ਮੋਦੀ ਨੇ ਭਾਰਤ ਨੂੰ ਸਭ ਤੋਂ ਵੱਡੇ ਲੋਕਤੰਤਰ ਹੋਣ ਦੀ ਸਾਖ ਨੂੰ ਖੋਰਾ ਲਗਾਇਆ: ਕਮਲਦੀਪ ਸੈਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਮਰੀਕੀ ਥਿੰਕ ਟੈਂਕ ਫਰੀਡਮ ਹਾਊਸ ਦੀ ਤਾਜ਼ਾ ਰਿਪੋਰਟ ਜਿਸ ਵਿਚ ਕਿਹਾ ਗਿਆ ਹੈ...

Kamaldeep Singh

ਚੰਡੀਗੜ੍ਹ: ਅਮਰੀਕੀ ਥਿੰਕ ਟੈਂਕ ਫਰੀਡਮ ਹਾਊਸ ਦੀ ਤਾਜ਼ਾ ਰਿਪੋਰਟ ਜਿਸ ਵਿਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਹੁਣ ਸੰਪੂਰਨ ਲੋਕਤੰਤਰ ਨਹੀਂ ਬਲਕਿ "ਅੰਸ਼ਿਕ ਆਜ਼ਾਦੀ" ਹੀ ਹੈ, ਨੇ ਪੂਰੀ ਦੁਨੀਆ ਵਿੱਚ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੇ ਕੰਮਕਾਜ ਅਤੇ ਨੀਤੀਆਂ ਨੂੰ ਜੱਗ ਜ਼ਾਹਿਰ ਕਰ ਦਿੱਤਾ ਹੈ। ਤਾਜ਼ਾ ਰਿਪੋਰਟ ਵਿੱਚ ਭਾਰਤ ਨੂੰ 100 ਵਿੱਚੋਂ 67 ਅੰਕ ਹੀ ਮਿਲੇ ਹਨ ਅਤੇ ਉਸ ਨੂੰ ‘ਅੰਸ਼ਕ ਆਜ਼ਾਦ’ ਦੇਸ਼ ਦੇ ਰੂਪ ਵਿੱਚ ਦਰਜਾ ਦਿੱਤਾ ਗਿਆ ਹੈ। ਇਸ ਬਾਰੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਕਮਲਦੀਪ ਸੈਣੀ ਨੇ ਇਸ ਰਿਪੋਰਟ ਤੇ ਆਪਣਾ ਪ੍ਰਤੀਕਰਮ ਦਿੰਦਿਆਂ ਹੋਇਆ ਕਿਹਾ ਕਿ ਇਹ ਬੇਹੱਦ ਸ਼ਰਮਨਾਕ ਗੱਲ ਹੈ।

ਨਰਿੰਦਰ ਮੋਦੀ ਸਰਕਾਰ ਨੇ ਪੂਰੀ ਦੁਨੀਆਂ ਵਿੱਚ ਭਾਰਤ ਨੂੰ ਸਭ ਤੋਂ ਵੱਡੇ ਅਤੇ ਮਜਬੂਤ ਲੋਕਤੰਤਰ ਹੋਣ ਦੀ ਸਾਖ ਨੂੰ ਖੋਰਾ ਲਗਾਇਆ ਹੈ। ਉਨ੍ਹਾਂ ਦੱਸਿਆ ਕਿ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਰਿੰਦਰ ਮੋਦੀ ਦੇ ਸ਼ਾਸਨ ਕਾਲ ਵਿੱਚ ਭਾਰਤ ਹੁਣ ਅੰਸ਼ਿਕ ਰੂਪ ਵਿੱਚ ਹੀ ਆਜ਼ਾਦ ਹੈ ਅਤੇ ਲੋਕਤੰਤਰੀ ਦੇਸ਼ ਹੋਣ ਦੇ ਪਹਿਲੇ ਨੰਬਰ ਨੂੰ ਹੁਣ ਭਾਰਤ ਨੇ ਤਿਆਗ ਦਿੱਤਾ ਹੈ। 2014 ਤੋਂ ਬਾਅਦ ਹੀ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੇ ਹਨਨ,ਪੱਤਰਕਾਰਾਂ ਨੂੰ ਡਰਾਉਣ ਵਰਗੇ ਮਾਮਲੇ ਸ਼ੁਰੂ ਹੋ ਗਏ ਸਨ ਜੋ ਕਿ 2019 ਤੋਂ ਬਾਅਦ ਹੋਰ ਜ਼ਿਆਦਾ ਤੇਜੀ ਨਾਲ ਵਧੇ।

