾਨਾਂ ਨਲ ਜੁੜੀਆਂ ਕਰੋੜਾਂ ਅਰਬਾਂ ਦੀਆਂ ਜਾਇਦਾਦਾਂ ਦੀ ਸਾਂਭ ਸੰਭਾਲ ਕਰਦੀ ਆ ਰਹੀ 100 ਸਾਲ ਤੋਂ ਵੀ ਵੱਧ ਪੁਰਾਣੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਹੋਣ ਦੀ ਆਸ ਬੱਝਣੀ ਸ਼ੁਰੂ ਹੋ ਗਈ ਹੈ। ਰੋਜ਼ਾਨਾ ਸਪੋਕਸਮੈਨ ਵਲੋਂ ਨਵੀਂ ਦਿੱਲੀ ਸਥਿਤ ਉਘੇ ਐਡਵੋਕੇਟ ਸ. ਹਰਵਿੰਦਰ ਸਿੰਘ ਫੂਲਕਾ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦਸਿਆ ਕਿ ਛੇਤੀ ਹੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਕੇ ਚੀਫ਼ ਕਮਿਸ਼ਨਰ, ਗੁਰਦਵਾਰਾ ਚੋਣਾਂ ਨੂੰ ਨਿਯੁਕਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸ. ਫੂਲਕਾ ਜਿਨ੍ਹਾਂ 2 ਸਾਲ ਪਹਿਲਾਂ ਬਤੌਰ ਵਿਰੋਧੀ ਧਿਰ ਦੇ ਨੇਤਾ, ਫਿਰ ਦਾਖਾ ਹਲਕੇ ਤੋਂ ਬਤੌਰ ਆਪ ਵਿਧਾਇਕ ਸਿਆਸਤ ਤੋਂ ਅਪਣੇ ਆਪ ਨੂੰ ਅਲੱਗ ਕਰ ਲਿਆ ਸੀ ਅਤੇ ਵਿਧਾਨ ਸਭਾ ਵਿਚ ਬਹਿਸ ਦੌਰਾਨ ਸ਼੍ਰੋਮਣੀ ਕਮੇਟੀ 'ਤੇ ਬਾਦਲ ਪਰਵਾਰ ਦੀ ਗੰਧਲੀ ਸਿਆਸਤ ਦਾ ਕੰਟਰੋਲ ਹਟਾਉਣ ਦਾ ਬੀੜਾ ਚੁਕਿਆ ਸੀ, ਨੇ ਦਸਿਆ ਕਿ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਦੇ ਨਾਲ ਉਹ ਛੇਤੀ, ਭਾਜਪਾ ਦੇ ਸਿਰ ਕੱਢ ਨੇਤਾ ਅਮਿਤ ਸ਼ਾਹ ਨੂੰ ਇਸ ਵਿਸ਼ੇ 'ਤੇ ਮਿਲ ਕੇ ਗਲਬਾਤ ਕਰਨਗੇ।  

ਸ. ਫੂਲਕਾ ਤੇ ਭਾਜਪਾ ਸੂਤਰਾਂ ਨੇ ਇਹ ਵੀ ਦਸਿਆ ਕਿ ਕੇਂਦਰੀ ਭਾਜਪਾ ਹਾਈ ਕਮਾਂਡ, ਬਾਦਲ ਵਿਰੁਧ ਚਲ ਰਹੀ ਹਵਾ ਨੂੰ ਕਾਫੀ ਤੋਲਮੋਲ ਕੇ ਨਜ਼ਰ ਟਿਕਾਈ ਰਖੀ ਰਹੀ ਹੈ ਅਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਚੋਣ ਸਮਝੌਤੇ ਬਾਰੇ ਇਨ੍ਹਾਂ ਸੰਭਾਵੀ ਸ਼੍ਰੋਮਣੀ ਕਮੇਟੀ ਦੇ ਨਤੀਜਿਆਂ ਉਪਰੰਤ ਹੀ ਕੋਈ ਕਦਮ ਉਠਾਏਗੀ। ਜ਼ਿਰਕਯੋਗ ਹੈ ਕਿ 3 ਮਹੀਨੇ ਪਹਿਲਾਂ ਹਾਈ ਕੋਰਟ ਵਲੋਂ ਭੇਜੇ ਸੇਵਾ ਮੁਕਤ ਜੱਜਾਂ ਦੇ ਪੈਨਲ ਵਿਚੋਂ ਇਕ ਜੱਜ, ਵਿਸ਼ੇਸ਼ ਕਰ ਕੇ ਸਿੱਖ ਜੱਜ ਨੂੰ ਹੀ ਬਤੌਰ ਚੀਫ਼ ਕਮਿਸ਼ਨਰ, ਗੁਰਦਵਾਰਾ ਚੋਣਾਂ ਲਾਇਆ ਜਾਵੇਗਾ। ਇਸ ਪੈਨਲ 'ਚ 2 ਜਾਂ ਤਿੰਨ ਹਿੰਦੂ ਜੱਜਾਂ ਦੇ ਨਾਮ ਵੀ ਸ਼ਾਮਲ ਹਨ, ਜੋ ਅਕਸਰ ਸ਼੍ਰੋਮਣੀ ਕਮੇਟੀ ਨੂੰ ਮਨਜ਼ੂਰ ਨਹੀਂ ਹੁੰਦੇ।

ਸ. ਫੂਲਕਾ ਨੇ ਦਸਿਆ ਕਿ ਗ੍ਰਹਿ ਮੰਤਰੀ ਦੇ ਪਹਿਲਾਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਮਸ਼ਰੂਫ਼ ਹੋਣ ਕਰ ਗੇ ਹੁਣ ਫ਼ਿਰਕੂ ਝਗੜਿਆਂ ਵਿਚ ਘਿਰੇ ਹੋਣ ਕਰ ਕੇ ਹੋ ਸਕਦਾ ਹੈ ਅਗਲੇ ਹਫ਼ਤੇ ਤਕ ਮੁਲਾਕਾਤ ਪੱਕੀ ਹੋਣ 'ਤੇ ਇਸੇ ਮਹੀਨੇ ਦੇ ਅੰਤ ਤਕ ਚੀਫ਼ ਕਮਿਸ਼ਨਰ ਦੀ ਨਿਯੁਕਤੀ ਹੋ ਜਾਏ। ਇਥੇ ਇਹ ਵੀ ਦਸਣਾ ਬਣਦਾ ਹੈ ਕਿ 65-70 ਲੱਖ ਸਿੱਖ ਵੋਟਰਾਂ ਦੀਆਂ ਵੋਟਾਂ ਬਣਾਉਣ ਲਈ 6-8 ਮਹੀਨੇ ਦਾ ਵਕਤ ਲਗਣ ਦੀ ਵਜ਼ਾ ਕਰ ਕੇ ਇਹ ਚੋਣਾਂ ਇਸ ਸਾਲ ਦੇ ਅੰਤ ਤਕ ਜਾਂ 2021 ਦੇ ਸ਼ੁਰੂ ਵਿਚ ਹੀ ਸੰਭਵ ਹੋਣਗੀਆਂ।

ਕੁੱਲ 120 ਸੀਟਾਂ ਅਤੇ 50 ਸੀਟਾਂ ਦੋਹਰੀ ਮੈਂਬਰਸ਼ਿਪ ਵਾਲੀਆਂ ਹੋਣ ਨਾਲ ਕੁਲ 170 ਮੈਂਬਰ ਇਸ ਸਿਰਮੋਰ ਸੰਸਥਾ ਲਈ ਚੁਣੇ ਜਾਂਦੇ ਹਨ। ਇਨ੍ਹਾਂ ਵਿਚੋਂ 110 ਸੀਟਾਂ ਪੰਜਾਬ ਵਿਚ ਪੈਂਦੀਆਂ ਹਨ ਜਿਥੋ 157 ਮੈਂਬਰ, ਹਿਰਆਣਾ ਦੀ 8 ਸੀਟਾਂ ਤੋਂ 11 ਮੈਂਬਰ ਅਤੇ ਹਿਮਾਚਲ ਤੇ ਚੰਡੀਗੜ੍ਹ ਤੋਂ ਇਕ ਇਕ ਸੀਟ ਤੋਂ ਇਕ ਇਕ ਮੈਂਬਰ ਹੀ ਚੁਣ ਕੇ ਜਨਰਲ ਹਾਊਸ ਵਿਚ ਆਉਂਦਾ ਹੈ। ਉਸ ਉਪਰੰਤ 15 ਲੱਖ ਸਿੱਖ ਮੈਂਬਰ, ਮੁਲਕ ਦੀਆਂ ਬਾਕੀ ਸਟੇਟਾਂ ਤੋਂ ਨਾਮਜ਼ਦ ਕੀਤੇ ਜਾਂਦੇ ਹਨ। ਕੁਲ 191 ਮੇਂਬਰੀ ਹਾਊਸ ਵਿਚ 5 ਸਿੱਖ ਤਖ਼ਤਾਂ ਦੇ ਜਥੇਦਾਰ ਅਤੇ ਇਕ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਦੀ ਵੋਟ ਮਿਲਾ ਕੇ 6 ਮੈਂਬਰ ਹੋਰ ਸ਼ਾਮਲ ਕੀਤੇ ਜਾਂਦੇ ਹਨ। ਇਸ ਤੋਂ ਪਹਿਲਾਂ ਸਤੰਬਰ 2011 ਵਿਚ ਚੋਣਾਂ ਹੋਈਆਂ ਸਨ ਜੋ ਸਹਿਜਧਾਰੀ ਸਿੱਖਾਂ ਦੀਆਂ ਵੋਟਾਂ ਖ਼ਤਮ ਕਰਨ ਉਪਰੰਤ ਅਦਾਲਤੀ ਝਗੜਿਆਂ ਵਿਚ ਹਾਲੇ ਵੀ ਉਲਝੀਆਂ ਹੋਈਆਂ ਹਨ।