ਉਨ੍ਹਾਂ ਰਿਪੋਰਟ ਦੀਆਂ ਪ੍ਰਮੁੱਖ ਗੱਲਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਰਿਪੋਰਟ ਦੇ ਮੁਤਾਬਕ ਭਾਰਤੀ ਨਾਗਰਿਕਾਂ ਦੇ ਅਧਿਕਾਰ ਹੋਰ ਜ਼ਿਆਦਾ ਘਟੇ ਹਨ ਅਤੇ ਨਿਆਂਪਾਲਿਕਾ ਤੇ ਵੀ ਬਹੁਤ ਜ਼ਿਆਦਾ ਦਬਾਅ ਬਣਾਇਆ ਜਾ ਰਿਹਾ ਹੈ। ਇਸ ਸੂਚੀ ਨੂੰ ਹੇਠਾਂ ਲਿਆਉਣ ਨਾਲ ਭਾਰਤ ਦੇ ਵਿਸ਼ਵਵਿਆਪੀ ਮਿਆਰਾਂ ਉੱਤੇ ਵਿਨਾਸ਼ਕਾਰੀ ਪ੍ਰਭਾਵ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਫਰੀਡਮ ਹਾਊਸ ਨਾਮ ਦੀ ਇਹ ਐਨਜੀਓ ਦੁਨੀਆ ਭਰ ਦੇ ਦੇਸ਼ਾਂ ਵਿੱਚ ਆਜ਼ਾਦੀ ਦੇ ਪੱਧਰ ਦੀ ਜਾਂਚ ਕਰਦੀ ਹੈ ਅਤੇ ਫਿਰ ਉਨ੍ਹਾਂ ਨੂੰ ‘ਆਜ਼ਾਦ’,’ਅੰਸ਼ਕ ਆਜ਼ਾਦ’ ਅਤੇ ‘ਆਜ਼ਾਦ ਨਹੀਂ’ ਵਜੋਂ ਦਰਜਾ ਦਿੰਦੀ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਅਤੇ ਸੱਤਾਧਾਰੀ ਪਾਰਟੀ ਦੇਸ਼ ਨੂੰ ਤਾਨਾਸ਼ਾਹੀ ਵੱਲ ਵਧ ਰਹੀ ਹੈ। ਕਮਲਦੀਪ ਸੈਣੀ ਨੇ ਨਰਿੰਦਰ ਮੋਦੀ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਜਦੋਂ ਤੋਂ ਦੇਸ਼ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਨੇ ਸੱਤਾ ਦੀ ਕਮਾਨ ਸੰਭਾਲੀ ਹੈ ਉਦੋਂ ਦਾ ਦੇਸ਼ ਦਾ ਮਾਹੌਲ ਬਦ ਤੋਂ ਬਦਤਰ ਹੁੰਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਇਕ ਧਰਮ ਵਿਸ਼ੇਸ਼ ਦੇ ਖ਼ਿਲਾਫ਼ ਰੱਜ ਕੇ ਨਫ਼ਰਤ ਫੈਲਾਈ ਜਾ ਰਹੀ ਹੈ ਉੱਥੇ ਨਾਲ ਹੀ ਸਰਕਾਰ ਦੇ ਖ਼ਿਲਾਫ਼ ਆਵਾਜ਼ ਉਠਾਉਣ ਵਾਲਿਆਂ ਨੂੰ ਦੇਸ਼ ਧ੍ਰੋਹੀ ਜਾਂ ਗੱਦਾਰ ਕਹਿ ਕੇ ਬੁਲਾਇਆ ਜਾਣ ਲੱਗ ਪਿਆ ਹੈ ਜੋ ਕਿ ਬਹੁਤ ਮਾੜੀ ਰਵਾਇਤ ਹੈ।

ਪਿਛਲੀਆਂ ਕਾਂਗਰਸ ਸਰਕਾਰਾਂ ਦੇ ਸਮੇਂ ਕਦੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਹੋਈਆਂ ਸਨ। ਸੈਣੀ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਹੰਕਾਰ ਨੇ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਬਹੁਤ ਧੱਕਾ ਪਹੁੰਚਾਇਆ ਹੈ। ਲੰਮੀ ਅਜਾਦੀ ਦੀ ਲਡ਼ਾਈ ਤੋਂ ਬਾਅਦ ਜੋ ਲੋਕਤੰਤਰ ਦੇਸ਼ ਹੋਣ ਦਾ ਸਿਹਰਾ ਭਾਰਤ ਦੇ ਸਿਰ ਸਜਿਆ ਸੀ ਉਹ ਨਰਿੰਦਰ ਮੋਦੀ ਦੀਆਂ ਦਮਨਕਾਰੀ ਅਤੇ ਤਾਨਾਸ਼ਾਹੀ ਨੀਤੀਆਂ ਕਾਰਨ ਅੱਜ ਭਾਰਤ ਤੋਂ ਖੁਸਦਾ ਦਿਖਾਈ ਦੇ ਰਿਹਾ ਹੈ। ਕਿਸਾਨਾਂ ਦੇ ਮਾਮਲੇ ਤੇ ਜਿਸ ਤਰ੍ਹਾਂ ਮੋਦੀ ਸਰਕਾਰ ਦਾ ਰਵੱਈਆ ਰਿਹਾ ਹੈ ਉਸ ਨੇ ਰਹੀ ਸਹੀ ਕਸਰ ਵੀ ਪੂਰੀ ਕਰ ਦਿੱਤੀ ਹੈ।